ਬੀਤੇ ਦਿਨੀਂ ਡੀ.ਡੀ. ਪੰਜਾਬੀ ਦੇ ਚਰਚਿਤ ਪ੍ਰੋਗਰਾਮ ˈਗੱਲਾਂ ਤੇ ਗੀਤˈ ਵਿਚ ਬੜੇ ਮਹੱਤਵਪੂਰਨ ਤੇ ਪ੍ਰਸੰਗਕ ਵਿਸ਼ੇ ਨੂੰ ਵਿਚਾਰਿਆ ਗਿਆ। ਵਿਸ਼ਾ ਸੀ ˈਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀ ਸਥਿਤੀˈ ਅਤੇ ਮਾਹਿਰ ਵਜੋਂ ਸਵਾਲਾਂ ਦੇ ਜਵਾਬਦੇਣ ਲਈ ਸਟੂਡੀਓ ਵਿਚ ਮੌਜੂਦ ਸਨ ਸ੍ਰੀ ਸੁੱਖੀ ਬਾਠ। ਉਹ ਕੈਨੇਡਾ ਵਿਚ ਰਹਿੰਦਿਆਂ ਜਿੱਥੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਨਿੱਠ ਕੇ ਕੰਮ ਕਰ ਰਹੇ ਹਨ ਉਥੇ ਪੰਜਾਬ ਤੋਂ ਗਏ ਵਿਦਿਆਰਥੀਆਂ ਨੂੰ ਪੇਸ਼ ਆਉਂਦੀਆਂ ਪ੍ਰੇਸ਼ਾਨੀਆਂ ਦੇ ਹੱਲ ਲਈ ਵੀ ਹਮੇਸ਼ਾ ਤਤਪਰ ਰਹਿੰਦੇ ਹਨ। ਬੀਤੇ ਕੁਝ ਸਮੇਂ ਤੋਂ, ਕੈਨੇਡਾ ਤੋਂ ਪੰਜਾਬੀ ਵਿਦਿਆਰਥੀਆਂ ਦੇ ਪ੍ਰਸੰਗ ਵਿਚ ਬੁਰੀਆਂ ਖ਼ਬਰਾਂ ਆ ਰਹੀਆਂ ਹਨ। ਸ਼ਾਇਦ ਇਸੇ ਲਈ ਡੀ.ਡੀ. ਪੰਜਾਬੀ ਨੇ ਉਪਰੋਕਤ ਵਿਸ਼ੇ ਦੀ ਚੋਣ ਕਰਕੇ ਸ੍ਰੀ ਸੁੱਖੀ ਬਾਠ ਹੁਰਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ। ਕਿਉਂ ਕਿ ਉਹ ਇਸ ਸਮੱਸਿਆ ਨੂੰ ਨੇੜੇ ਤੋਂ ਸਮਝਦੇ ਜਾਣਦੇ ਹਨ ਅਤੇ ਇਸਦੇ ਹੱਲ ਲਈ ਲਗਾਤਾਰ ਯਤਨਸ਼ੀਲ ਹਨ ਸੋ ਉਨ੍ਹਾਂ ਨੇ ਮਸਲੇ ਦੀ ਜੜ੍ਹ ਵੱਲ ਸੰਕੇਤ ਕਰਦੇ ਹੋਏ ਮਾਪਿਆਂ, ਵਿਦਿਆਰਥੀਆਂ ਅਤੇ ਹੋਰ ਨੌਜਵਾਨਾਂ ਨੂੰ ਠੋਸ ਸੁਝਾਅ ਦਿੱਤੇ ਹਨ ਜਿਨ੍ਹਾਂ ਨੂੰ ਅਮਲ ਵਿਚ ਲਿਆ ਕੇ ਵਿਦੇਸ਼ਾਂ ਵਿਚ ਪੜ੍ਹਾਈ ਕਰ ਰਹੇ ਪੰਜਾਬੀ ਵਿਦਿਆਰਥੀ ਆਰਥਿਕ ਤੰਗੀ, ਉਦਰੇਵੇਂ, ਇਕੱਲੇਪਨ, ਉਦਾਸੀ ਅਤੇ ਤਣਾਅ ਚੋਂ ਉੱਭਰ ਸਕਦੇ ਹਨ।
ਸੁੱਖੀ ਬਾਠ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਸਥਿਤੀ ਬੜੀ ਨਾਜ਼ੁਕ ਹੈ। ਬਲ ਕਿ ਹੱਥੋਂ ਨਿਕਲਦੀ ਜਾ ਰਹੀ ਹੈ। ਪੂਰੀ ਦੁਨੀਆਂ ਵਿਚੋਂ ਨੌਜਵਾਨ ਕੈਨੇਡਾ ਆ ਰਹੇ ਹਨ ਪਰ ਹੁਣ ਉਥੇ ਓਨੇ ਮੌਕੇ, ਓਨੀਆਂ ਸਹੂਲਤਾਂ, ਓਨੇ ਕਾਲਜ ਨਹੀਂ ਹਨ। ਮਾਪਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਮਾਪੇ ਦਾਖਲਾ ਦਿਵਾ ਕੇ, ਇਕ ਸਮੈਸਟਰ ਦੀ ਫ਼ੀਸ ਭਰਕੇ ਸੁਰਖੁਰੂ ਹੋ ਜਾਂਦੇ ਹਨ। ਸਮਝਦੇ ਹਨ ਕਿ ਸਾਡੀ ਜ਼ਿੰਮੇਵਾਰੀ ਮੁੱਕ ਗਈ। ਦਰਅਸਲ ਹਕੀਕਤ ਇਹ ਨਹੀਂ ਹੈ। ਬੱਚੇ ਨੇ ਹਵਾਈ ਅੱਡੇ ʼਤੇ ਉੱਤਰ ਕੇ ਕਿੱਥੇ ਜਾਣਾ ਹੈ, ਕਿੱਥੇ ਰਹਿਣਾ ਹੈ, ਕਿਵੇਂ ਖਾਣਾ ਪੀਣਾ ਹੈ, ਰੋਜ਼ਾਨਾ ਦੇ ਖਰਚਿਆਂ ਦਾ ਪ੍ਰਬੰਧ ਕਿਵੇਂ ਕਰਨਾ ਹੈ, ਇਹ ਚਿੰਤਾਵਾਂ ਪਹਿਲੇ ਦਿਨ ਤੋਂ ਹੀ ਆਰੰਭ ਹੋ ਜਾਂਦੀਆਂ ਹਨ।
ਮਾਪੇ ਬੱਚਿਆਂ ਨੂੰ ਵੱਡੀਆਂ ਰਕਮਾਂ ਖਰਚ ਕੇ ਵਿਦੇਸ਼ ਭੇਜਦੇ ਹਨ ਪਰ ਬਹੁਤੇ ਬੱਚਿਆਂ ਕੋਲ ਮੁਹਾਰਤ ਨਹੀਂ ਹੈ, ਸੰਚਾਰ-ਸਮਰੱਥਾ ਨਹੀਂ ਹੈ, ਸਵੈ-ਵਿਸ਼ਵਾਸ ਨਹੀਂ ਹੈ। ਉਹ ਪੜ੍ਹਾਈ ਵਿਚ ਤਾਂ ਠੀਕ ਹਨ ਪਰ ਜ਼ਿੰਦਗੀ ਕਿਵੇਂ ਜਿਊਣੀ ਹੈ ਇਹ ਪਤਾ ਨਹੀਂ ਹੈ। ਸੱਭ ਤੋਂ ਵੱਡੀ ਸਮੱਸਿਆ ਰਹਾਇਸ਼ ਦੀ ਹੈ। ਅੱਠ-ਅੱਠ ਵਿਦਿਆਰਥੀ ਇਕ ਕਮਰੇ ਵਿਚ ਰਹਿ ਰਹੇ ਹਨ। ਇਥੇ ਬੱਚਿਆਂ ਨੂੰ ਕੰਮ ਦੀ ਆਦਤ ਨਹੀਂ ਹੁੰਦੀ, ਉਥੇ ਕੰਮ ਬਿਨ੍ਹਾਂ ਸਰਦਾ ਨਹੀਂ। ਨਿਰਾਸ਼ ਹੋ ਕੇ ਉਹ ਖ਼ੁਦ ਨੂੰ ਕਮਰੇ ʼਚ ਬੰਦ ਕਰ ਲੈਂਦੇ ਹਨ। ਇਹ ਬੜੀ ਚਿੰਤਾ ਵਾਲੀ ਸਥਿਤੀ ਹੈ। ਬੱਚੇ ਬਿਮਾਰ ਹੋ ਰਹੇ ਹਨ।
ਉਥੇ ਪਹੁੰਚਣ ਤੋਂ ਕੁਝ ਮਹੀਨੇ ਬਾਅਦ ਉਨ੍ਹਾਂ ਨੂੰ ਸਮਝ ਆਉਣ ਲੱਗਦਾ ਹੈ ਕਿ ਇਹ ਮੁਲਕ ਵੱਖਰੀ ਤਰ੍ਹਾਂ ਦੇ ਹਨ। ਬੱਚੇ ਸਟਰੈੱਸ ਵਿਚ ਚਲੇ ਜਾਂਦੇ ਹਨ। ਉਥੇ ਬੜੇ ਲੋਕ ਹਨ ਜਿਹੜੇ ਅਜਿਹੇ ਬੱਚਿਆਂ ਨੂੰ ਗਲਤ ਰਸਤੇ ਪਾ ਦਿੰਦੇ ਹਨ।
ਮਾਪਿਆਂ ਨੂੰ ਚਾਹੀਦਾ ਹੈ ਕਿ ਇਧਰੋਂ ਫੋਨ ਰਾਹੀਂ, ਵੀਡੀਓ ਕਾਲ ਰਾਹੀਂ ਸੰਪਰਕ ਬਣਾਈ ਰੱਖਣ। ਓਧਰ ਦੇ ਚੰਗੇ ਲੋਕਾਂ ਨਾਲ ਬੱਚਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰਨ। ਉਨ੍ਹਾਂ ਨੂੰ ਧਾਰਮਿਕ, ਸਮਾਜਕ, ਸਭਿਆਚਾਰਕ ਸਰਗਰਮੀਆਂ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ।
ਉਦਾਸੀ, ਇਕੱਲਤਾ, ਤਣਾਅ ਉੱਥੇ ਆਮ ਗੱਲ ਹੋ ਗਈ ਹੈ। ਜੀਵਨ-ਸ਼ੈਲੀ ਵੱਖਰੀ ਹੈ। ਜੀਵਨ-ਰਫ਼ਤਾਰ ਅਲੱਗ ਹੈ। ਮਾਇਕ ਪਹਿਲੂ ਬੜੀ ਅਹਿਮ ਭੂਮਿਕਾ ਨਿਭਾਉਂਦੇ ਹਨ। ਜੇਕਰ ਮਾਪਿਆਂ ਕੋਲ ਚਾਰ ਸਾਲ ਦੀਆਂ ਫੀਸਾਂ ਅਤੇ ਹੋਰ ਖ਼ਰਚਾ ਨਹੀਂ ਹੈ ਤਾਂ ਉਹ ਬੱਚਿਆਂ ਨੂੰ ਕੱਚੀ ਉਮਰ ਵਿਚ ਬਲੀ ਦਾ ਬੱਕਰਾ ਨਾ ਬਨਾਉਣ। ਉਥੇ ਬਹੁਤ ਚੰਗੇ ਲੋਕ ਹਨ ਪਰ ਅਜਿਹੇ ਵੀ ਹਨ ਜਿਹੜੇ ਵਿਦਿਆਰਥੀਆਂ ਨੂੰ ਸਹੀ ਮਿਹਨਤਾਨਾ ਨਹੀਂ ਦਿੰਦੇ। ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਹਨ।
ਸੋਸ਼ਲ ਮੀਡੀਆ ʼਤੇ ਕਈ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਹਨ। ਮਕਾਨ ਮਾਲਕ ਧੱਕੇ ਕਰਦੇ ਹਨ। ਕਈ ਵਾਰ ਉਹ ਵੀ ਮਜ਼ਬੂਰ ਹੁੰਦੇ ਹਨ। ਮਹਿੰਗਾਈ ਬਹੁਤ ਵਧ ਗਈ ਹੈ। ਸਰਕਾਰਾਂ ਸਮੇਂ ਸਮੇਂ ਨਿਯਮ ਕਾਨੂੰਨ ਬਦਲਦੀਆਂ ਰਹਿੰਦੀਆਂ ਹਨ ਜਿਨ੍ਹਾਂ ਤੋਂ ਹਰ ਕੋਈ ਪ੍ਰਭਾਵਤ ਹੁੰਦਾ ਹੈ।
ਜਿਹੜੇ ਬੱਚੇ ਆਰਥਿਕ ਪੱਖੋਂ ਮਜ਼ਬੂਤ ਹਨ, ਮਾਨਸਿਕ ਸਰੀਰਕ ਤੌਰ ʼਤੇ ਤਕੜੇ ਹਨ। ਪਿੱਛੋਂ ਮਾਪਿਆਂ ਦੀ ਸਪੋਰਟ ਅਤੇ ਹੱਲਾਸ਼ੇਰੀ ਮਿਲਦੀ ਰਹਿੰਦੀ ਹੈ, ਉਹ ਉਥੋਂ ਦੇ ਉਤਰਾਅ ਚੜ੍ਹਾਅ ਝੱਲ ਜਾਂਦੇ ਹਨ।
ਦਰਅਸਲ ਇਧਰਲੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਮੇਂ ਸਮੇਂ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਕਰਨ ਜਿਨ੍ਹਾਂ ਵਿਚ ਮਾਹਿਰ ਇਹ ਦੱਸਣ ਕਿ ਵਿਦੇਸ਼ਾਂ ਵਿਚ ਜਾ ਕੇ ਨੌਜਵਾਨਾਂ ਨੰ ਕਿਸ ਤਰ੍ਹਾਂ ਦਾ ਜੀਵਨ ਜਿਊਣਾ ਪਵੇਗਾ। ਉਥੇ ਕਿਸ ਕਿਸਮ ਦੀਆ ਮੁਸ਼ਕਲਾਂ-ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਹੋਵੇਗਾ। ਉਥੇ ਵਿਦਿਆਰਥੀਆਂ ਲਈ ਕਿਹੜੀਆਂ ਨੌਕਰੀਆਂ ਹਨ ਅਤੇ ਉਨ੍ਹਾਂ ਲਈ ਕਿਵੇਂ ਅਪਲਾਈ ਕਰਨਾ ਹੋਵੇਗਾ। ਅਜਿਹੀ ਬੁਨਿਆਦੀ ਤੇ ਮੁਢਲੀ ਜਾਣਕਾਰੀ ਪ੍ਰਾਪਤ ਕਰਕੇ ਨੌਜਵਾਨਾਂ ਵਿਚ ਸਵੈ-ਵਿਸ਼ਾਵਾਸ ਆਵੇਗਾ ਅਤੇ ਉਹ ਉਥੋਂ ਦੇ ਜੀਵਨ ਲਈ ਮਾਨਸਿਕ ਤੌਰ ʼਤੇ ਤਿਆਰ ਹੋ ਜਾਣਗੇ। ਮਾਨਸਿਕ ਪੱਖੋਂ ਬੱਚਿਆਂ ਨੂੰ ਤਿਆਰ ਕਰਕੇ ਭੇਜਣਾ ਨਿਹਾਇਤ ਜ਼ਰੂਰੀ ਹੈ।
ਪਲੱਸ ਟੂ ਪਾਸ ਬੱਚਾ ਕਿਸੇ ਵੀ ਪੱਖੋਂ ਐਨਾ ਸਿਆਣਾ, ਐਨਾ ਸਮਝਦਾਰ, ਐਨਾ ਤਜਰਬੇਕਾਰ ਨਹੀਂ ਹੁੰਦਾ ਕਿ ਉਹ ਸੱਤ ਸਮੁੰਦਰੋਂ ਪਾਰ ਵਿਦੇਸ਼ੀ ਧਰਤੀ ʼਤੇ ਪਰਾਏ ਲੋਕਾਂ ਵਿਚ ਸਹਿਜ ਰਹੇ ਕੇ ਸੱਭ ਕੁਝ ਬਰਦਾਸ਼ਤ ਕਰ ਲਏਗਾ।
ਕੈਨੇਡਾ ਗਿਆ 18-19 ਸਾਲ ਦਾ ਵਿਦਿਆਰਥੀ ਜਦ ਪੜ੍ਹਾਈ ਨਾਲ ਨੌਕਰੀ ਕਰਨੀ ਚਾਹੁੰਦਾ ਹੈ ਤਾਂ ਵੱਖ ਵੱਖ ਵੈੱਬਸਾਈਟ ʼਤੇ ਜਾ ਕੇ ਵੇਖਦਾ ਹੈ ਕਿ ਇਸ ਉਮਰ-ਵਰਗ ਲਈ ਕੋਈ ਵੀ ਨੌਕਰੀ ਉਪਲਬਧ ਨਹੀਂ ਹੈ ਤਾਂ ਉਹ ਪ੍ਰੇਸ਼ਾਨ ਹੋ ਜਾਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਥੇ ਪੰਜਾਬੀ ਭਾਈਚਾਰੇ ਨਾਲ ਸੰਪਰਕ ਵਿਚ ਰਹਿਣ। ਉਸਾਰੂ ਰੁਝੇਵੇਂ ਲੱਭਣ। ਲੋਕਾਂ ਨਾਲ ਤਾਲਮੇਲ ਰੱਖਣਗੇ ਤਾਂ ਨੌਕਰੀ ਦੇ ਮੌਕੇ ਵੀ ਮਿਲਣ ਲੱਗਣਗੇ।
ਉਥੇ ਇਕੱਲਾਪਨ ਬਹੁਤ ਹੈ। ਇਕੱਲੇਪਨ ਨੂੰ ਦੂਰ ਕਰਨ ਦੇ ਯਤਨ ਹੋਣੇ ਚਾਹੀਦੇ ਹਨ। ਇਹਦੇ ਲਈ ਨੌਜਵਾਨਾਂ ਨੂੰ ਖ਼ੁਦ ਵੀ ਕੋਸ਼ਿਸ਼ ਕਰਨੀ ਪਵੇਗੀ। ਸਮੇਂ ਦੀ ਵਿਉਂਤਬੰਦੀ ਕਰਕੇ ਸਮਾਜ ਨਾਲ ਸੰਪਰਕ ਵਿਚ ਰਹਿਣਾ ਪਵੇਗਾ। ਉਸਾਰੂ ਸਿਹਤਮੰਦ ਸਰਗਰਮੀਆਂ ਵਿਚ ਸ਼ਮੂਲੀਅਤ ਕਰਨੀ ਪਵੇਗੀ। ਡਾਇਰੀ ਲਿਖਣ ਦੀ ਆਦਤ ਪਾਉਣੀ ਪਵੇਗੀ। ਅਨੁਸਾਸ਼ਨ ਵਿਚ ਰਹਿਣਾ ਹੋਵੇਗਾ। ਜ਼ਿੰਦਗੀ ਦੇ ਗੋਲ ਮਿਥਣੇ ਪੈਣਗੇ। ਮਾਪਿਆਂ ਨੂੰ ਇਹ ਯਕੀਨੀ ਬਨਾਉਣਾ ਪਵੇਗਾ ਕਿ ਉਥੇ ਜਾ ਕੇ ਬੱਚੇ ਨੂੰ ਫੀਸਾਂ ਅਤੇ ਬਾਕੀ ਖਰਚਿਆਂ ਲਈ ਪ੍ਰੇਸ਼ਾਨ ਨਾ ਹੋਣਾ ਪਵੇ। ਉਥੇ ਜਿੰਨੇ ਵੀ ਦੋਸਤ ਮਿੱਤਰ ਰਿਸ਼ਤੇਦਾਰ ਹਨ ਸਾਰਿਆਂ ਨਾਲ ਉਸਦੀ ਜਾਣ-ਪਛਾਣ ਕਰਾਓ ਤਾਂ ਜੋ ਉਹ ਇਕੱਲੇਪਨ ਅਤੇ ਉਧਰੇਵੇਂ ਤੋਂ ਬਚਿਆ ਰਹੇ।
ਵਿਦੇਸ਼ ਗਏ ਬੱਚੇ ਆਪਣੀ ਪ੍ਰੇਸ਼ਾਨੀ ਮਾਤਾ ਪਿਤਾ ਨਾਲ ਸਾਂਝੀ ਨਹੀਂ ਕਰਦੇ। ਜੇ ਫੋਨ ʼਤੇ ਤੁਹਾਨੂੰ ਲੱਗਦਾ ਹੈ ਕਿ ਬੱਚਾ ਉਦਾਸ ਹੈ ਤਾਂ ਉਸਦੀ ਉਦਾਸੀ ਦਾ ਕਾਰਨ ਜਾਨਣ ਦੀ ਕੋਸ਼ਿਸ਼ ਕਰੋ। ਉਸਨੂੰ ਜਿੰਮ ਜਾਣ ਲਈ ਕਹੋ। ਗੁਰੂਦੁਆਰੇ ਮੰਦਰ ਜਾਂਦੇ ਰਹਿਣ ਲਈ ਪ੍ਰੇਰਿਤ ਕਰੋ। ਅਜਿਹਾ ਕਰਕੇ ਹੀ ਉਹ ਉਥੋਂ ਦੇ ਮਾਹੌਲ, ਉਥੋਂ ਦੇ ਜੀਵਨ ਵਿਚ ਰਚ-ਮਿਚ ਸਕਦਾ ਹੈ।
—— 0 ——