ਚਿੰਤਨ ਅਤੇ ਨਾਬਰੀ ਦੀ ਪਰੰਪਰਾ ਨੂੰ ਸੰਭਾਲਣਾ ਸਮੇਂ ਦੀ ਲੋੜ ਹੈ
ਜਲੰਧਰ, 30 ਜੁਲਾਈ (ਅਮੋਲਕ ਸਿੰਘ) – ਦੇਸ਼ ਭਗਤ ਯਾਦਗਾਰ ਕਮੇਟੀ ਦੀ ਇਤਿਹਾਸ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ ਦੀ ਪੁਸਤਕ ‘ਪੰਜਾਬੀਆਂ ਦੀ ਮਰਨ-ਮਿੱਟੀ’ ਉੱਪਰ ਹੋਈ ਵਿਚਾਰ-ਚਰਚਾ ਨੇ ਇਤਿਹਾਸ, ਸਾਹਿਤ, ਪੰਜਾਬੀ, ਜਨ-ਜੀਵਨ, ਪੰਜਾਬੀ ਸਭਿਆਚਾਰ ਅਤੇ ਮਨੋਵਿਗਿਆਨ ਦੀਆਂ ਅਨੇਕਾਂ ਸੂਖ਼ਮ ਪਰਤਾਂ ਫਰੋਲਦਿਆਂ ਪੰਜਾਬੀ ਸਮਾਜ ਲਈ ਚਿੰਤਨ, ਦ੍ਰਿਸ਼ਟੀ ਅਤੇ ਉਦੇਸ਼ ਦੀ ਸਪੱਸ਼ਟਤਾ ਹੋਣ ਦੀ ਹਾਕਾਂ ਮਾਰਦੀ ਲੋੜ ਨੂੰ ਉਭਾਰ ਕੇ ਰੌਸ਼ਨੀ ‘ਚ ਲਿਆਂਦਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਕਮੇਟੀ ਮੈਂਬਰ ਡਾ. ਪਰਮਿੰਦਰ ਸਿੰਘ ਅਤੇ ਉੱਘੇ ਵਿਦਵਾਨ ਡਾ. ਸੇਵਾ ਸਿੰਘ ਦੀ ਪ੍ਰਧਾਨਗੀ ‘ਚ ਹੋਈ ਇਸ ਵਿਚਾਰ-ਚਰਚਾ ਦਾ ਆਗਾਜ਼ ਸ਼ਹੀਦ ਊਧਮ ਸਿੰਘ, ਕਾਲਿਆਂ ਵਾਲਾ ਖੂਹ ਅਤੇ ਜੁਲਾਈ ਮਹੀਨੇ ਦੇ ਸਮੂਹ ਆਜ਼ਾਦੀ ਸੰਗਰਾਮੀਏ ਸ਼ਹੀਦਾਂ ਨੂੰ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਇਆ। ਇਸ ਮੌਕੇ ਕਮੇਟੀ ਪ੍ਰਧਾਨ ਅਜਮੇਰ ਸਿੰਘ ਨੇ ਸ਼ਹੀਦਾਂ ਨੂੰ ਸਿੱਜਦਾ ਕਰਦਿਆਂ ਕਿਹਾ ਕਿ ਊਧਮ ਸਿੰਘ ਜਲ੍ਹਿਆਂਵਾਲਾ ਬਾਗ਼ ਦਾ ਬਦਲਾ ਲੈਣ ਦਾ ਨਾਮ ਨਹੀਂ ਸਗੋਂ ਇਸ ਤੋਂ ਕਿਤੇ ਉਚੇਰੇ ਉਦੇਸ਼ ਸਮਾਜਕ ਬਦਲਾਅ ਨੂੰ ਪ੍ਰਨਾਇਆ ਰੌਸ਼ਨ ਚਿਰਾਗ਼ ਹੈ।
ਵਿਚਾਰ-ਚਰਚਾ ਦੇ ਮੁੱਖ ਵਕਤਾ ਸੁਖਜਿੰਦਰ ਨੇ ਕਿਹਾ ਕਿ ਇਤਿਹਾਸ ਦੀ ਗੱਲ ਕਰਦਿਆਂ ਇੱਕ ਅੱਖ ਗੁਆਉਣੀ ਪੈਂਦੀ ਹੈ, ਜੇਕਰ ਇਤਿਹਾਸ ਦੀ ਗੱਲ ਨਹੀਂ ਕਰਾਂਗੇ ਤਾਂ ਦੋਵੇਂ ਅੱਖਾਂ ਗੁਆ ਬਹਿੰਦੇ ਹਾਂ। ਉਨ੍ਹਾਂ ਕਿਹਾ ਕਿ ‘ਪੰਜਾਬੀਆਂ ਦੀ ਮਰਨ ਮਿੱਟੀ’ ਪੰਜਾਬੀ ਮਾਨਸਿਕਤਾ ਦੀਆਂ ਜੜ੍ਹਾਂ ਵਿੱਚ ਕਾਰਜਸ਼ੀਲ ਕਾਰਨਾਂ ਦੀ ਘੋਖ ਕਰਨ ਦੇ ਫ਼ਿਕਰ ਜਗਾਉਂਦੀ ਹੈ।
ਸੁਖਜਿੰਦਰ ਨੇ ਕਿਹਾ ਕਿ ਪੈਰਾਸ਼ੂਟ ਰਾਹੀਂ ਉੱਤਰੀ ਨਵੇਂ ਸਮਾਜ ਦੀ ਵਿਚਾਰਧਾਰਾ ਦੀ ਮਿੱਟੀ ਵਿੱਚ ਗਹਿਰੀ ਜੜ੍ਹ ਕਿਉਂ ਨਹੀਂ ਲੱਗ ਸਕੀ। ਇਹ ਹਰਿਆ ਭਰਿਆ ਮਹਿਕਾਂ ਵੰਡ ਦਾ ਬਾਗ਼ ਕਿਉਂ ਨਹੀਂ ਬਣ ਸਕੀ। ਇਹ ਉਲਾਂਭਾ ਨਹੀਂ ਇਹ ਸਮਾਜੀ ਸਰੋਕਾਰਾਂ ਦੀ ਫ਼ਿਕਰਮੰਦੀ ਨਾਲ ਬਾਂਹ ਫੜਨ ਦਾ ਸੁਆਲ ਹੈ।
ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਕਿਹਾ ਕਿ ਹਰਵਿੰਦਰ ਭੰਡਾਲ ਦੀ ਕਿਤਾਬ ਚੇਤਨਾ ਅਤੇ ਚਿੰਤਨ ਨੂੰ ਜਗਾਉਂਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਸਿਰਜਣਾਤਮਿਕਤਾ ਵੱਲ ਧਿਆਨ ਕੇਂਦਰਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਵਿੱਖਮੁਖੀ ਦਿਸ਼ਾ ਕੀ ਹੋਵੇ, ਇਸ ਪਾਸੇ ਹੋਰ ਵੀ ਵਧੇਰੇ ਸੰਵੇਦਨਾ ਅਤੇ ਮਿਹਨਤ ਨਾਲ ਸਿਰਜਣਾ ਕਰਨ ਦੀ ਲੋੜ ਹੈ।
ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਪੰਜਾਬੀਆਂ ਦੀ ਮਰਨ ਮਿੱਟੀ ਦੀ ਮਾਨਸਿਕਤਾ ਬਸਤੀਵਾਦੀ ਦਾਬੇ ਤੋਂ ਬਾਅਦ ਹੀ ਨਹੀਂ ਬਣੀ ਸਗੋਂ ਇਸ ਦੀ ਪਿੱਠ ਭੂਮੀ ਦੀ ਮਿੱਟੀ ਵੀ ਫਰੋਲਣ, ਛਾਣਨ ਦੀ ਲੋੜ ਹੈ। ਤਰਕ ਦੇ ਨਾਂਅ ਹੇਠ ਮਿਥਿਹਾਸ ਦੀ ਬੇਬਾਕੀ ਨਾਲ ਉਦਾਹਰਨ ਪੇਸ਼ ਕਰਦਿਆਂ ਕਿਹਾ ਕਿ ਗੰਗੂ ਨੂੰ ‘ਮੁਜ਼ਰਿਮ’ ਬਣਾ ਧਰਨ ਪਿੱਛੇ ਸਥਾਪਤੀ ਦੀਆਂ ਕਾਰਸਤਾਨੀ ਭਰੀਆਂ ਮਿੱਥਾਂ ਦੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਅਤੀਤ ਉੱਪਰ ਟਿੱਪਣੀ ਕਰਦੇ ਰਹਿਣ ਤੋਂ ਅੱਗੇ ਤੁਰਨ ਦੀ ਲੋੜ ਹੈ ਕਿ ਅੱਜ ਕੀ ਕਰਨਾ ਲੋੜੀਏ, ਨਵਾਂ ਇਤਿਹਾਸ ਕਿਵੇਂ ਸਿਰਜੀਏ ਵਰਗੇ ਨੁਕਤਿਆਂ ਉੱਪਰ ਵਧੇਰੇ ਗੱਲ ਹੋਣੀ ਚਾਹੀਦੀ ਹੈ।
ਡਾ. ਸੈਲੇਸ਼ ਨੇ ਪੁਸਤਕ ‘ਤੇ ਬੋਲਦਿਆਂ ਕਿਹਾ ਕਿ ਹਰਵਿੰਦਰ ਭੰਡਾਲ ਦੀ ਨਿਖੇਆਤਮਕ ਦ੍ਰਿਸ਼ਟੀ ਵੱਲ ਉੱਲਰਦਾ ਹੈ, ਜਦੋਂ ਕਿ ਬੱਬਰ ਅਕਾਲੀ ਲਹਿਰ ਦੀ ਪੱਤਰਕਾਰਤਾ, ਸਾਮਰਾਜੀ ਦਾਬੇ ਖ਼ਿਲਾਫ਼ ਵਿਦਰੋਹ ਨੂੰ ਬੱਬਰ ਅਕਾਲੀ ਲਹਿਰ ਦੀਆਂ ਕਮਜ਼ੋਰੀਆਂ ਦੇ ਬਾਵਜੂਦ ਛੁਟਿਆਇਆ ਨਹੀਂ ਜਾ ਸਕਦਾ।
ਸ਼ਬਦੀਸ਼ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ 5000 ਸਾਲ ਪੁਰਾਣੇ ਇਤਿਹਾਸ ਨੂੰ ਸਤਾਰ੍ਹਵੀਂ ਸਦੀ ਤੋਂ ਸ਼ੁਰੂ ਕਰਕੇ ਪੁਸਤਕ ਪੰਜਾਬੀਆਂ ਦੀ ਮਰਨ ਮਿੱਟੀ ਦੇ ਗਹਿਰੇ ਰੁਝਾਨਾਂ ਨੂੰ ਸ਼ਾਇਦ ਫੜਨ ‘ਚ ਸੰਪੂਰਨਤਾ ਦੀ ਦਾਅਵੇਦਾਰੀ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਬੱਬਰ ਅਕਾਲੀ ਲਹਿਰ ਬਰਤਾਨਵੀ ਸਾਮਰਾਜ ਦਾ ਬੋਰੀਆ ਬਿਸਤਰਾ ਗੋਲ ਕਰਨ ਲਈ ਦ੍ਰਿੜ੍ਹ ਸੰਕਲਪ ਹੋਣ ਦੇ ਬਾਵਜੂਦ ਅਰਾਜਕਤਾ ਦੇ ਚੱਕਰਵਿਊ ‘ਚ ਘਿਰ ਗਈ। ਇਸ ਤੋਂ ਗੰਭੀਰ ਸਬਕ ਲੈਣ ਦੀ ਲੋੜ ਹੈ।
ਡਾ. ਪਰਮਿੰਦਰ ਨੇ ਕਿਹਾ ਕਿ ਇਹ ਪੁਸਤਕ ਖੱਬੀ ਲਹਿਰ ਪ੍ਰਤੀ ਨਕਾਰਾਤਮਿਕ ਪਹੁੰਚ ਨਹੀਂ ਰੱਖਦੀ ਨਾ ਹੀ ਇਸ ਦਾ ਅੰਨ੍ਹਾ ਗੁਣਗਾਨ ਕਰਦੀ ਹੈ, ਇਹ ਸਗੋਂ ਲੋਕਾਂ ਦੀ ਗੱਲ ਕਰਨ ਵਾਲੀ ਇਸ ਲਹਿਰ ਨਾਲ ਗੰਭੀਰ ਅਤੇ ਸਿਰਜਣਾਤਮਿਕ ਸੰਵਾਦ ਛੇੜਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਜੇਲ੍ਹ ਡਾਇਰੀ ਅਤੇ ਹੋਰ ਲਿਖਤਾਂ ਉੱਪਰ ਪੜਚੋਲਵੀਂ ਦ੍ਰਿਸ਼ਟੀ ਤੋਂ ਗੰਭੀਰ ਕੰਮ ਹੋਣ ਦੀ ਲੋੜ ਹੈ।
ਉੱਘੇ ਵਿਦਵਾਨ ਡਾ. ਸੇਵਾ ਸਿੰਘ ਨੇ ਕਿਹਾ ਕਿ ਪੰਜਾਬ ਦੀ ਭੋਇ ਪ੍ਰਤਿਰੋਧ ਦੀ ਭੋਇ ਰਹੀ ਹੈ। ਬਸਤੀਵਾਦ ਨੇ ਸੁਚੇਤ ਪੱਧਰ ‘ਤੇ ਪੰਜਾਬੀ ਮਿੱਟੀ ਦੀ ਨਾਬਰੀ ਅਤੇ ਪ੍ਰਤਿਰੋਧ ਦੀ ਅਮੁੱਲੀ ਵਿਰਾਸਤ ਨੂੰ ਚੋਣਵੇਂ ਨਿਸ਼ਾਨੇ ‘ਤੇ ਲਿਆਂਦਾ। ਇਸ ਨੁਕਤੇ ਵੱਲ ਸਾਡਾ ਧਿਆਨ ਖਿੱਚਦੀ ਹੈ ਭੰਡਾਲ ਦੀ ਪੁਸਤਕ।
‘ਪੰਜਾਬੀਆਂ ਦੀ ਮਰਨ ਮਿੱਟੀ’ ਦਾ ਸਰੋਤ ਬਸਤੀਵਾਦੀਆਂ ਦੀ ਗਿਣੀ ਮਿਥੀ ਯੋਜਨਾ ਦਾ ਹਿੱਸਾ ਹੈ। ਡਾ. ਸੇਵਾ ਸਿੰਘ ਨੇ ਕਿਹਾ ਕਿ ਬਸਤੀਵਾਦੀਆਂ ਨੇ ਬਾਬਾ ਨਾਨਕ, ਬੁੱਲੇ ਸ਼ਾਹ ਦਾ ਚਿੰਤਨ ਅਤੇ ਸੰਵਾਦ ਦਾ ਸੱਤਿਆਨਾਸ ਕੀਤਾ ਤਾਂ ਜੋ ਉਹ ਲੋਕਾਂ ਨੂੰ ਗ਼ੁਲਾਮੀ ਦੀ ਚੋਭ ਰੜਕਣ ਤੋਂ ਬੇਖ਼ਬਰ ਰੱਖ ਸਕਣ।
ਪੁਸਤਕ ਦੇ ਰਚਨਾਕਾਰ ਹਰਵਿੰਦਰ ਭੰਡਾਲ ਨੇ ਕਿਹਾ ਕਿ ਪੁਸਤਕ ਉੱਪਰ ਹੋਈ ਗੰਭੀਰ ਚਰਚਾ ਸਾਡੇ ਸਾਰਿਆਂ ਲਈ ਮੁੱਲਵਾਨ ਹੈ ਅਤੇ ਇਹ ਮੇਰੇ ਉੱਪਰ ਭਵਿੱਖ ‘ਚ ਹੋਰ ਗੰਭੀਰ ਅਤੇ ਵਡੇਰੀ ਜ਼ਿੰਮੇਵਾਰੀ ਆਇਦ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਸਾਰੂ ਅਤੇ ਸਿਰਜਣਾਤਮਿਕ ਆਲੋਚਨਾ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ।
ਇਸ ਮੌਕੇ ਨਾਮਵਰ ਕਵੀ ਹਰਮੀਤ ਵਿਦਿਆਰਥੀ, ਹਰਮੇਸ਼ ਮਾਲੜੀ ਨੇ ਸਮੇਂ ਦਾ ਧਿਆਨ ਰੱਖਦਿਆਂ ਕਿਤਾਬ ਦੀ ਆਮਦ ਨੂੰ ਜੀ ਆਇਆਂ ਕਿਹਾ। ਵਿਚਾਰ-ਚਰਚਾ ‘ਚ ਮੰਚ ਸੰਚਾਲਨ ਦੀ ਭੂਮਿਕਾ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਅਦਾ ਕੀਤੀ।
Home Page ‘ਪੰਜਾਬੀਆਂ ਦੀ ਮਰਨ-ਮਿੱਟੀ’ ਪੁਸਤਕ ‘ਤੇ ਵਿਚਾਰ-ਚਰਚਾ ਨੇ ਕੱਢੇ ਤੱਤ