ਦੂਜੀ ਤਿਮਾਹੀ ‘ਚ ਮਹਿੰਗਾਈ ਦਰ 6% ਤੱਕ ਡਿਗ ਸਕਦੀ ਹੈ, ਪਰ ਭੋਜਨ ਦੀਆਂ ਕੀਮਤਾਂ ਵਿੱਚ ਵਾਧਾ ਸਭ ਤੋਂ ਵੱਡੀ ਸਮੱਸਿਆ ਹੈ

ਆਕਲੈਂਡ, 19 ਜੁਲਾਈ – ਦੂਜੀ ਤਿਮਾਹੀ ‘ਚ ਮਹਿੰਗਾਈ ਵਿੱਚ ਗਿਰਾਵਟ ਦਰਜ ਕੀਤੀ ਗਈ, ਜੋ ਪਹਿਲਾਂ 6.7% ਦੇ ਮੁਕਾਬਲੇ 6.0% ਦੇ ਸਾਲਾਨਾ ਅੰਕੜੇ ਤੱਕ ਡਿਗ ਗਈ। ਅੱਜ ਸਵੇਰੇ ਤਾਜ਼ਾ ਖਪਤਕਾਰ ਮੁੱਲ ਸੂਚਕ ਅੰਕ (Consumers Price Index) ਜਾਰੀ ਕੀਤਾ ਗਿਆ ਹੈ। ਮਹਿੰਗਾਈ ਵਿੱਚ ਸਾਲਾਨਾ ਗਿਰਾਵਟ ਤੇਜ਼ ਹੋ ਗਈ ਹੈ, ਮਾਰਚ ਦੇ ਅੰਤ ਤੱਕ ਤਿੰਨ ਮਹੀਨਿਆਂ ਵਿੱਚ 7.2% ਤੋਂ ਘਟ ਕੇ 6.7% ਹੋ ਗਈ ਸੀ ਅਤੇ ਹੁਣ ਜੂਨ ਤਿਮਾਹੀ ਵਿੱਚ 6% ਤੱਕ ਹੇਠਾਂ ਆ ਗਈ ਹੈ।
ਭੋਜਨ ਦੀਆਂ ਵਧਦੀਆਂ ਕੀਮਤਾਂ ਸਭ ਤੋਂ ਵੱਡੀ ਸਮੱਸਿਆ ਬਣ ਰਹੀ ਹੈ ਅਤੇ ਜੂਨ 2023 ਦੀ ਸਾਲਾਨਾ ਮਹਿੰਗਾਈ ਦਰ ‘ਇਸ ਦਾ ਸਭ ਤੋਂ ਵੱਡਾ ਯੋਗਦਾਨ ਸੀ। ਜੂਨ ੨੦੨੩ ਤੱਕ ਸਬਜ਼ੀਆਂ ਦੀਆਂ ਕੀਮਤਾਂ ‘ਚ 23.3% ਦਾ ਵਾਧਾ ਹੋਇਆ ਹੈ। ਰੇਡੀ-ਟੂ-ਈਟ ਫੂਡ ਅਤੇ ਦੁੱਧ, ਚੀਜ਼ ਅਤੇ ਅੰਡੇ ਕ੍ਰਮਵਾਰ 9.8% ਅਤੇ 13.8% ਵਧੇ ਹਨ। ਸੀਪੀਆਈ ਵਿੱਚ ਸਾਰੀਆਂ ਵਸਤਾਂ ਦੀਆਂ ਕੀਮਤਾਂ ਤਿਮਾਹੀ ਆਧਾਰ ‘ਤੇ 1.1% ਵਧੀਆਂ ਹਨ।
ਸਟੈਟਸ ਐਨਜ਼ੈੱਡ ਦੇ ਨਿਕੋਲਾ ਗ੍ਰਾਉਡਨ ਨੇ ਕਿਹਾ ਕਿ, “ਕੀਮਤਾਂ ਅਜੇ ਵੀ ਉਨ੍ਹਾਂ ਦਰਾਂ ਨਾਲ ਵੱਧ ਰਹੀਆਂ ਹਨ ਜੋ 1990 ਦੇ ਦਹਾਕੇ ਤੋਂ ਨਹੀਂ ਵੇਖੀਆਂ ਗਈਆਂ ਪਰ ਪਿਛਲੀਆਂ ਕੁੱਝ ਤਿਮਾਹੀਆਂ ਦੀ ਤੁਲਨਾ ਨਾਲੋਂ ਘੱਟ ਦਰ ਨਾਲ ਵੱਧ ਰਹੀਆਂ ਹਨ”। ਭੋਜਨ ਤੋਂ ਬਾਅਦ, ਸਾਲਾਨਾ ਵਾਧੇ ਲਈ ਅਗਲਾ ਸਭ ਤੋਂ ਵੱਡਾ ਯੋਗਦਾਨ ਰਿਹਾਇਸ਼ ਅਤੇ ਘਰੇਲੂ ਉਪਯੋਗਤਾਵਾਂ ਸੀ। ਉੱਥੇ ਹੀ ਇਹ ਵਾਧਾ ਉਸਾਰੀ ਅਤੇ ਕਿਰਾਏ ਦੀਆਂ ਵਧਦੀਆਂ ਕੀਮਤਾਂ ਕਾਰਨ ਹੋਇਆ ਹੈ। ਮਾਰਚ 2023 ਤੱਕ ਸਾਲ ਵਿੱਚ 11.5% ਦੇ ਵਾਧੇ ਤੋਂ ਬਾਅਦ ਜੂਨ 2023 ਵਿੱਚ ਨਵਾਂ ਘਰ ਬਣਾਉਣ ਦੀਆਂ ਕੀਮਤਾਂ ਵਿੱਚ 7.8% ਦਾ ਵਾਧਾ ਹੋਇਆ। ਗ੍ਰਾਉਡਨ ਨੇ ਅੱਗੇ ਕਿਹਾ ਕਿ, ‘ਜੂਨ 2020 ਤਿਮਾਹੀ ਤੋਂ ਤਿੰਨ ਸਾਲਾਂ ਵਿੱਚ ਨਵਾਂ ਘਰ ਬਣਾਉਣ ਦੀ ਕੀਮਤ ‘ਚ ਇੱਕ ਤਿਹਾਈ ਤੋਂ ਵੱਧ ਦਾ ਵਾਧਾ ਹੋਇਆ ਹੈ’।
ਰਿਲੀਜ਼ ਤੋਂ ਠੀਕ ਪਹਿਲਾਂ ਨਿਊਜ਼ੀਲੈਂਡ ਡਾਲਰ US62.76c ਤੋਂ ਵੱਧ ਕੇ US63.13c ਹੋ ਗਿਆ। ਵਿਆਜ ਦਰਾਂ ਵਿੱਚ ਦੋ ਸਾਲਾਂ ਦੀ ਸਵੈਪ ਦਰ, ਜਿਸ ਦਾ ਘਰ ਦੀ ਮੌਗੇਜ ਦਰਾਂ ‘ਤੇ ਪ੍ਰਭਾਵ ਪੈਂਦਾ ਹੈ, ਨੂੰ 5.345% ‘ਤੇ ਥੋੜ੍ਹਾ ਬਦਲਿਆ ਕੀਤਾ ਗਿਆ ਹੈ। ਜੂਨ ਤੱਕ ਗ਼ੈਰ-ਵਪਾਰਯੋਗ ਮੁਦਰਾਸਫੀਤੀ 6.6% ਸੀ, ਜੋ ਉਸਾਰੀ, ਕਿਰਾਏ ਅਤੇ ਭੋਜਨ ਲਈ ਉੱਚੀਆਂ ਕੀਮਤਾਂ ਦੇ ਕਾਰਣ ਹੈ। ਵਪਾਰਯੋਗ ਮਹਿੰਗਾਈ ਦਰ ਸਾਲ-ਦਰ-ਸਾਲ 5.2% ਹੈ, ਸਬਜ਼ੀਆਂ ਦੀਆਂ ਉੱਚੀਆਂ ਕੀਮਤਾਂ ਅਤੇ ਅੰਤਰਰਾਸ਼ਟਰੀ ਹਵਾਈ ਆਵਾਜਾਈ ਨੇ ਵਾਧੇ ਨੂੰ ਅੱਗੇ ਵਧਾਇਆ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਗਿਰਾਵਟ ਨੇ ਵਾਧੇ ਨੂੰ ਅੰਸ਼ਿਕ ਤੌਰ ‘ਤੇ ਘੱਟ ਕੀਤਾ ਹੈ। ਅੱਜ ਦਾ ਅੰਕੜਾ ਰਿਜ਼ਰਵ ਬੈਂਕ ਦੁਆਰਾ 6.1% ਦੇ ਅਨੁਮਾਨ ਨਾਲ ਤੁਲਨਾ ਕਰਦਾ ਹੈ। ਪ੍ਰਮੁੱਖ ਬੈਂਕ ਅਰਥਸ਼ਾਸਤਰੀਆਂ ‘ਚ ਸਹਿਮਤੀ 0.9% ਦੇ ਤਿਮਾਹੀ ਵਾਧੇ ਲਈ ਸੀ, ਜੋ ਸਾਨੂੰ 5.9% ਦੇ ਸਾਲਾਨਾ ਅੰਕੜੇ ਤੱਕ ਲੈ ਗਈ।