ਮਨੀਪੁਰ ਨੂੰ ਮੱਲ੍ਹਮ ਦੀ ਲੋੜ ਤੇ ਅਮਨ-ਸ਼ਾਂਤੀ ਸਾਡੀ ਤਰਜੀਹ ਹੋਣੀ ਚਾਹੀਦੀ – ਰਾਹੁਲ ਗਾਂਧੀ

ਇੰਫਾਲ, 29 ਜੂਨ – ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਨੀਪੁਰ ਦੀ ਆਪਣੀ ਫੇਰੀ ਦੌਰਾਨ ਕਿਹਾ ਕਿ ਨਸਲੀ ਹਿੰਸਾ ਦੇ ਝੰਬੇ ਸੂਬੇ ਨੂੰ ਮੱਲ੍ਹਮ ਦੀ ਲੋੜ ਹੈ ਤੇ ਅਮਨ-ਸ਼ਾਂਤੀ ਸਾਡੀ ਇਕੋ ਇਕ ਤਰਜੀਹ ਹੋਣੀ ਚਾਹੀਦੀ ਹੈ। ਉਂਜ ਰਾਹੁਲ ਦੀ ਫੇਰੀ ਦੌਰਾਨ ਮਨੀਪੁਰ ਵਿੱਚ ਵੱਡਾ ਡਰਾਮਾ ਦੇਖਣ ਨੂੰ ਮਿਲਿਆ।
ਚੂਰਾਚਾਂਦਪੁਰ ਵਿਚਲੇ ਰਾਹਤ ਕੈਂਪਾਂ ਲਈ ਨਿਕਲੇ ਰਾਹੁਲ ਦੇ ਕਾਫ਼ਲੇ ਨੂੰ ਪੁਲੀਸ ਨੇ ਅੱਧ ਵਿਚਾਲੇ ਰੋਕ ਲਿਆ। ਰਾਹੁਲ ਗਾਂਧੀ ਮਗਰੋਂ ਹੈਲੀਕਾਪਟਰ ਰਾਹੀਂ ਰਾਹਤ ਕੈਂਪ ਵਿੱਚ ਪੁੱਜੇ, ਜਿੱਥੇ ਉਨ੍ਹਾਂ ਘਰੋਂ ਬੇਘਰ ਹੋਏ ਲੋਕਾਂ ਨਾਲ ਗੱਲਬਾਤ ਕੀਤੀ। ਉਂਜ ਰਾਹੁਲ ਗਾਂਧੀ ਨੂੰ ਅੱਧ ਵਿਚਾਲੇ ਰੋਕਣ ਕਰਕੇ ਕਾਂਗਰਸ ਤੇ ਭਾਜਪਾ ਆਗੂ ਸਿਆਸੀ ਤੌਰ ’ਤੇ ਮਿਹਣੋ ਮਿਹਣੀ ਹੁੰਦੇ ਰਹੇ। ਕਾਂਗਰਸ ਨੇ ਦੋਸ਼ ਲਾਇਆ ਕਿ ਕੇਂਦਰ ਤੇ ਸੂਬੇ ਦੀਆਂ ਭਾਜਪਾ ਸਰਕਾਰਾਂ ਰਾਹੁਲ ਗਾਂਧੀ ਦੀ ਫੇਰੀ ਵਿੱਚ ਅੜਿੱਕੇ ਡਾਹੁਣ ਲਈ ‘ਤਾਨਾਸ਼ਾਹੀ ਤੌਰ ਤਰੀਕੇ’ ਅਪਣਾ ਰਹੀਆਂ ਹਨ।
ਰਾਹੁਲ ਗਾਂਧੀ ਅੱਜ ਸਵੇਰੇ ਹਵਾਈ ਜਹਾਜ਼ ਰਾਹੀਂ ਇੰਫਾਲ ਪੁੱਜੇ ਸਨ। ਇੰਫਾਲ ਤੋਂ ਸੜਕ ਰਸਤੇ ਚੂਰਾਚਾਂਦਪੁਰ ਲਈ ਨਿਕਲੇ ਗਾਂਧੀ ਦੇ ਕਾਫਲੇ ਨੂੰ ਸਥਾਨਕ ਪੁਲੀਸ ਨੇ ਰਾਹ ਵਿਚ ਅੱਗੇ ਰੋਸ ਪ੍ਰਦਰਸ਼ਨਾਂ ਦੇ ਹਵਾਲੇ ਨਾਲ ਰਾਜਧਾਨੀ ਤੋਂ 20 ਕਿਲੋਮੀਟਰ ਦੂਰ ਬਿਸ਼ਨੂਪੁਰ ਵਿੱਚ ਰੋਕ ਲਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘‘ਰਸਤੇ ਵਿਚ ਸੁਰੱਖਿਆ ਨੂੰ ਖ਼ਤਰੇ ਦੇ ਮੱਦੇਨਜ਼ਰ ਅਸੀਂ ਰਾਹੁਲ ਗਾਂਧੀ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦੇ ਸਕਦੇ।’’ ਇਸ ਦੌਰਾਨ ਵੱਡੀ ਗਿਣਤੀ ਲੋਕ, ਜਿਨ੍ਹਾਂ ਵਿਚ ਬਹੁਤੀਆਂ ਔਰਤਾਂ ਸਨ, ਮੌਕੇ ’ਤੇ ਇਕੱਤਰ ਹੋ ਗਏ ਤੇ ਉਨ੍ਹਾਂ ਕਾਂਗਰਸ ਆਗੂ ਦੇ ਹੱਕ ਤੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ। ਪੁਲੀਸ ਨੇ ਹਜੂਮ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਦਾਗੇ। ਬਿਸ਼ਨੂਪੁਰ ਵਿੱਚ ਕੁਝ ਘੰਟਿਆਂ ਲਈ ਫਸੇ ਰਹਿਣ ਮਗਰੋਂ ਰਾਹੁਲ ਗਾਂਧੀ ਇੰਫਾਲ ਹਵਾਈ ਅੱਡੇ ਨੂੰ ਮੁੜ ਗਏ ਤੇ ਹੈਲੀਕਾਪਟਰ ਉੱਤੇ ਚੂਰਾਚਾਂਦਪੁਰ ਪੁੱਜੇ।