ਭਾਰਤੀ ਜਨਤਾ ਪਾਰਟੀ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਬਣਾ ਕੇ ਇਕ ਤੀਰ ਨਾਲ ਕਈ ਨਿਸ਼ਾਨੇ ਮਾਰਨ ਦਾ ਪੱਤਾ ਖੇਡਿਆ ਹੈ। ਸੁਨੀਲ ਕੁਮਾਰ ਜਾਖੜ ਸਿਰਫ਼ ਇਕ ਸਾਲ ਪਹਿਲਾਂ ਆਪਣੀ ਪਿਤਾ ਪੁਰਖੀ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਇਆ ਸੀ। ਭਾਰਤੀ ਜਨਤਾ ਪਾਰਟੀ ਵਿੱਚ ਨਵਾਂ ਹੋਣ ਕਰਕੇ ਸੁਨੀਲ ਜਾਖੜ ਨੂੰ ਅਨੇਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਸਭ ਤੋਂ ਪਹਿਲੀ ਚੁਣੌਤੀ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਨੇਤਾਵਾਂ ਅਤੇ ਮੈਂਬਰਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦਾ ਸਹਿਯੋਗ ਲੈਣਾ ਪਵੇਗਾ। ਕਾਂਗਰਸ ਪਾਰਟੀ ਵਿੱਚੋਂ ਭਾਰਤੀ ਜਨਤਾ ਪਾਰਟੀ ਵਿੱਚ ਆਏ ਨੇਤਾਵਾਂ ਦੀ ਥਾਂ ਟਕਸਾਲੀ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਤਰਜੀਹ ਦੇਣੀ ਪਵੇਗੀ। ਦੂਜੇ ਉਨ੍ਹਾਂ ਨੂੰ ਆਪਣੀ ਟੀਮ ਬਣਾਉਣ ਲਈ ਕੇਂਦਰੀ ਭਾਰਤੀ ਜਨਤਾ ਪਾਰਟੀ ਤੋਂ ਪ੍ਰਵਾਨਗੀ ਲੈ ਕੇ ਬਣਾਉਣੀ ਪਵੇਗੀ। ਜਿਲਿ੍ਹਆਂ ਅਤੇ ਮੰਡਲ ਪੱਧਰ ਦੀਆਂ ਇਕਾਈਆਂ ਵੀ ਬਣਾਉਣੀਆਂ ਪੈਣਗੀਆਂ, ਜਿਨ੍ਹਾਂ ਵਿੱਚ ਆਪਣੇ ਪਸੰਦੀਦਾ ਭਰੋਸੇਯੋਗ ਵਰਕਰਾਂ ਨੂੰ ਸ਼ਾਮਲ ਕਰਨਾ ਹੋਵੇਗਾ ਕਿਉਂਕਿ ਭਰੋਸੇ ਦੇ ਆਗੂਆਂ ਤੋਂ ਬਿਨਾ ਸਫਲ ਹੋਣ ਵਿੱਚ ਰੁਕਵਟਾਂ ਪੈ ਸਕਦੀਆਂ ਹਨ। ਜਦੋਂ ਕਿ ਲੋਕ ਸਭਾ ਦੀਆਂ ਚੋਣਾ ਵਿੱਚ ਮਹਿਜ ਦਸ ਮਹੀਨੇ ਬਾਕੀ ਹਨ। ਇਸ ਮੰਤਵ ਲਈ ਉਹ ਕੇਂਦਰੀ ਲੀਡਰਸ਼ਿਪ ‘ਤੇ ਨਿਰਭਰ ਹੋਣਗੇ। ਸਭ ਤੋਂ ਵੱਡੀ ਗੱਲ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨੂੰ ਸਮਝਣਾ ਪਵੇਗਾ ਕਿਉਂਕਿ ਉਹ ਪਿਛਲੇ 35 ਸਾਲਾਂ ਤੋਂ ਕਾਂਗਰਸ ਵਿੱਚ ਕੰਮ ਕਰ ਰਹੇ ਹਨ। ਕਾਂਗਰਸ ਨੂੰ ਧਰਮ ਨਿਰਪੱਖ ਅਤੇ ਭਾਰਤੀ ਜਨਤਾ ਪਾਰਟੀ ਨੂੰ ਧਾਰਮਿਕ ਪਾਰਟੀ ਕਿਹਾ ਜਾ ਰਿਹਾ ਹੈ। ਆਪਣੇ ਆਪ ਨੂੰ ਬਦਲਣਾ ਪਵੇਗਾ। ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਮੁੱਚੇ ਪੰਜਾਬ ਵਿੱਚ ਮੀਟਿੰਗਾਂ ਕਰਨੀਆਂ ਪੈਣਗੀਆਂ। ਭਾਰਤੀ ਜਨਤਾ ਪਾਰਟੀ ਦਾ ਸ਼ਹਿਰਾਂ ਵਿੱਚ ਤਾਂ ਆਧਾਰ ਮਜ਼ਬੂਤ ਹੈ ਪ੍ਰੰਤੂ ਪਿੰਡਾਂ ਵਲ ਵਧੇਰੇ ਧਿਆਨ ਦੇਣਾ ਪਵੇਗਾ। ਭਾਰਤੀ ਜਨਤਾ ਪਾਰਟੀ ਨੂੰ ਆਸ ਹੈ ਕਿ ਸੁਨੀਲ ਜਾਖੜ ਹਿੰਦੂਆਂ ਅਤੇ ਸਿੱਖਾਂ ਦੋਹਾਂ ਵਿੱਚ ਹਰਮਨ ਪਿਆਰਾ ਹੈ। ਇਸ ਲਈ ਪਿੰਡਾਂ ਦੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਵਿੱਚ ਸਫਲ ਹੋਵੇਗਾ। ਭਾਰਤੀ ਜਨਤਾ ਪਾਰਟੀ ਦਾ ਤਿੰਨ ਖੇਤੀ ਕਾਨੂੰਨਾ ਦੇ ਲਾਗੂ ਕਰਨ ਸਮੇਂ ਸਭ ਤੋਂ ਵੱਧ ਵਿਰੋਧ ਪਿੰਡਾਂ ਦੇ ਲੋਕਾਂ ਖਾਸ ਤੌਰ ‘ਤੇ ਕਿਸਾਨਾ ਨੇ ਕੀਤਾ ਸੀ। ਇਸ ਲਈ ਭਾਰਤੀ ਜਨਤਾ ਪਾਰਟੀ ਨੇ ਤਿੰਨ ਕਾਨੂੰਨ ਵਾਪਸ ਲੈਣ ਤੋਂ ਬਾਅਦ ਪਿੰਡਾਂ ਵਿੱਚ ਸਰਗਰਮੀਆਂ ਤੇਜ ਕਰ ਦਿੱਤੀਆਂ ਸਨ। ਇਸ ਪਾਸੇ ਉਹ ਸਫਲ ਵੀ ਹੋਏ ਹਨ। ਹੁਣ ਵੀ ਉਹ ਚਾਹੁੰਦੇ ਹਨ ਕਿ ਪਿੰਡਾਂ ਦੇ ਲੋਕਾਂ ਨੂੰ ਵੱਧ ਤੋਂ ਵੱਧ ਪਾਰਟੀ ਨਾਲ ਜੋੜਿਆ ਜਾ ਸਕੇ। ਸੁਨੀਲ ਜਾਖੜ ਜਾਟ ਹੋਣ ਕਰਕੇ ਉਸ ਤੋਂ ਪਾਰਟੀ ਉਮੀਦ ਕਰਦੀ ਹੈ ਕਿ ਉਹ ਕਿਸਾਨਾ ਵਿੱਚ ਸੰਨ੍ਹ ਲਾਉਣ ਵਿੱਚ ਸਫਲ ਹੋਵੇਗਾ।
ਸੁਨੀਲ ਕੁਮਾਰ ਜਾਖੜ ਨੂੰ ਕੇਂਦਰੀ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੋਂ ਅਸਤੀਫ਼ਾ ਲੈਣ ਤੋਂ ਬਾਅਦ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਾਇਆ ਉਦੋਂ ਜਾਤ ਬਿਰਾਦਰੀ ਦਾ ਪੱਤਾ ਖੇਡਦਿਆਂ ਸੁਨੀਲ ਕੁਮਾਰ ਜਾਖੜ ਨੂੰ ਹਿੰਦੂ ਹੋਣ ਕਰਕੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਇਆ ਸੀ। ਹਾਲਾਂ ਕਿ ਕਿਹਾ ਜਾਂਦਾ ਹੈ ਕਿ ਪੰਜਾਬ ਕਾਂਗਰਸ ਦੇ ਬਹੁਤੇ ਵਿਧਾਨਕਾਰ ਸੁਨੀਲ ਜਾਖੜ ਦੇ ਹੱਕ ਵਿੱਚ ਸਨ। ਸੁਨੀਲ ਕੁਮਾਰ ਜਾਖੜ ਇਸ ਕਰਕੇ ਉਦੋਂ ਹੀ ਕਾਂਗਰਸ ਤੋਂ ਨਰਾਜ਼ ਹੋ ਗਏ ਸਨ। ਉਹ ਨਰਾਜ਼ਗੀ ਦੇ ਨਤੀਜੇ ਵਜੋਂ ਉਸ ਨੇ ਕਾਂਗਰਸ ਪਾਰਟੀ ‘ਤੋਂ ਅਸਤੀਫ਼ਾ ਦੇ ਦਿੱਤਾ ਸੀ। ਭਾਰਤੀ ਜਨਤਾ ਪਾਰਟੀ ਨੂੰ ਉਮੀਦ ਹੈ ਕਿ ਇਹ ਪੱਤਾ ਉਸ ਦੇ ਪੱਖ ਵਿੱਚ ਜਾਵੇਗਾ। ਦੂਜਾ ਭਾਰਤੀ ਜਨਤਾ ਪਾਰਟੀ ਨੂੰ ਆਸ ਹੈ ਕਿ ਸੁਨੀਲ ਕੁਮਾਰ ਜਾਖੜ ਦਾ ਪਰਵਾਰ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜਿਆ ਹੋਣ ਕਰਕੇ ਪੰਜਾਬ ਕਾਂਗਰਸ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਜੋੜ ਲਵੇਗਾ। ਕਿਉਂਕਿ ਸੁਨੀਲ ਕੁਮਾਰ ਜਾਖੜ ਦਾ ਦਾਦਾ ਜ਼ੈਲਦਾਰ ਰਾਜਾ ਰਾਮ ਜਾਖੜ 1925 ਵਿੱਚ ਕਾਂਗਰਸ ਦਾ ਸਰਗਰਮ ਵਰਕਰ ਸੀ। ਫਿਰ ਸੁਨੀਲ ਜਾਖੜ ਦਾ ਪਿਤਾ ਬਲਰਾਮ ਜਾਖੜ 1965 ਵਿੱਚ ਸਰਗਰਮ ਸਿਆਸਤ ਵਿੱਚ ਆ ਗਿਆ ਅਤੇ 1972 ਵਿੱਚ ਪੰਜਾਬ ਵਿਧਾਨ ਸਭਾ ਦਾ ਮੈਂਬਰ ਚੁਣਿਆਂ ਗਿਆ। ਜੂਨ 1977 ਤੋਂ ਫਰਵਰੀ 1980 ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਰਿਹਾ। 1980 ਵਿੱਚ ਉਹ ਫੀਰੋਜਪੁਰ ਤੋਂ ਪਹਿਲੀ ਵਾਰ ਲੋਕ ਸਭਾ ਦਾ ਮੈਂਬਰ ਬਣ ਗਿਆ। ਹੈਰਾਨੀ ਤੇ ਮਾਣ ਵਾਲੀ ਗੱਲ ਹੈ ਕਿ ਉਹ ਪਹਿਲੀ ਵਾਰ ਲੋਕ ਸਭਾ ਦਾ ਮੈਂਬਰ ਬਣਿਆਂ ਤੇ ਪਹਿਲੀ ਵਾਰ ਹੀ ਲੋਕ ਸਭਾ ਦਾ ਸਪੀਕਰ ਬਣ ਗਿਆ। 1984 ਵਿੱਚ ਪੰਜਾਬ ਦੇ ਹਾਲਾਤ ਨਾਗਵਾਰ ਹੋਣ ਕਰਕੇ ਲੋਕ ਸਭਾ ਦੀਆਂ ਚੋਣਾਂ ਨਹੀਂ ਹੋ ਸਕੀਆਂ, ਇਸ ਲਈ ਬਲਰਾਮ ਜਾਖੜ ਨੂੰ ਕਾਂਗਰਸ ਪਾਰਟੀ ਨੇ ਰਾਜਸਥਾਨ ਦੇ ਸੀਕਰ ਲੋਕ ਸਭਾ ਹਲਕੇ ਤੋਂ ਚੋਣ ਲੜਾਕੇ ਲੋਕ ਸਭਾ ਦਾ ਮੈਂਬਰ ਬਣਾਇਆ। 1991 ਵਿੱਚ ਵੀ ਉਹ ਸੀਕਰ ਤੋਂ ਹੀ ਲੋਕ ਸਭਾ ਦੇ ਮੈਂਬਰ ਚੁਣੇ ਗਏ। 1980 ਤੋਂ 1989 ਤੱਕ ਸਭ ਤੋਂ ਲੰਬਾ ਸਮਾਂ ਲੋਕ ਸਭਾ ਦਾ ਸਪੀਕਰ ਰਿਹਾ। 1991 ਵਿੱਚ ਪੀ.ਵੀ.ਨਰਸਿਮਹਾ ਰਾਓ ਸਰਕਾਰ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਬਣੇ। 2004 ਤੋਂ 2009 ਤੱਕ ਰਾਜਪਾਲ ਰਹੇ। ਜਾਖੜ ਪਰਵਾਰ ਦਾ ਰਾਜਸਥਾਨ ਵਿੱਚ ਵੀ ਅਸਰ ਰਸੂਖ ਹੈ ਕਿਉਂਕਿ ਉਨ੍ਹਾਂ ਦਾ ਨਜ਼ਦੀਕੀ ਰਿਸ਼ਤੇਦਾਰ ਰਾਮ ਨਿਵਾਸ ਮਿਰਧਾ ਜਿਹੜਾ ਕੇਂਦਰ ਵਿੱਚ ਮੰਤਰੀ ਰਿਹਾ ਹੈ, ਉਸ ਦਾ ਪਰਵਾਰ ਵੀ ਪ੍ਰਭਾਵਸ਼ਾਲੀ ਸਥਾਨ ਰੱਖਦਾ ਹੈ। ਇਨ੍ਹਾਂ ਕਾਰਨਾ ਕਰਕੇ ਭਾਰਤੀ ਜਨਤਾ ਪਾਰਟੀ ਦੀ ਸੁਨੀਲ ਜਾਖੜ ਨੂੰ ਪੰਜਾਬ ਦਾ ਪ੍ਰਧਾਨ ਬਣਾਉਣ ਪਿਛੇ ਜਾਖੜ ਪਰਵਾਰ ਦੀ ਵਿਰਾਸਤ ਦਾ ਲਾਭ ਲੈਣ ਦੀ ਕੋਸ਼ਿਸ਼ ਦਾ ਨਤੀਜਾ ਹੈ। ਸੁਨੀਲ ਕੁਮਾਰ ਜਾਖੜ ਲਈ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨਾਂ ਵੱਡੀ ਚੁਣੌਤੀ ਹੈ ਕਿਉਂਕਿ ਬਦਲਾਓ ਦੇ ਨਾਮ ‘ਤੇ ਆਈ ਸਰਕਾਰ ਦਾ ਪ੍ਰਭਾਵ ਅਜੇ ਪੰਜਾਬ ਦੇ ਲੋਕਾਂ ਵਿੱਚ ਬਰਕਰਾਰ ਹੈ। ਭਾਵੇਂ ਆਮ ਆਦਮੀ ਪਾਰਟੀ ਦਾ ਲੋਕ ਸਭਾ ਵਿੱਚ ਇਕ ਹੀ ਮੈਂਬਰ ਹੈ। ਵੇਖਣ ਵਾਲੀ ਗੱਲ ਹੈ ਕਿ ਸੁਨੀਲ ਕੁਮਾਰ ਜਾਖੜ 2024 ਦੀਆਂ ਲੋਕ ਸਭਾ ਚੋਣਾ ਵਿੱਚ ਪੰਜਾਬ ਵਿੱਚੋਂ ਭਾਰਤੀ ਜਨਤਾ ਪਾਰਟੀ ਦੀਆਂ ਤਿੰਨ ਸੀਟਾਂ ਤੋਂ ਵੱਧ ਵਿੱਚ ਕਮਲ ਦਾ ਫੁੱਲ ਖਿੜਾਉਣ ਵਿੱਚ ਸਫਲ ਹੋਵੇਗਾ?
ਸੁਨੀਲ ਕੁਮਾਰ ਜਾਖੜ ਦਾ ਪੰਜਾਬ ਦੇ ਵਰਤਮਾਨ ਨੇਤਾਵਾਂ ਵਿੱਚ ਸਭ ਤੋਂ ਸਾਫ ਕਿਰਦਾਰ ਹੈ। ਉਸ ਉਪਰ ਅਜੇ ਤੱਕ ਕਿਸੇ ਕਿਸਮ ਦਾ ਕੋਈ ਇਲਜ਼ਾਮ ਨਹੀਂ ਲੱਗਿਆ। ਉਸ ਦਾ ਕਾਂਗਰਸੀ ਵਰਕਰਾਂ ਵਿੱਚ ਵੀ ਚੰਗਾ ਆਧਾਰ ਹੈ। ਉਹ ਹਿੰਦੂ ਅਤੇ ਸਿੱਖਾਂ ਵਿੱਚ ਇਕੋ ਜਿਹਾ ਹਰਮਨ ਪਿਆਰਾ ਹੈ। ਜਾਟ ਹੋਣ ਕਰਕੇ ਪੰਜਾਬ ਦੇ ਜੱਟਾਂ ਦੀਆਂ ਵੋਟਾਂ ‘ਤੇ ਵੀ ਅਸਰ ਪਾ ਸਕਦਾ ਹੈ। ਇਹ ਸਾਰੀਆਂ ਕਿਆਸ ਅਰਾਈਆਂ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ। ਉਸ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਨਜ਼ਦੀਕੀ ਵੀ ਸਮਝਿਆ ਜਾ ਰਿਹਾ ਹੈ। ਸੁਨੀਲ ਕੁਮਾਰ ਜਾਖੜ 1990 ਵਿੱਚ ਕਾਂਗਰਸ ਦੀ ਸਰਗਰਮ ਸਿਆਸਤ ਵਿੱਚ ਆਇਆ ਸੀ। 1992 ਵਿੱਚ ਜਦੋਂ ਉਸ ਦਾ ਭਰਾ ਸੱਜਣ ਕੁਮਾਰ ਜਾਖੜ ਅਬੋਹਰ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਸੀ ਤਾਂ ਸੁਨੀਲ ਕੁਮਾਰ ਜਾਖੜ ਨੇ ਚੋਣ ਮੁਹਿੰਮ ਨੂੰ ਚਲਾਇਆ। ਸੱਜਣ ਕੁਮਾਰ ਜਾਖੜ ਇੱਕ ਵਾਰ ਵਿਧਾਨਕਾਰ ਜਿੱਤਣ ਤੋਂ ਬਾਅਦ ਫਿਰ ਚੋਣ ਨਹੀਂ ਲੜਿਆ, ਉਸ ਤੋਂ ਬਾਅਦ ਸੁਨੀਲ ਕੁਮਾਰ ਜਾਖੜ ਤਿੰਨ ਵਾਰ ਅਬੋਹਰ ਤੋਂ ਵਿਧਾਨਕਾਰ ਬਣਿਆਂ। ਇਸ ਦੌਰਾਨ ਮਾਰਚ 2012 ਤੋਂ ਦਸੰਬਰ 2015 ਤੱਕ ਵਿਧਾਨ ਸਭਾ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਿਹਾ ਹੈ। 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਸੁਨੀਲ ਕੁਮਾਰ 2017 ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਿਆਂ ਅਤੇ 2021 ਤੱਕ ਇਸ ਅਹੁਦੇ ਤੇ ਰਿਹਾ। ਉਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਲਈ ਅਸਤੀਫ਼ਾ ਲੈ ਲਿਆ ਗਿਆ ਸੀ। ਸੁਨੀਲ ਜਾਖੜ 2017 ਵਿੱਚ ਗੁਰਦਾਸਪੁਰ ਦੀ ਉਪ ਚੋਣ ਵਿੱਚ ਲੋਕ ਸਭਾ ਦਾ ਮੈਂਬਰ ਚੁਣਿਆਂ ਗਿਆ। 2019 ਤੱਕ ਉਹ ਲੋਕ ਸਭਾ ਦਾ ਮੈਂਬਰ ਰਿਹਾ।
ਜਿਥੇ ਭਾਰਤੀ ਜਨਤਾ ਪਾਰਟੀ ਨੂੰ ਸੁਨੀਲ ਕੁਮਾਰ ਜਾਖੜ ਤੋਂ ਬਹੁਤ ਸਾਰੀਆਂ ਉਮੀਦਾਂ ਹਨ, ਉਥੇ ਹੀ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਨੇਤਾ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਵਿਚੋਂ ਪ੍ਰਧਾਨ ਨਾ ਬਣਾਉਣ ‘ਤੇ ਨਾਖ਼ੁਸ਼ ਹਨ। ਸੁਨੀਲ ਕੁਮਾਰ ਜਾਖੜ ਨੂੰ ਫਾਜਿਲਕਾ ਤੋਂ ਵਿਧਾਨ ਸਭਾ ਦੀ ਚੋਣ ਵਿੱਚ ਹਰਾਉਣ ਵਾਲਾ ਸਾਬਕਾ ਵਿਧਾਇਕ ਅਰੁਨ ਨਾਰੰਗ ਨੇ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਉਣ ‘ਤੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਰੁਨ ਨਾਰੰਗ ਉਹ ਨੇਤਾ ਹੈ, ਜਿਸ ਨੂੰ ਤਿੰਨ ਖੇਤੀ ਕਾਨੂੰਨਾ ਵਿਰੁੱਧ ਐਜੀਟੇਸ਼ਨ ਸਮੇਂ ਕੁੱਟਿਆ ਅਤੇ ਨਿਵਸਤਰ ਕਰ ਦਿੱਤਾ ਸੀ। ਪਾਰਟੀ ਦੇ ਹੋਰ ਕਿਸੇ ਵੀ ਸੀਨੀਅਰ ਨੇਤਾ ਨੇ ਅਜੇ ਤੱਕ ਵਿਰੋਧੀ ਸੁਰ ਨਹੀਂ ਅਲਾਪੀ ਪ੍ਰੰਤੂ ਪਾਰਟੀ ਵਿੱਚ ਘੁਸਰ ਮੁਸਰ ਜ਼ਰੂਰ ਹੋ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਵਿੱਚ ਭਾਰੂ ਪੈ ਰਿਹਾ ਹੈ। ਕਾਂਗਰਸ ਪਾਰਟੀ ਵੱਲੋਂ ਸੁਨੀਲ ਕੁਮਾਰ ਜਾਖੜ ਨੂੰ ਮੁੱਖ ਮੰਤਰੀ ਨਾ ਬਣਾਉਣ ਦੇ ਵਿਰੋਧ ਵਿੱਚ ਸੁਨੀਲ ਕੁਮਾਰ ਜਾਖੜ ਨੇ 2022 ਵਿੱਚ ਹੋਈ ਪੰਜਾਬ ਵਿਧਾਨ ਸਭਾ ਦੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਫਾਜਿਲਕਾ ਤੋਂ ਆਪਣੇ ਭਤੀਜੇ ਨੂੰ ਕਾਂਗਰਸ ਪਾਰਟੀ ਦਾ ਟਿਕਟ ਦਿਵਾ ਦਿੱਤਾ ਸੀ। ਉਸ ਦਾ ਭਤੀਜਾ ਚੋਣ ਜਿੱਤ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਸਿਆਸੀ ਨੇਤਾਵਾਂ ਵਿੱਚ ਅਹੁਦਿਆਂ ਤੋਂ ਬਿਨਾ ਰਹਿਣਾ ਮੁਸ਼ਕਲ ਹੋ ਗਿਆ ਹੈ। ਸੁਨੀਲ ਕੁਮਾਰ ਦਾ ਪਰਵਾਰ ਪਿਛਲੇ 100 ਸਾਲ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ, ਇਸ ਕਰਕੇ ਪੰਜਾਬ ਕਾਂਗਰਸ ਨੇ ਡਰਦਿਆਂ ਆਪਣੇ ਨੇਤਾਵਾਂ ਨੂੰ ਪਾਰਟੀ ਨਾਲ ਜੋੜੀ ਰੱਖਣ ਦੀ ਕਵਾਇਦ ਉਨ੍ਹਾਂ ਦੀਆਂ ਮੀਟਿੰਗਾਂ ਆਯੋਜਤ ਕਰਕੇ ਸ਼ੁਰੂ ਕਰ ਦਿੱਤੀ ਹੈ। ਸੁਨੀਲ ਕੁਮਾਰ ਜਾਖੜ ਦੇ ਵਿਰੁੱਧ ਇਕ ਗੱਲ ਜਾ ਰਹੀ ਹੈ, ਕਾਂਗਰਸ ਪਾਰਟੀ ਵਾਲੇ ਉਸ ਨੂੰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦਾ ਵਿਰੋਧ ਕਰਨ ਕਰਕੇ ਦਲਿਤ ਵਿਰੋਧੀ ਕਹਿ ਰਹੇ ਹਨ। ਇਸ ਇਲਜ਼ਾਮ ਤੋਂ ਮੁਕਤ ਹੋਣਾ ਪਵੇਗਾ। ਵੈਸੇ ਹੈਰਾਨੀ ਇਹ ਵੀ ਹੈ ਕਿ ਕਿਸੇ ਸੀਨੀਅਰ ਕਾਂਗਰਸੀ ਨੇਤਾ ਅਤੇ ਵਰਕਰ ਨੇ ਸੁਨੀਲ ਜਾਖੜ ਦੇ ਬੀ.ਜੇ.ਪੀ.ਦਾ ਪ੍ਰਧਾਨ ਬਣਨ ‘ਤੇ ਵਿਰੋਧ ਵਿੱਚ ਬਿਆਨ ਵੀ ਨਹੀਂ ਦਿੱਤਾ। ਹੁਣ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਕਿ ਊਂਟ ਕਿਸ ਕਰਵਟ ਬੈਠਦਾ ਹੈ।
Columns ਕੀ ਸੁਨੀਲ ਕੁਮਾਰ ਜਾਖੜ ਭਾਰਤੀ ਜਨਤਾ ਪਾਰਟੀ ਦਾ ਕਮਲ ਖਿਲਾ ਸਕੇਗਾ?