ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਨਾਲ ਮੁੜ ਗੱਠਜੋੜ ਦੇ ਚਰਚੇ ਜ਼ੋਰਾਂ ‘ਤੇ

ਚੰਡੀਗੜ੍ਹ, 5 ਜੁਲਾਈ – ਖ਼ਬਰਾਂ ਜ਼ੋਰਾਂ ‘ਤੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਮੁੜ ਗੱਠਜੋੜ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਭਲਕੇ ਮੀਟਿੰਗ ਸੱਦੀ ਹੈ। ਸਿਆਸੀ ਹਲਕਿਆਂ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਹ ਮੀਟਿੰਗ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨਾਲ ਮੁੜ ਤੋਂ ਗੱਠਜੋੜ ਕਰਨ ਬਾਰੇ ਵਿਚਾਰ ਕਰਨ ਲਈ ਸੱਦੀ ਗਈ ਹੈ।
ਜ਼ਿਕਰਯੋਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਮਗਰੋਂ ਸ਼੍ਰੋੋਮਣੀ ਅਕਾਲੀ ਦਲ ਨੇ ਸਤੰਬਰ 2020 ਵਿੱਚ ਭਾਜਪਾ ਨਾਲ ਤੋੜ ਵਿਛੋੜਾ ਕਰ ਲਿਆ ਸੀ। ਉਸ ਸਮੇਂ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਹਰਸਿਮਰਤ ਕੌਰ ਬਾਦਲ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਂਝ, ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਭਾਜਪਾ ਨਾਲ ਗੱਠਜੋੜ ਬਾਰੇ ਚੱਲ ਰਹੀਆਂ ਖ਼ਬਰਾਂ ਨੂੰ ਨਕਾਰਦਿਆਂ ਕਿਹਾ ਕਿ ਮੀਟਿੰਗ ਦੌਰਾਨ ਜਨਤਕ ਮੁੱਦਿਆਂ ਅਤੇ ‘ਆਪ’ ਸਰਕਾਰ ਦੀ ਨਾਕਾਮੀ ਅਤੇ ਗੁਰਦੁਆਰਿਆਂ ਦੇ ਮਾਮਲੇ ਵਿੱਚ ਦਖ਼ਲ ਜਿਹੇ ਮੁੱਦੇ ਵਿਚਾਰੇ ਜਾਣਗੇ।
ਗੌਰਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਕਿ ਹੁਣੇ ਵਿਦੇਸ਼ ਤੋਂ ਪਰਤੇ ਹਨ, ਨੇ ਅੱਜ ਇੱਥੇ ਆਪਣੀ ਰਿਹਾਇਸ਼ ਵਿਖੇ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ।