ਇਕ ਜਵਾਨ ਵੱਲੋਂ ਆਪਣੇ ਸੀਨੀਅਰ ਨੂੰ ਭੇਜੀ ਈ ਮੇਲ ਉਪੰਰਤ ਮਾਮਲੇ ਨੇ ਤੂਲ ਫੜਿਆ
ਸੈਕਰਾਮੈਂਟੋ, ਕੈਲੀਫੋਰਨੀਆ, 21 ਜੁਲਾਈ (ਹੁਸਨ ਲੜੋਆ ਬੰਗਾ) – ਅਮਰੀਕਾ ਦੇ ਟੈਕਸਾਸ ਰਾਜ ਦੀ ਸਰਹੱਦ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਪ੍ਰਵਾਸੀਆਂ ਨੂੰ ਰੋਕਣ ਸਬੰਧੀ ਅਪਣਾਈਆਂ ਜਾ ਰਹੀਆਂ ਨੀਤੀਆਂ ਦੀ ਵੱਡੀ ਪੱਧਰ ਉਪਰ ਅਲੋਚਨਾ ਹੋ ਰਹੀ ਹੈ। ਰਾਜ ਦੇ ਇਕ ਜਵਾਨ ਵੱਲੋਂ ਪ੍ਰਗਟਾਵਾ ਕੀਤਾ ਗਿਆ ਹੈ ਕਿ ਸਰਹੱਦ ‘ਤੇ ਤਾਇਨਾਤ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਜੋ ਵੀ ਪ੍ਰਵਾਸੀ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਉਨਾਂ ਨੂੰ ਗਵਰਨਰ ਗਰੇਗ ਅਬੋਟ ਦੇ ਸਰਹੱਦ ਸੁਰੱਖਿਆ ਕਦਮਾਂ ਤਹਿਤ ਦੁਬਾਰਾ ਰੀਓ ਗਰੈਂਡ ਦਰਿਆ ਵਿਚ ਧੱਕ ਦਿੱਤਾ ਜਾਵੇ। ਇਸ ਪ੍ਰਗਟਾਵੇ ਉਪਰੰਤ ਮਾਮਲਾ ਤੂਲ ਫੜ ਗਿਆ ਹੈ। ਇਕ ਅਖਬਾਰ ਵਿਚ ਛੱਪੀ ਇਕ ਰਿਪੋਰਟ ਜਿਸ ਵਿਚ ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੂੰ ਇਕ ਜਵਾਨ ਵੱਲੋਂ ਭੇਜੀ ਇਕ ਈ ਮੇਲ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਗਵਰਨਰ ਅਬੋਟ ਦੇ ਆਪਰੇਸ਼ਨ ਲੋਨ ਸਟਾਰ ਕਾਰਨ ਪ੍ਰਵਾਸੀਆਂ ਦੀ ਜਿੰਦਗੀ ਖਤਰੇ ਵਿਚ ਪਾ ਦਿੱਤੀ ਗਈ ਹੈ। ਜਵਾਨ ਜੋ ਇਕ ਡਾਕਟਰ ਹੈ, ਨੇ ਆਪਣੇ ਸੀਨੀਅਰ ਨੂੰ ਭੇਜੀ ਈ ਮੇਲ ਵਿਚ ਸਪਸ਼ਟ ਕੀਤਾ ਹੈ ਕਿ ਉਹ ਪ੍ਰਵਾਸੀਆਂ ਨੂੰ ਰੋਕਣ ਦੇ ਕਦਮਾਂ ਦਾ ਸਮਰਥਕ ਹੈ ਪਰੰਤੂ ਇਸ ਦੇ ਨਾਲ ਹੀ ਉਸ ਨੇ ਡੈਲ ਰੀਓ ਖੇਤਰ ਵਿਚ ਇਸ ਸਾਲ ਜੂਨ ਦੇ ਅੰਤ ਵਿਚ ਤੇ ਜੁਲਾਈ ਦੇ ਸ਼ੁਰੂ ਵਿਚ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ ਜਿਨਾਂ ਵਿਚ ਪ੍ਰਵਾਸੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਹੈ। ਇਨਾਂ ਵਿਚ ਪ੍ਰਵਾਸੀ ਬੱਚਿਆਂ ਦੇ ਜ਼ਖਮੀ ਹੋਣ, ਇਕ ਗਰਭਵੱਤੀ ਔਰਤ ਨਾਲ ਗਲਤ ਵਿਵਹਾਰ ਤੇ ਹੋਰ ਬਹੁਤ ਸਾਰਿਆਂ ਨੂੰ ਭਿਆਨਕ ਗਰਮੀ ਦੇ ਬਾਵਜੂਦ ਪਾਣੀ ਨਾ ਦੇਣ ਜਾਂ ਉਚਿੱਤ ਡਾਕਟਰੀ ਸਹਾਇਤਾ ਨਾ ਦੇਣ ਵਰਗੀਆਂ ਘਟਨਾਵਾਂ ਦਾ ਜ਼ਿਕਰ ਹੈ। ਜਵਾਨ ਨੇ ਕਿਹਾ ਹੈ ਕਿ ਟੈਕਸਾਸ ਰਾਜ ਵੱਲੋਂ ਰੀਓ ਗਰੈਂਡ ਦਰਿਆ ਦੇ ਨਾਲ ਲਾਈ ਗਈ ਕੰਡਿਆਲੀ ਵਾੜ ਦੇ ਸਿੱਟੇ ਵਜੋਂ 5 ਪ੍ਰਵਾਸੀ ਦਰਿਆ ਵਿਚ ਡੁੱਬ ਗਏ ਸਨ ਜਦ ਕਿ ਕੁਝ ਹੋਰ ਕੰਡਿਆਲੀ ਵਾੜ ਵਿਚ ਫੱਸ ਕੇ ਜ਼ਖਮੀ ਹੋ ਗਏ ਸਨ। ਜਵਾਨ ਨਿਕੋਲਸ ਵਿੰਗੇਟ ਨੇ ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਸਾਰਜੈਂਟ ਨੂੰ ਭੇਜੀ ਈ ਮੇਲ ਵਿਚ ਹੋਰ ਕਿਹਾ ਹੈ ਕਿ ”ਮੈ ਸੱਚੇ ਦਿੱਲੋਂ ਆਪਰੇਸ਼ਨ ਲੋਨ ਸਟਾਰ ਦੇ ਮਿਸ਼ਨ ਵਿਚ ਵਿਸ਼ਵਾਸ਼ ਰੱਖਦਾ ਹਾਂ ਪਰੰਤੂ ਮੇਰਾ ਵਿਸ਼ਵਾਸ਼ ਹੈ ਕਿ ਅਸੀਂ ਅਣਮਨੁੱਖੀ ਸੀਮਾ ਨੂੰ ਪਾਰ ਕੀਤਾ ਹੈ। ਸਾਨੂੰ ਇਸ ਆਪਰੇਸ਼ਨ ਨੂੰ ਉਸ ਪ੍ਰਮਾਤਮਾ ਦੀ ਨਜਰ ਅਨੁਸਾਰ ਠੀਕ ਤਰਾਂ ਲਾਗੂ ਕਰਨਾ ਪਵੇਗਾ। ਸਾਨੂੰ ਇਹ ਮਾਨਤਾ ਦੇਣ ਦੀ ਲੋੜ ਹੈ ਕਿ ਇਹ ਲੋਕ ਉਸ ਪ੍ਰਮਾਤਮਾ ਦਾ ਹੀ ਰੂਪ ਹਨ ਤੇ ਉਨਾਂ ਨਾਲ ਇਸ ਅਨੁਸਾਰ ਹੀ ਵਿਵਹਾਰ ਕਰਨ ਦੀ ਲੋੜ ਹੈ।”
Home Page ਟੈਕਸਾਸ ਰਸਤੇ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਪ੍ਰਵਾਸੀਆਂ ਨੂੰ...