(ਸ੍ਰੀ ਅਕਾਲ ਤਖ਼ਤ ਸਾਹਿਬ ਦੇ 7ਵੇਂ ਅਛਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਜਥੇਦਾਰ) (ਅਕਾਲੀ ਫੂਲਾ ਸਿੰਘ ਜੀ ਨੂੰ ਨਮਸਕਾਰਾਂ, ਸਿੱਖ ਕੌਂਮ ਦਾ ਸੀ ਜਥੇਦਾਰ ਸੂਰਾ। ਮਾਣ ਪੰਥ ਨੂੰ ਰਹੇਗਾ ਓਸ ਉਤੇ, ਕਥਨੀ ਕਰਨੀ ਦਾ ਜੋ ਸੀ ਸਿੱਖ ਪੂਰਾ) ਦਾਸ ਲੇਖਕ ਵਲੋਂ ਲਿਖੀਆਂ ਇਨ੍ਹਾਂ ਕਾਵਿ ਸਤਰਾਂ ‘ਤੇ ਪੂਰੇ ਉਤਰਣ ਵਾਲੇ ‘ਜਥੇਦਾਰ ਨਿਹੰਗ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ’ ਦੇ ਜੀਵਨ ਬਾਰੇ ਵੱਖ ਵੱਖ ਲਿਖਾਰੀਆਂ ਵਲੋਂ ਆਪਣੀ ਆਪਣੀ ਬੁੱਧੀ ਅਨੁਸਾਰ ਲਿਖਿਆ ਹੋਇਆ ਬਹੁਤ ਇਤਿਹਾਸ ਪ੍ਰਾਪਤ ਹੋ ਜਾਂਦਾ ਹੈ ਪਰ ਦਾਸ ਵਲੋਂ ਇਸ ਲੇਖ ਵਿਚ ਆਪ ਜੀ ਦੇ ਨਾਮ ਨਾਲ ਲੱਗੀਆਂ ਪੱਦਵੀਆਂ, ਲੱਕਬਾਂ (ਉਪਨਾਵਾਂ) ਭਾਵ ‘ਜਥੇਦਾਰ’ ‘ਨਿਹੰਗ’ ‘ਅਕਾਲੀ’ ‘ਬਾਬਾ’ ਅਤੇ ‘ਸ਼ਹੀਦ’ ਦੇ ਸਿਧਾਤਾਂ ‘ਤੇ ਪਹਿਰਾ ਦੇਣ ਵਾਲੇ ਸੰਤ-ਸਿਪਾਹੀ ਵਲੋਂ ਪੰਥ ਲਈ ਕੀਤੀਆਂ ਮਹਾਨ ਸੇਵਾਵਾਂ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਗਿਆ ਹੈ।
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਦੇ ਸਾਹਮਣੇ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਸਾਹਿਬ ਜੀ ਕੋਲੋਂ ਤਾਮੀਰ ਕਰਵਾਏ ‘ਅਕਾਲ ਬੁੰਗੇ’ (ਸ੍ਰੀ ਅਕਾਲ ਤਖਤ ਸਾਹਿਬ) ਦੇ 7ਵੇਂ ਅਤੇ ਪੰਥ ਬੁੱਢਾ ਦਲ ਦੇ 6ਵੇਂ ਜਥੇਦਾਰ ਨਿਹੰਗ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਜੀ ਦਾ ਸਿੱਖ ਪੰਥ ਵਿੱਚ ਬਹੁਤ ਉੱਚਾ ਰੁਤਬਾ ਰਿਹਾ ਹੈ। ਸਿੱਖ ਇਤਿਹਾਸ ਦੇ ਵਿਦਵਾਨ ਪੁਰਸ਼ ਆਪ ਜੀ ਨੂੰ ਫਖਰ-ਏ-ਕੌਮ, ਸ਼ਹੀਦ-ਏ-ਰਤਨ, ਸੂਰਬੀਰ ਸਿੰਘ ਬਹਾਦਰ, ਸਿੱਖ ਕੌਮ ਦਾ ਨਿਰਭੈ ਜੋਧਾ, ਪੰਥ ਹਿਤੈਸ਼ੀ, ਪੂਰਨ ਗੁਰਸਿੱਖ, ਸਿੱਖੀ ਸਿੱਦਕ ਵਾਲੇ, ਬੇਖੌਫ ਪੰਥਕ ਜਰਨੈਲ, ਅਕਾਲ ਪੁਰਖ ਦੀ ਅਪਾਰ ਕਿਰਪਾ ਵਾਲਾ ਅਣਖੀਲਾ ਬੀਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਥ ਬੁੱਢਾ ਦਲ ਦਾ ਮਹਾਨ ਜਥੇਦਾਰ ਆਦਿ ਦੇ ਵੱਖ ਵੱਖ ਵੱਡਮੁਲੇ ਲੱਕਬਾਂ ਨਾਲ ਯਾਦ ਕਰਦੇ ਹਨ (ਹਵਾਲਾ: 27/4/2021-ਈਮੇਲ ਪੱਤਰਕਾ-ਦਲਜੀਤ ਸਿੰਘ ਬੇਦੀ-ਸਾਬਕਾ ਸਕੱਤਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ) ( ਆਪ ਜੀ ਆਪਣੇ ਨਾਮ ਨਾਲ ਲੱਗੀਆਂ ਪੱਦਵੀਆਂ ‘ਜਥੇਦਾਰ’,— ‘ਨਿਹੰਗ’,— ‘ਅਕਾਲੀ’,— ‘ਬਾਬਾ’— ਅਤੇ ‘ਸ਼ਹੀਦ’—ਨੂੰ ਬਾਖੂਬੀ ਨਿਭਾਅ ਗਏ) :- ਮਾਪਿਆਂ ਵਲੋਂ ਰੱਖੇ ਗਏ ਨਾਮ ‘ਫੂਲਾ ਸਿੰਘ’ ਨੇ ਸਿੱਖ ਪੰਥ ਦੀ ਸੇਵਾ ਕਰਦਿਆਂ ਪੰਥ ਦੀਆਂ ਉੱਚੀਆਂ ਮਰਿਆਦਾਵਾਂ ਅਤੇ ਪਰੰਪਰਾਵਾਂ ‘ਤੇ ਖਰੇ ਉੱਤਰਣ ਲਈ ਆਪਣੀ ਸਾਰੀ ਉਮਰ ਸਿੱਖ ਪੰਥ ਦੇ ਲੇਖੇ ਲਾਉਣ ਕਰਕੇ ਸਿੱਖ ਪੰਥ ਨੇ ਆਪ ਜੀ ਨੂੰ ਕਈ ਉਪਾਧੀਆਂ ਅਤੇ ਉਪਨਾਵਾਂ ਨਾਲ ਨਿਵਾਜਿਆਂ ਸੀ, ਜੋ ਆਪ ਜੀ ਦੇ ਨਾਮ ਨਾਲ ਪੱਕੀਆਂ ਜੁੜ ਗਈਆਂ ਸਨ, ਤਦੇ ਆਪ ਜੀ ਨੂੰ ਸਿੱਖ ਸੰਗਤ ਅਤੇ ਸਿੱਖ ਪੰਥ ‘ਜਥੇਦਾਰ ਨਿਹੰਗ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ’ ਦੇ ਨਾਮ ਨਾਲ ਯਾਦ ਕਰਦਾ ਹੈ। ਸੋ ਆਪ ਜੀ ਦੇ ਸੱਚੇ ਸੁੱਚੇ ਗੁਣਾ ਭਰਪੂਰ ਜੀਵਨ ਬਾਰੇ ਜਾਨਣਾ ਹੋਵੇ ਤਾਂ ਆਪ ਜੀ ਦੇ ਨਾਮ ‘ਫੂਲਾ ਸਿੰਘ’ ਅਤੇ ਨਾਮ ਨਾਲ ਹੋਰ ਜੁੜੇ ਟਾਈਟਲਾਂ ‘ਜਥੇਦਾਰ’—-‘ਨਿਹੰਗ’——-‘ਅਕਾਲੀ’——-‘ਬਾਬਾ’ ਅਤੇ ‘ਸ਼ਹੀਦ’ ਦੇ ਡੂੰਘੇ ਸਿਧਾਂਤਾਂ ਦੇ ਅਰਥਾਂ ਨੂੰ ਧਿਆਨ ਨਾਲ ਵੀਚਾਰ ਲਿਆ ਜਾਵੇ ਤਾਂ ਇਸ ਮਹਾਨ ਪਰਉਪਕਾਰੀ ਦੀ ਸ਼ਖ਼ਸੀਅਤ ਨੂੰ ਬਾਰ ਬਾਰ ਨਮਸਕਾਰਾਂ ਕਰਨ ਨੂੰ ਚਿੱਤ ਕਰੇਗਾ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਜੇ ਨਿਆਰੇ ਖਾਲਸਾ ਪੰਥ ਦੀ ਮਰਿਆਦਾ ਨੂੰ ਭਉ-ਭਾਵਣੀ ਵਿੱਚ ਪਾਲਣ ਵਾਲੇ ਸਿੰਘ ਸਾਹਿਬ ਨਾਲ ਹੀ ਅਜਿਹੇ ਲੱਕਬ ਜਾਂ ਪੱਦਵੀਆਂ ਲੱਗਦੀਆਂ ਹਨ।
(1) ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੱਦਵੀ ਨੂੰ ਬੁਲੰਦੀਆਂ ‘ਤੇ ਲਿਜਾਣਾ: ਸਿੱਖ ਪੰਥ ਵਿਚ ‘ਜਥੇਦਾਰ’ ਸਬਦ ਕਿਸੇ ਮਾਮੁਲੀ ਇਨਸਾਨ ਨਾਲ ਨਹੀਂ ਲੱਗਦਾ, ਇਸ ਸ਼ਕਤੀ ਵਾਲੀ ਪੱਦਵੀ ਨੂੰ ਹਾਸਲ ਕਰਨ ਲਈ ਸਿੱਖ ਪੰਥ ‘ਚ ਬਹੁਤ ਹੀ ਭਗਤੀ ਅਤੇ ਨਿਸ਼ਕਾਮ ਸੇਵਾ ਕਰਨੀ ਪੈਂਦੀ ਹੈ। ਸ੍ਰੀਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਖੁੱਲੇ ਮੈਦਾਨੀ ਸਥਾਨ ‘ਤੇ ਸ੍ਰੀ ਅਕਾਲ ਤਖਤ ਦੀ ਸਥਾਪਨਾ ਕਰਕੇ ਸਭ ਤੋਂ ਪਹਿਲਾਂ ਤਖਤ ‘ਤੇ ਖੁਦ ਆਪ ਬਿਰਾਜਮਾਨ ਹੋ ਕੋ ਸਮੇਂ ਦੇ ਬਦਲੇ ਹਾਲਾਤਾਂ ਅਨੁਸਾਰ ਸਮੇਂ ਦੀਆਂ ਜਾਲਮ ਸਰਕਾਰਾਂ ਨੂੰ ਵੰਗਾਰਦੇ ਹੋਏ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸਨ। ਛੇਵੇਂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਪੀਰੀ (ਭਗਤੀ) ਸਿਧਾਂਤ ਦੇ ਨਾਲ ਨਾਲ ਲੋਕ ਭਲਾਈ ਅਤੇ ਜ਼ੁਲਮ ਕਰਨ ਵਾਲ਼ਿਆਂ ਨੂੰ ਸੋਧਣ ਲਈ ਮੀਰੀ (ਸ਼ਕਤੀ) ਦਾ ਸਿਧਾਂਤ ਵੀ ਲਾਗੂ ਕੀਤਾ, ਜਿਸ ਨਾਲ ਸਿੱਖ ਕੌਮ ਓਸ ਸਮੇਂ ਤੋਂ ਹੀ ਸਦਾ ਚੜਦੀ ਕਲਾ ਵਿਚ ਵਿਚਰਦੀ ਆ ਰਹੀ ਹੈ। ਛੇਵੇਂ ਪਾਤਸ਼ਾਹ ਜੀ ਨੇ ਹੀ ਭਾਈ ਗੁਰਦਾਸ ਸਾਹਿਬ ਜੀ ਨੂੰ ‘ਸ੍ਰੀ ਸਾਹਿਬ’ ਬਖ਼ਸ਼ ਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਪਹਿਲਾ ‘ਜਥੇਦਾਰ’ ਬਣਨ ਦਾ ਮਾਣ ਬਖ਼ਸ਼ਿਆ ਸੀ । ਇਸ ਤਰਾਂ ‘ਜਥੇਦਾਰ’ ਦੀ ਉੱਚੀ ਪਦਵੀ ਦੀ ਪਰੰਪਰਾ ‘ਚ ਸ੍ਰੀ ਅਕਾਲ ਤਖਤ ਦੇ ਦੂਸਰੇ ਜਥੇਦਾਰ ਦੀ ਸੇਵਾ ਬੰਦ ਬੰਦ ਕਟਵਾਕੇ ਸ਼ਹੀਦ ਪਾਉਣ ਵਾਲੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਪ੍ਰਾਪਤ ਹੋਈ ਸੀ। ਭਾਈ ਮਨੀ ਸਿੰਘ ਸਾਹਿਬ ਜੀ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨਿਹੰਗ ਸਿੰਘਾਂ ਕੋਲ ਰਿਹਾ । ਇਸ ਤਰਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਤੀਸਰੇ ਜਥੇਦਾਰ ਬਾਬਾ ਬਿਨੋਦ ਸਿੰਘ ਜੀ, ਚੌਥੇ ਜਥੇਦਾਰ ਬਾਬਾ ਦਰਬਾਰਾ ਸਿੰਘ ਜੀ, ਪੰਜਵੇਂ ਜਥੇਦਾਰ ਬਾਬਾ ਨਵਾਬ ਕਪੂਰ ਸਿੰਘ ਜੀ, ਛੇਵੇਂ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਅਤੇ ਸੱਤਵੇਂ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ ਥਾਪੇ ਗਏ ਸਨ ਪਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਥਾਪੇ ਗਏ ਜਥੇਦਾਰਾਂ ਵਿਚੋਂ ਆਪ ਜੀ ਛੇਵੇਂ ਜਥੇਦਾਰ ਸਨ। ਆਪ ਜੀ ਤੋਂ ਬਾਅਦ ਸ੍ਰੋ: ਕਮੇਟੀ ਦੇ ਹੋਂਦ ‘ਚ ਆਉਣ ਤਕ ਪੰਥ ਬੁੱਢਾ ਦਲ ਵਲੋਂ ਥਾਪੇ ਕਈ ਹੋਰ ਅਕਾਲੀ ਨਿਹੰਗ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਹਨ। ਸੋ ਅਕਾਲੀ ਫੂਲਾ ਸਿੰਘ ਜੀ ਨੂੰ ਇਕੋ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਜਥੇਦਾਰ ਹੋਣਾ ਕੌਮ ਦੀ ਸਭ ਤੋਂ ਉੱਚੀ ਅਤੇ ਸੁੱਚੀ ਪੱਦਵੀ ‘ਤੇ ਬਿਰਾਜਮਾਨ ਹੋਣ ਦਾ ਮਾਣ ਹਾਸਲ ਸੀ। ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਸਿਰਮੌਰ ਤਖਤ ਦੀ ‘ਜਥੇਦਾਰੀ’ ਨੂੰ ਬਾਖੂਬੀ ਨਿਭਾਇਆ ਸੀ । ਆਪ ਜੀ ਨੇ ਤਖਤ ਸਾਹਿਬ ਦੀ ਜਥੇਦਾਰੀ ਦੌਰਾਨ ਸਿੱਖ ਪੰਥ ਨੂੰ ਦਰਪੇਸ਼ ਮੁਸ਼ਕਲਾਂ ‘ਚੋਂ ਕੱਢ ਕੇ ਬੁਲੰਦੀਆਂ ਤਕ ਪਹੁੰਚਾਇਆ ਸੀ ਭਾਵ ਸਿੱਖ ਰਾਜ ਦਾ ਵਿਸਥਾਰ ਕਸ਼ਮੀਰ, ਬਹਾਵਲਪੁਰ, ਮੁਲਤਾਨ, ਫਰੰਟੀਅਰ, ਗੰਗਾ ਨਗਰ ਅਤੇ ਜਮਨਾ ਤੱਕ ਹੋ ਗਿਆ ਸੀ ।
(2) ਮਹਾਰਾਜਾ ਰਣਜੀਤ ਸਿੰਘ ਨੂੰ ਕੋਰੜੇ ਮਾਰਨ ਦਾ ਆਦੇਸ਼ ਦੇਣਾ ਅਕਾਲੀ ਜਥੇਦਾਰ ਜੀ ਦੀ ਨਿਡਰਤਾ ਦਾ ਸਿਖਰ ਸੀ: ਸ੍ਰੀ ਅਕਾਲ ਤਖਤ ਸਾਹਿਬ ਅੰਮਿ੍ਤਸਰ ਦੀ ਸਰਵਉੱਚਤਾ ਦੇ ਸਿਧਾਂਤ ਦੀ ਪਾਲਣਾ ਕਰਦੇ ਹੋਏ ਤਖਤ ਦੇ ਜਥੇਦਾਰ ਦੀ ਨਿਰਭਉ ਬਿਰਤੀ ਵਾਲੀ ਮਰਿਆਦਾ ਨੂੰ ਨਿਭਾਉਂਦੇ ਹੋਏ ਜਥੇਦਾਰ ਨਿਹੰਗ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਪੰਜਾਬ ਦੇ ਸਮਕਾਲੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਗੁਰ ਮਰਿਆਦਾ ਦੇ ਉਲਟ ਸ਼ਿਕਾਇਤ ਮਿਲਣ ‘ਤੇ ਤਖਤ ਦੇ ਜਥੇਦਾਰ ਦੀ ਹੈਸੀਅਤ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਇਮਲੀ ਦੇ ਦਰਖਤ ਨਾਲ ਬੰਨ ਕੇ ਕੋਰੜੇ ਮਾਰਨ ਦਾ ਇਤਿਹਾਸਕ ਫੈਸਲਾ ਕੀਤਾ ਜਿਸ ਨੂੰ ਮਹਾਰਾਜਾ ਵਲੋਂ ਸਵੀਕਾਰ ਕਰ ਲੈਣ ‘ਤੇ ਕੋਰੜੇ ਮਾਰਨ ਦੀ ਤਿਆਰੀ ਕੀਤੀ ਗਈ ਤਾਂ ਕੁੱਝ ਸਿਆਣੇ ਸਿੱਖ ਆਗੂਆਂ ਦੇ ਕਹਿਣ ‘ਤੇ ਕੋਰੜੇ ਨਾ ਮਾਰਨ ਦੇ ਵੀਚਾਰ ਨੂੰ ਜਥੇਦਾਰ ਜੀ ਵਲੋਂ ਮੰਨ ਲਿਆ ਗਿਆ ਭਾਵ ਮਹਾਰਾਜਾ ਜੀ ਵੱਲੋਂ ਸਜਾ ਨੂੰ ਨਿਮਰਤਾ ਨਾਲ ਕਬੂਲ ਕਰਕੇ ਮੁਸ਼ਕਾਂ ਬਣਾਅ ਲੈਣਾ ਹੀ ਕੋਰੜੇ ਵੱਜਣ ਦੇ ਬਰਾਬਰ ਹੀ ਸਮਝ ਲਿਆ ਗਿਆ ਸੀ। ਸੋ ਅਕਾਲੀ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਜਾ ਸੁਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ‘ਜਥੇਦਾਰ’ ਦੀ ਪੱਦਵੀ ਨੂੰ ਦੁਨੀਆਵੀ ਰਾਜਿਆਂ-ਮਹਾਂਰਾਜਿਆਂ ਤੋਂ ਸਰਵਉੱਚ ਸਥਾਨ ਦਿੱਤਾ ਸੀ।
(3) “ਨਿਹੰਗ” ਉਪਨਾਵ ‘ਤੇ ਪੂਰਾ ਉਤਰਨਾ: ਆਪ ਜੀ ਦੇ ਨਾਮ ਨਾਲ ਲੱਗੇ “ਨਿਹੰਗ” ਸਬਦ ਦਾ ਸਿੱਖ ਕੌਮ ਵਿੱਚ ਬਹੁਤ ਸਤਿਕਾਰ ਹੈ । ਨਿਹੰਗ ਅਕਸਰ ਨੀਲੇ ਬਸਤਰ ਪਹਿਨਦੇ, ਗਾਤਰੇ ਵੱਡੀਆਂ ਸ੍ਰੀ ਸਾਹਿਬਾਂ ਸਜਾਉਂਦੇ, ਵੱਡੇ ਵੱਡੇ ਗੋਲ ਉੱਚੇ ਦੁਮਾਲੇ ਵਾਲੇ ਦਸਤਾਰੇ ਸਜਾਉਦੇਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਨ ਤੋਂ ਇਲਾਵਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ, ਸ੍ਰੀ ਸਰਬ ਲੋਹ ਗ੍ਰੰਥ ਸਾਹਿਬ ਜੀ ਦੀਆਂ ਬਾਣੀ ਪੜਣ ਤੋਂ ਇਲਾਵਾ ‘ਅਕਾਲ-ਅਕਾਲ’ ਜਪਦੇ ਅਤੇ ਅਕਾਲ ਦੇ ਜੈਕਾਰੇ ਲਾਉਂਦੇ ਰਹਿੰਦੇ ਹਨ। ਨਿਹੰਗ ਸਿੰਘਾਂ ਨੂੰ ਦਸ਼ਮੇਸ਼ ਦੀਆਂ ਲਾਡਲੀਆਂ ਫੌਜਾਂ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ। “ਨਿਹੰਗ” ਸਬਦ ਦੇ ਅਰਥ ਦਾ ਖੁਲਾਸਾ ਕਰਦੇ ਹੋਏ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਬਾਣੀ ਵਿਚ ਫੁਰਮਾਉਂਦੇ ਹਨ ਕਿ ‘ਜੋ ਪ੍ਰਾਣੀ ਮੌਤ ਤੋਂ ਨਿਡਰ ਅਤੇ ਨਿਧੱੜਕ ਹੋ ਜਾਵੇ ਓਸ ਨੂੰ ਨਿਹੰਗ ਦੀ ਸੰਗਿਆ ਦਿੱਤੀ ਜਾਂਦੀ ਹੈ’। ਗੁਰੂ ਜੀ ਵਲੋਂ ਰਾਗ ਆਸਾ ਵਿਚ ਰਚੇ ਸ਼ਬਦ ਦੀ ਇਕ ਪੰਗਤੀ ਵਿਚ ਨਿਹੰਗ ਬਾਰੇ ਇਸ ਤਰਾਂ ਜ਼ਿਕਰ ਮਿਲਦਾ ਹੈ “ਨਿਰਭਉ ਹੋਇਓ ਭਇਆ ਨਿਹੰਗਾ”-(ਆਸਾ ਮਹਲਾ ੫ ।। ਅੰਗ ੩੯੨)। “ਨਿਹੰਗ” ਸਬਦ ਬਾਰੇ ਸ੍ਰੀ ਦਸਮ ਗ੍ਰੰਥ ਸਾਹਿਬ, ਸੂਰਜ ਪ੍ਰਕਾਸ਼ ਗ੍ਰੰਥ ਤੋਂ ਇਲਾਵਾ ਹੋਰ ਕਈ ਗ੍ਰੰਥਾਂ ਵਿਚ ਬੜੇ ਹੀ ਵਿਸਥਾਰ ਵਿਚ ਜਾਣਕਾਰੀ ਮਿਲ ਜਾਂਦੀ ਹੈ ਕਿ ਸਿੱਖ ਪੰਥ ‘ਚ “ਨਿਹੰਗ ਸਿੰਘ” ਦੀ ਪੱਦਵੀ ਬਹੁਤ ਉੱਚ ਦਰਜੇ ਦੀ ਮੰਨੀ ਜਾਂਦੀ ਹੈ। ਅਕਾਲੀ ਫੂਲਾ ਸਿੰਘ ਜੀ ਨੇ ਆਪਣੇ ਨਾਮ ਨਾਲ ਲੱਗਦੀ “ਨਿਹੰਗ” ਪੱਦਵੀ ਨੂੰ ਪੂਰੀ ਸ਼ਿੱਦਤ ਨਾਲ ਨਾਲ ਨਿਭਾਉਂਦੇ ਹੋਏ ਗੁਰੂ ਜੀ ਦੀ ਲਾਡਲੀ ਫੌਜ ਅਖਵਾਉਣ ਦਾ ਮਾਣ ਪ੍ਰਾਪਤ ਕੀਤਾ।
(4) “ਅਕਾਲੀ” ਸਬਦ ਦੇ ਗੁਣਾ ਦਾ ਸੱਚਮੁੱਚ ਧਾਰਨੀ ਸੀ ਜਥੇਦਾਰ ਸਾਹਿਬ: ਆਪ ਜੀ ਆਪਣੇ ਨਾਮ ਨਾਲ ਲੱਗਦੇ “ਅਕਾਲੀ” ਪੱਦ ਦੇ ਗੁਣਾ ਅਤੇ ਵਡਿਆਈਆਂ ਨਾਲ ਓਤ-ਪ੍ਰੋਤ ਗੁਰਸਿੱਖ ਖਾਲਸੇ ਸਨ। ਆਪ ਜੀ ਨੇ ਸਾਰੀ ਉਮਰ ਖਾਲਸਾ ਪੰਥ ਦੇ ਨਿਆਰੇ ਸਿਧਾਂਤਾਂ “ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ ਅਤੇ ਦੀਦਾਰ ਖਾਲਸੇ ਦਾ” ‘ਤੇ ਮਜਬੂਤੀ ਅਤੇ ਨਿਡਰਤਾ ਨਾਲ ਪਹਿਰਾ ਦਿੱਤਾ। ਸਿਰਫ ਤੇ ਸਿਰਫ ਇਕ ਅਕਾਲ ਪੁਰਖ ‘ਤੇ ਪੂਰਨ ਵਿਸ਼ਵਾਸ ਕਰਨ ਅਤੇ ਓਸ ਨੂੰ ਹੀ ਸਰਬ ਸ਼ਕਤੀਮਾਨ ਮੰਨਣ ਵਾਲੀ ਮਹਾਨ ਆਤਮਾ ਨੂੰ ਸਾਰਾ ਸਿੱਖ ਪੰਥ “ਅਕਾਲੀ” ਦੇ ਨਾਮ ਨਾਲ ਜਾਣਦਾ ਸੀ। “ਅਕਾਲੀ” ਸਬਦ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਦੇ ਪੰਨਾ 36 ‘ਤੇ ਇਸ ਤਰਾਂ ਜ਼ਿਕਰ ਕੀਤਾ ਹੈ ਕਿ ‘ਅਕਾਲੀ ਓਸ ਨੂੰ ਆਖਦੇ ਹਨ ਜਿਸ ਦਾ ਸੰਬੰਧ ਅਕਾਲ ਪੁਰਖ ਨਾਲ ਹੋਵੇ, ਜਾਂ ਜੋ ਵਾਹਿਗੁਰੂ ਜੀ ਕਾ ਖਾਲਸਾ ਅਤੇ ਅਕਾਲ ਦਾ ਉਪਾਸ਼ਕ ਹੋਵੇ’। “ਅਕਾਲੀ” ਅਖਵਾਉਣ ਵਾਲੇ ਪੁਰਸ਼ ਵਿਚ ਇਸ ਕਵਿਤਾ ਦੇ ਬੰਦ ਵਾਲੇ ਗੁਣ ਹੋਣੇ ਚਾਹੀਦੇ ਹਨ (“ਕਮਲ ਜਯੋਂ ਮਾਯਾ ਜਲ ਵਿੱਚ ਹੈ ਅਲੇਪ ਸਦਾ, ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ। ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ, ਭਾਣੇ ਵਿੱਚ ਵਿਪਦਾ ਨੂੰ ਮੰਨੇ ਖ਼ੁਸ਼ਹਾਲੀ ਹੈ। ਸਵਾਰਥ ਤੋਂ ਬਿਨਾ ਗੁਰਦਵਾਰਿਆਂ ਦਾ ਚੌਂਕੀਦਾਰ, ਧਰਮ ਦੇ ਜੰਗ ਲਈ ਚੜੇ ਮੁਖ ਲਾਲੀ ਹੈ। ਪੂਜੇ ਨਾ ਅਕਾਲ ਬਿਨਾ ਹੋਰ ਕੋਈ ਦੇਵੀ ਦੇਵ, ਸਿੱਖ ਦਸ਼ਮੇਸ਼ ਦਾ ਸੋ ਕਹੀਏ ‘ਅਕਾਲੀ’ ਹੈ।”) ਇਸ ਕਵਿਤਾ ਦੇ ਬੰਦ ਵਿਚ ਲਿਖੇ ਹੋਏ ਗੁਣਾ ਦੇ ਮਾਲਕ ਸਨ “ਅਕਾਲੀ” ਅਖਵਾਉਣ ਵਾਲੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ।
ਆਪ ਜੀ ਦੇ ਜੀਵਨ, ਪੰਥਕ ਕਾਰਜਾਂ, ਜੰਗਾਂ ਦੇ ਜੇਤੂ ਅਤੇ ਸ਼ਹੀਦੀ ਬਾਰੇ:
(ੳ) ਪਾਲਣ ਪੋਸ਼ਣ – ਆਪ ਜੀ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਾਂਗਰ ਦੇਹਲਾ ਸੀਹਾਂ ਵਿਖੇ ਮਾਤਾ ਹਰਿ ਕੌਰ ਦੀ ਕੁਖੋਂ ਅਤੇ ਸਰਦਾਰ ਈਸ਼ਰ ਸਿੰਘ ਦੇ ਗ੍ਰਹਿ ਵਿਖੇ 14 ਜਨਵਰੀ 1761 ਈ: ਨੂੰ ਹੋਇਆ ਸੀ। ਸਰਦਾਰ ਈਸ਼ਰ ਸਿੰਘ ਜੀ ਨਿਸ਼ਾਨ ਵਾਲੀਆ ਮਿਸਲ ਦੇ ਸਰਦਾਰਾਂ ਦੇ ਪਰਿਵਾਰ ਵਿੱਚੋਂ ਸਨ ਜੋ 1762 ਈ: ਵਿੱਚ ਅਬਦੀਲੀ ਦੇ ਹੱਮਲੇ ‘ਚ ਸਖਤ ਫਟੜ ਹੋਣ ਕਾਰਣ ਛੇਤੀ ਅਕਾਲ ਚਲਾਣਾ ਕਰ ਗਏ ਸਨ। ਸਰੀਰ ਛੱਡਣ ਤੋਂ ਪਹਿਲਾਂ ਇਕ ਸਾਲ ਦੀ ਉਮਰ ਦੇ ਬਾਲਕ ਫੂਲਾ ਸਿੰਘ ਦੇ ਪਾਲਣ ਪੋਸ਼ਣ ਦੀ ਸੇਵਾ ਆਪਣੇ ਨਜਦੀਕੀ ਮਿੱਤਰ ਨੂੰ ਸੌਂਪ ਗਏ ਸਨ ਜਿਨਾਂ ਨੇ ਆਪ ਜੀ ਨੂੰ ਧਾਰਮਿਕ ਵਿੱਦਿਆ ਤੋਂ ਇਲਾਵਾ ਹਰ ਤਰਾਂ ਦੀ ਸ਼ਸਤਰ ਵਿੱਦਿਆ ਅਤੇ ਘੋੜ ਸਵਾਰੀ ਵਿੱਚ ਮੁਹਾਰਤ ਹਾਸਲ ਕਰਵਾਈ। ਸ਼ਹੀਦਾਂ ਦੀ ਮਿਸਲ ਦੇ ਨਿਹੰਗ ਸਿੰਘ ਸ਼੍ਰੋਮਣੀ ਪੰਥ ਬੁੱਢਾ ਦਲ ਦੇ ਪੰਜਵੇਂ ਜਥੇਦਾਰ ਬਾਬਾ ਨੈਣਾ ਸਿੰਘ (ਬਾਬਾ ਨਰੈਣ ਸਿੰਘ) ਦੇ ਜਥੇ ਪਾਸੋਂ ਅੰਮਿ੍ਤ ਦੀ ਦਾਤ ਪ੍ਰਾਪਤ ਕਰਕੇ ਆਪ ਜੀ ਨੇ ਪੰਥ ਦੇ ਕਾਰਜਾਂ ਨੂੰ ਨਿਭਾਉਣ ਲਈ ਕਮਰ ਕੱਸਾ ਕਰਕੇ ਸਦਾ ਤਿਆਰ ਬਰ ਤਿਆਰ ਰਹਿਣ ਦੀ ਬਸ਼ਸਿਸ਼ ‘ਤੇ ਪਹਿਰਾ ਦੇਣ ਦਾ ਪ੍ਰਣ ਕਰ ਲਿਆ ਸੀ। ਅੰਮਿ੍ਤ ਛੱਕਣ ਤੋਂ ਬਾਅਦ ਆਪ ਜੀ ਕਾਫ਼ੀ ਸਮਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਥੇਦਾਰ ਬਾਬਾ ਨੈਣਾ ਸਿੰਘ ਜੀ ਦੀ ਸੇਵਾ ਵਿੱਚ ਰਹਿ ਕੇ ਭਵਿੱਖ ‘ਚ ਪੰਥ ਦੀਆਂ ਸੇਵਾਵਾਂ ਕਰਨ ਦੀਆਂ ਯੁਕਤਾਂ ਸਿੱਖਦੇ ਰਹੇ । ਜਥੇਦਾਰ ਬਾਬਾ ਨੈਣਾ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਆਪ ਜੀ ਨੂੰ ਪੰਥ ਬੁੱਢੇ ਦਲ ਦਾ ਜਥੇਦਾਰ ਥਾਪਿਆ ਗਿਆ। ਸੰਨ 1800 ਈ: ਵਿੱਚ ਆਪ ਜੀ ਨੇ ਜਥੇ ਸਮੇਤ ਸ੍ਰੀ ਅੰਮਿ੍ਤਸਰ ਨੂੰ ਮੁੱਖ ਮੁਕਾਮ ਬਣਾਕੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਇਤਿਹਾਸਕ ਗੁ: ਸਾਹਿਬਾਨ ਤੋਂ ਮਹੰਤਾਂ ਦੁਆਰਾ ਚਲਾਈਆਂ ਜਾਂਦੀਆਂ ਬ੍ਰਾਹਮਣੀ ਰਹੁ-ਰੀਤਾਂ ਨੂੰ ਬੰਦ ਕਰਵਾ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਦੀ ਕਾਰ ਸੇਵਾ ਕਰਵਾਈ। ਜਿਸ ਸਥਾਨ ‘ਤੇ ਆਪ ਜੀ ਆਪਣੇ ਜੱਥੇ ਦਾ ਹੈਡ ਕੁਆਟਰ ਬਣਾਇਆ ਸੀ ਓਸ ਅਸਥਾਨ ਨੂੰ ਅਕਾਲੀਆਂ ਦੀ ਛਾਵਣੀ ਜਾਂ ਨਿਹੰਗਾਂ ਦੀ ਛੌਣੀ ਕਰਕੇ ਵੀ ਪ੍ਰਸਿੱਧੀ ਮਿਲੀ, ਜਿੱਥੇ ਜਥੇਦਾਰ ਨਿਹੰਗ ਅਕਾਲੀ ਬਾਬਾ ਫੂਲਾ ਸਿੰਘ ਜੀ 1200 ਘੋੜ ਸਵਾਰਾਂ ਅਤੇ 1800 ਪੈਦਲ ਨਿਹੰਗ ਸਿੰਘ ਫੌਂਜਾਂ ਨਾਲ ਨਿਵਾਸ ਰੱਖਦੇ ਸਨ। ਯਾਦ ਰਹੇ ਕਿ ਇਹ ਓਹ ਇਤਿਹਾਸਕ ਅਸਥਾਨ ਹੈ ਜਿੱਥੇ ਛੇਵੇਂ ਪਾਤਸ਼ਾਹ ਜੀ ਨੇ ਮੱਲ ਅਖਾੜਾ ਬਣਾਇਆ ਹੋਇਆ ਸੀ। ਇਸੇ ਹੀ ਅਸਥਾਨ ‘ਤੇ ਬੁੱਢਾ ਦਲ ਪੰਥ ਨੇ 1947 ਤੋਂ ਬਾਅਦ ਜਥੇਦਾਰ ਅਕਾਲੀ ਜੀ ਦੀਆਂ ਸਿੱਖ ਪੰਥ ਲਈ ਕੀਤੀਆਂ ਕੁਰਬਾਨੀਆਂ ਸਦਕਾ ਆਪ ਜੀ ਦੇ ਨਾਮ ‘ਤੇ ਕਈ ਮੰਜਲਾ ਉੱਚਾ ਅਸਥਾਨ ‘ਬੁਰਜ ਅਕਾਲੀ ਫੂਲਾ ਸਿੰਘ ਜੀ’ ਬਣਾਇਆ ਹੈ। ਅੰਮ੍ਰਿਤਸਰ ਵਿਖੇ ਹੀ ਗੁ: ਬਿਬੇਕਸਰ ਸਾਹਿਬ ਸਰੋਵਰ ਦੇ ਕੰਢੇ ਦੇ ਨਾਲ ਆਪ ਜੀ ਦਾ ਇਕ ਹੋਰ ਯਾਦਗਾਰੀ ਅਸਥਾਨ ਹੈ ਜਿਥੇ ਆਪ ਜੀ ਆਪਣੇ ਉਸਤਾਦ ਜਥੇਦਾਰ ਬਾਬਾ ਨੈਣਾ ਸਿੰਘ ਜੀ ਕੋਲੋਂ ਸ਼ਸਤਰ ਵਿੱਦਿਆ ਦੀ ਸਿਖਲਾਈ ਲਿਆ ਕਰਦੇ ਸਨ।
(ਅ) ਮਹਾਰਾਜਾ ਰਣਜੀਤ ਸਿੰਘ ਦਾ ਮਦਦਗਾਰ: ਅਕਾਲੀ ਫੂਲਾ ਸਿੰਘ ਜੀ ਇਕ ਆਜ਼ਾਦ ਹੱਸਤੀ ਦੇ ਤੌਰ ਤੇ ਆਪਣੇ ਸਿਰਲੱਥ ਅਕਾਲੀ ਜਥੇ ਨਾਲ ਵਿਚਰਦੇ ਸਨ। ਆਪ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਨੂੰ ਸਥਾਪਤ ਕਰਨ ਵਿਚ ਅਹਿਮ ਯੋਗਦਾਨ ਪਾਇਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੀ ਚੜ੍ਹਦੀ ਕਲਾ ਲਈ ਆਪ ਜੀ ਨੇ ਕਈ ਔਖੀਆਂ ਮੁਹਿੰਮਾਂ ‘ਤੇ ਆਪਣਾ ਲਹੂ ਪਸੀਨਾ ਡੋਲ੍ਹਿਆ । ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੇ ਦਰਬਾਰ ਵਿੱਚ ਡੋਗਰਿਆਂ ਨੂੰ ਦਿੱਤੇ ਉੱਚੇ ਅਹੁਦਿਆਂ ਕਾਰਨ ਆਪ ਜੀ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਕਈ ਵਾਰ ਖੜ੍ਹਕ ਵੀ ਪੈਂਦੀ ਸੀ।
(ੲ) ਮੁਲਤਾਨ ਦੀ ਜੰਗ ਜਿਤਣਾ: ਮੁਲਤਾਨ ਦੇ ਕਿਲੇ ਨੂੰ ਫਤਿਹ ਕਰਨ ਵਾਸਤੇ ਅਕਾਲੀ ਫੂਲਾ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਨੂੰ ਪੂਰਨ ਸਹਿਯੋਗ ਦਿੰਦੇ ਹੋਏ ਅਕਾਲੀ ਜਥੇ ਸਮੇਤ ਖ਼ੁਦ ਮੁਲਤਾਨ ਦੇ ਮੈਦਾਨੇ ਜੰਗ ਵਿੱਚ ਗਏ ਸਨ। ਅਕਾਲੀ ਜੀ ਦੀ ਅਗਵਾਈ ਵਿੱਚ ਅਕਾਲੀ ਜਥੇ ਦੇ ਸਿੰਘਾਂ ਨੇ ਜ਼ਮਜ਼ਮਾ ਤੋਪ ਦਾ ਇਸਤੇਮਾਲ ਕਰਦੇ ਹੋਏ ਮੁਸ਼ਕਲ ਨਾਲ ਮੁਲਤਾਨ ਦੇ ਕਿਲ੍ਹੇ ਨੂੰ ਫਤਿਹ ਕੀਤਾ। ਯਾਦ ਰਹੇ ਕਿ ਜ਼ਮਜ਼ਮਾ ਤੋਪ ਦਾ ਪਹੀਆ ਟੁੱਟ ਜਾਣ ਕਰਕੇ ਗੋਲਾ ਦਾਗ਼ਣ ਵੇਲੇ ਮੋਢਾ ਦੇਣ ਕਰਕੇ ਇਕ ਸਿੰਘ ਦੀ ਸ਼ਹੀਦੀ ਹੁੰਦੀ ਸੀ। ਅਕਾਲੀ ਜੀ ਦੇ ਜਥੇ ਦੇ ਸਿੰਘਾਂ ਨੇ ਹੱਸ ਹੱਸ ਤੋਪ ਨੂੰ ਚਲਾਉਣ ਲਈ ਸ਼ਹੀਦੀਆਂ ਦਿਤੀਆਂ ਸਨ। ਮੁਲਤਾਨ ਦੀ ਜੰਗ ਜਿੱਤਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਜੀ ਨੂੰ “ਖ਼ਾਲਸਾ ਰਾਜ ਦਾ ਰਾਖਾ” ਦੇ ਖ਼ਿਤਾਬ ਨਾਲ ਨਿਵਾਜਿਆ ਸੀ। (ਸ) ਨੌਸਿਹਰੇ ਹੋਈ ਜੰਗ ਦੀ ਜਿੱਤ ਅਤੇ ਅਕਾਲੀ ਜੀ ਦੀ ਸ਼ਹੀਦੀ: ਨੌਸ਼ਹਿਰੇ ਦੀ ਜੰਗ ਵਿੱਚ ਹਿੱਸਾ ਲੈਂਦਿਆਂ ਅਕਾਲੀ ਫੂਲਾ ਸਿੰਘ ਜੀ ਨੇ ਅਰਦਾਸ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਦੀ ਕੋਈ ਪਰਵਾਹ ਨਾ ਕੀਤੀ ਅਤੇ ਸੋਧੇ ਹੋਏ ਅਰਦਾਸੇ ਕਰਕੇ ਪਠਾਣੀ ਲਸ਼ਕਰ ਤੇ ਬਹੁਤ ਹੀ ਸੀਮਤ ਅਕਾਲੀ ਜਥੇ ਦੇ ਸੂਰਬੀਰ ਯੋਧਿਆਂ ਨਾਲ ਧਾਵਾ ਬੋਲ ਦਿੱਤਾ। ਹੱਥੋਪਾਈ ਦੀ ਲੜਾਈ ਦੇ ਮਾਹਿਰ ਅਕਾਲੀ ਜਥੇ ਦੇ ਜਾਂਬਾਜ਼ ਸੂਰਮਿਆਂ ਨੇ ਨੌਸ਼ਿਹਰੇ ਦੇ ਪਹਾੜਾਂ ਵਿਚ ਪਠਾਣਾਂ ਦੀ ਵੱਡੀ ਫ਼ੌਜ ਅਤੇ ਜਰਨੈਲਾਂ ਨੂੰ ਆਪਣੀਆਂ ਤਲਵਾਰਾਂ ਅਤੇ ਨੇਜ਼ਿਆਂ ਦੀ ਯੁੱਧ ਨੀਤੀ ਨਾਲ ਭਾਰੀ ਸ਼ਿਕਸਤ ਦਿੱਤੀ। ਸਿੰਘਾਂ ਵਲੋਂ ਨੌਸ਼ਹਿਰੇ ਦੀ ਜੰਗ ਸ਼ਾਨ ਨਾਲ ਜਿੱਤ ਲਈ ਗਈ ਪਰ 14 ਮਾਰਚ 1822 ਈ: ਦੇ ਦਿਹਾੜੇ ਅਕਾਲੀ ਜਥੇ ਦੇ ਕਈ ਮਹਾਨ ਸੂਰਮਿਆਂ ਦੀਆਂ ਸ਼ਹੀਦੀਆਂ ਦੇ ਨਾਲ ਨਾਲ ਸਿੱਖ ਕੌਮ ਦਾ ਵੱਡਮੁੱਲਾ ਅਤੇ ਨਿਰਭਉ ਬਿਰਤੀ ਵਾਲਾ ਅਣਖੀ ਜਰਨੈਲ ਅਕਾਲੀ ਫੂਲਾ ਸਿੰਘ ਜੀ ਵੀ ਗੋਲੀ ਲੱਗਣ ਕਰਕੇ ਸ਼ਹੀਦੀ ਪਾ ਗਿਆ। ਨੌਸ਼ਹਿਰੇ ਦੀ ਜੰਗ ਵਿਚ ਅਕਾਲੀ ਫੂਲਾ ਸਿੰਘ ਜੀ ਨੇ ਜੋ ਬਹਾਦਰੀ ਦਿਖਾਈ ਉਸ ਦਾ ਬਿਆਨ ਅੰਗਰੇਜ਼ ਲਿਖਾਰੀ ‘ਹਮਾਇਤ’ ਆਪਣੀ ਲਿਖਤ ‘ਚ ਇਸ ਤਰ੍ਹਾਂ ਕਰਦਾ ਹੈ:- (“ਨੌਸ਼ਹਿਰੇ ਦੀ ਲੜਾਈ ਜਿੱਤਣ ਦੀ ਕੋਈ ਆਸ ਨਹੀਂ ਸੀ ਪਰ ਇਹ ਲੜਾਈ ਅਕਾਲੀ ਫੂਲਾ ਸਿੰਘ ਦੀ ਬਹਾਦਰੀ ਅਤੇ ਉਸ ਦੇ ਸਾਥੀਆਂ ਦੀ ਸਹਾਇਤਾ ਕਾਰਨ ਹੀ ਜਿੱਤੀ ਗਈ ਸੀ”)। ਪੰਜਾਬੀ ਦੇ ਮਹਾਨ ਲਿਖਾਰੀ ਪ੍ਰੀਤਮ ਸਿੰਘ ‘ਕਾਸਦ’ ਨੇ ਵੀ ਅਕਾਲੀ ਫੂਲਾ ਸਿੰਘ ਜੀ ਦੀ ‘ਨੌਸ਼ਹਿਰੇ ਦੀ ਜੰਗ’ ਵਿੱਚ ਹੋਈ ਸ਼ਹੀਦੀ ਨੂੰ ਆਪਣੀ ਕਾਵਿ ਰਚਨਾ ਵਾਰ ‘ਚ ਇਸ ਤਰ੍ਹਾਂ ਲਿਖਿਆ ਹੈ :- ( ਰਣਜੀਤ ਨਗਾਰਾ ਵੱਜਿਆ ਸੂਹੀਆਂ ਤਲਵਾਰਾਂ। ਘਰ ਮੁੜੀਆਂ ਹੋਲੀ ਖੇਡਕੇ ਇਹ ਜੰਮਦੀਆਂ ਨਾਰਾ। ਪਏ ਝੰਡੇ ਝੂਲਣ ਖ਼ਾਲਸਾਈ ਜਿੱਤੀਆਂ ਸਰਕਾਰਾਂ। ਪਰ ਸ਼ੇਰ ਨੌਸ਼ਹਿਰੇ ਸੌਂ ਗਿਆ ਜਿਹਦੇ ਲਹੂ ਦੀਆਂ ਧਾਰਾਂ । ਮੁੜ ਆਪਣੇ ਦੇਸ਼ ਪੰਜਾਬ ਤੇ ਲੈ ਆਇਆ ਬਹਾਰਾਂ। ਜੋ ਆਖੇ ਮੈਂ ਅਰਦਾਸ ਤੋਂ ਲੱਖ ਜਿੰਦੜੀ ਵਾਰਾਂ। ਹੈ ‘ਕਾਸਦ’ ਮਾਣ ਪੰਜਾਬ ਨੂੰ ਜਿੱਥੇ ਪੁੱਤ ਹਜ਼ਾਰਾਂ। ਹੋਏ ਵਤਨ ਤੋਂ ਸਦਕੜੇ ਚੁੰਮ ਚੁੰਮ ਕੇ ਦਾਰਾਂ। ਅੱਜ ਦੁਨੀਆਂ ਗਾਉਂਦੀ ਜਿਨ੍ਹਾਂ ਦੀਆਂ ਅਣਖੀਲੀਆਂ ਵਾਰਾ) ਸਿੱਖ ਪੰਥ ਦੇ ਮਹਾਨ ਅਤੇ ਪਰਉਪਕਾਰੀ ਨਿਸ਼ਕਾਮ ਜਥੇਦਾਰ ਦਾ ਅੰਮ੍ਰਿਤਸਰ ਵਿਖੇ 14 ਮਾਰਚ 2023 ਈ: ਨੂੰ 200 ਸਾਲਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਅਕਾਲੀ ਬੁੱਢਾ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ।
Columns (200 ਸਾਲਾ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼): ਜਥੇਦਾਰ ਨਿਹੰਗ ਅਕਾਲੀ ਬਾਬਾ ਫੂਲਾ ਸਿੰਘ...