ਕੈਲੀਫੋਰਨੀਆ ਵਿਚ ਭਾਰਤੀ – ਅਮਰੀਕੀ ਇਕ ਨਬਾਲਗ ਦੇ ਮਾਰੀਆਂ ਗੋਲੀਆਂ, ਹੋਈ ਮੌਤ, ਸ਼ੱਕੀ ਦੋਸ਼ੀ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ

ਜੈਕਸਨ ਕਾਵਿਲ

ਸੈਕਰਾਮੈਂਟੋ (ਕੈਲੀਫੋਰਨੀਆ), 27 ਜੁਲਾਈ (ਹੁਸਨ ਲੜੋਆ ਬੰਗਾ) – ਕੈਲੀਫੋਰਨੀਆ ਵਿਚ ਕੋਲੰਬਾਈਨ ਕੋਰਟ ਦੇ 2100 ਬਲਾਕ ਵਿਚ ਵਾਪਰੀ ਗੋਲੀਬਾਰੀ ਦੀ ਇਕ ਘਟਨਾ ਵਿਚ ਇਕ ਭਾਰਤੀ ਮੂਲ ਦੇ ਅਮਰੀਕੀ ਨਬਾਲਗ ਦੀ ਮੌਤ ਹੋ ਜਾਣ ਦੀ ਖਬਰ ਹੈ। ਪੁਲਿਸ ਅਨੁਸਾਰ ਗਿਲਰੋਈ ਵਾਸੀ 18 ਸਾਲਾ ਐਡਵਿਨ ਸਾਂਚੇਜ ਦੀ ਸ਼ੱਕੀ ਦੋਸ਼ੀ ਵਜੋਂ ਪਛਾਣ ਕੀਤੀ ਗਈ ਹੈ ਜਿਸ ਨੂੰ ਗਿਲਰੋਈ ਪੁਲਿਸ ਵਿਭਾਗ ਨੇ ਹਿਰਾਸਤ ਵਿਚ ਲੈ ਲਿਆ ਹੈ। ਪਰਿਵਾਰਕ ਮੈਂਬਰਾਂ ਵੱਲੋਂ ਸੋਸ਼ਲ ਮੀਡੀਆ ਉਪਰ ਪਾਈ ਪੋਸਟ ਵਿਚ ਮ੍ਰਿਤਕ ਨਬਾਲਗ ਦੀ ਪਛਾਣ ਜੈਕਸਨ ਕਾਵਿਲ ਵਜੋਂ ਕੀਤੀ ਗਈ ਹੈ ਜਿਸ ਨੂੰ ਡਾਕਟਰੀ ਸਹਾਇਤਾ ਲਈ ਸੇਂਟ ਲੂਇਸ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉਹ ਦਮ ਤੋੜ ਗਿਆ। ਜੈਕਸਨ ਕਾਵਿਲ ਦੇ ਇਕ ਰਿਸ਼ਤੇਦਾਰ ਅਨੁਸਾਰ ਉਹ ਇਕ ਕਮੇਡੀਅਨ ਸੀ ਤੇ ਉਹ ਹਮੇਸ਼ਾਂ ਹਰ ਇਕ ਨੂੰ ਮੁਸਕਰਾਉਂਦਾ ਵੇਖਣਾ ਚਹੁੰਦਾ ਸੀ। ਮ੍ਰਿਤਕ ਦੇ ਮਾਤਾ – ਪਿਤਾ ਸਨੀ ਕਾਵਿਲ ਤੇ ਰਾਣੀ ਦਾ ਪਿਛੋਕੜ ਕੇਰਲਾ ਨਾਲ ਜੁੜਿਆ ਹੋਇਆ ਹੈ। ਅਮਰੀਕਾ ਵਿਚ ਕਾਵਿਲ ਦੇ ਪਿਤਾ ਦਾ ਗਿਲਰੋਈ ਵਿਚ ਇਕ ਰੈਸਟੋਰੈਂਟ ਹੈ ਜਦ ਕਿ ਉਸ ਦੀ ਮਾਂ ਨਰਸ ਹੈ। ਕਾਵਿਲ ਆਪਣੇ ਮਾਤਾ ਪਿਤਾ ਦੇ 4 ਬੱਚਿਆਂ ਵਿਚੋਂ ਸਭ ਤੋਂ ਛੋਟਾ ਸੀ।