ਸੈਕਰਾਮੈਂਟੋ,ਕੈਲੀਫੋਰਨੀਆ, 29 ਜੁਲਾਈ (ਹੁਸਨ ਲੜੋਆ ਬੰਗਾ) – ਭਾਰਤ ਦੇ ਮਨੀਪੁਰ ਰਾਜ ਵਿਚ ਹੋ ਰਹੀ ਨਸਲੀ ਹਿੰਸਾ ਵਿਰੁੱਧ ਅਮਰੀਕਾ ਦੇ ਕੈਲੀਫੋਰਨੀਆ ਸਮੇਤ ਹੋਰ ਰਾਜਾਂ ਵਿਚ ਪ੍ਰਦਰਸ਼ਨ ਹੋਣ ਦੀਆਂ ਰਿਪੋਰਟਾਂ ਹਨ। ਪ੍ਰਦਰਸ਼ਨਕਾਰੀਆਂ ਨੇ ਨਸਲੀ ਹਿੰਸਾ ਵਿਰੁੱਧ ਪੋਸਟਰ ਚੁੱਕੇ ਹੋਏ ਸਨ ਤੇ ਉਨਾਂ ਨੇ ਨਸਲੀ ਹਿੰਸਾ ਦੀ ਜੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ। ਨਸਲੀ ਹਿੰਸਾ ਜਿਸ ਵਿੱਚ ਹੁਣ ਤੱਕ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ ਤੇ ਕਈ ਲੋਕਾਂ ਦੇ ਘਰ ਬਾਰ ਸਾੜੇ ਦਿੱਤੇ ਗਏ ਹਨ,ਅਨੇਕਾਂ ਵਾਹਣ ਅੱਗ ਦੀ ਭੇਟ ਚੜ ਚੁੱਕੇ ਹਨ ਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਵਿਰੁੱਧ ਕੈਲੀਫੋਰਨੀਆ ਤੋਂ ਇਲਾਵਾ ਨਿਊ ਜਰਸੀ ਤੇ ਮਾਸਾਚੂਸੈਟਸ ਵਿਚ ਵੀ ਜੋਰਦਾਰ ਪ੍ਰਦਰਸ਼ਨ ਹੋਏ। ਪਿੱਛਲੇ ਹਫਤੇ ਮਨੀਪੁਰ ਵਿਚ 2 ਕਬਾਇਲੀ ਔਰਤਾਂ ਨੂੰ ਨਿਰਵਸਤਰ ਕਰਕੇ ਘੁੰਮਾਉਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਵਿਚ ਲੋਕਾਂ ਵਿੱਚ ਰੋਸ ਤੇ ਗੁੱਸਾ ਪਾਇਆ ਜਾ ਰਿਹਾ ਹੈ ਤੇ ਉਹ ਸੜਕਾਂ ‘ਤੇ ਉਤਰ ਆਏ ਹਨ। ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਅਮਰੀਕੀ ਤੇ ਹੋਰ ਲੋਕ ਓਕਲੈਂਡ ਸਿੱਟੀ ਹਾਲ ਵਿਚ ਇਕੱਠੇ ਹੋਏ ਤੇ ਮਨੀਪੁਰ ਹਿੰਸਾ ਵਿਰੁੱਧ ਆਪਣਾ ਵਿਰੋਧ ਪ੍ਰਗਟਾਇਆ। ਇਹ ਪ੍ਰਦਰਸ਼ਨ ਹੋਰ ਜਥੇਬੰਦੀਆਂ ਤੋਂ ਇਲਾਵਾ ਨਾਰਥ ਅਮੈਰੀਕਨ ਮਨੀਪੁਰ ਟਰਾਈਬਲ ਐਸੋਸੀਏਸ਼ਨ, ਇੰਡੀਅਨ ਅਮੈਰੀਕਨ ਮੁਸਲਿਮ ਕੌਂਸਲ ਤੇ ਅੰਬੇਦਕਰ ਕਿੰਗ ਸਟੱਡੀ ਸਰਕਲ ਵੱਲੋਂ ਅਯੋਜਿਤ ਕੀਤਾ ਗਿਆ ਸੀ। ਨਾਰਥ ਅਮੈਰੀਕਨ ਮਨੀਪੁਰ ਟਰਾਈਬਲ ਐਸੋਸੀਏਸ਼ਨ ਦੇ ਆਗੂ ਨਿਆਂਗ ਹੈਂਗਜ਼ੋ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦੰਗਾਕਾਰੀਆਂ ਨੇ ਸਾਡੇ ਘਰਾਂ , ਸਾਡੀਆਂ ਜਾਇਦਾਦਾਂ ਨੂੰ ਤਬਾਹ ਕਰ ਦਿੱਤਾ ਹੈ। ਘਰਾਂ ਵਿਚੋਂ ਕੱਢਕੇ ਸਾਨੂੰ ਮਾਰਿਆ ਜਾ ਰਿਹਾ ਹੈ, ਸਾਡੀਆਂ ਧੀਆਂ ਭੈਣਾਂ ਨਾਲ ਜਬਰਜਨਾਹ ਹੋ ਰਹੇ ਹਨ। ਦੰਗਾਕਾਰੀਆਂ ਨੇ ਸਾਡੀ ਹਰ ਚੀਜ਼ ਮਿੱਟੀ ਵਿਚ ਮਿਲਾ ਦਿੱਤੀ ਹੈ। ਉਨਾਂ ਸਵਾਲ ਕੀਤਾ ਕਿ ਵਿਸ਼ਵ ਕਦੋਂ ਤੱਕ ਮੂਕ ਦਰਸ਼ਕ ਬਣਕੇ ਇਹ ਸਭ ਕੁਝ ਵੇਖਦਾ ਰਹੇਗਾ। ਉਨਾਂ ਮੰਗ ਕੀਤੀ ਕਿ ਸਦਨ ਵਿਚ ਇਸ ਸਬੰਧੀ ਚਰਚਾ ਹੋਣੀ ਚਾਹੀਦੀ ਹੈ ਜਿਸ ਤਰਾਂ ਯੂਰਪੀ ਯੁਨੀਅਨ ਵਿਚ ਹੋਈ ਹੈ। ਯੂਰਪੀ ਯੁਨੀਅਨ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਇਕ ਮਤਾ ਪਰਵਾਨ ਕਰਕੇ ਭਾਰਤ ਨੂੰ ਕਿਹਾ ਹੈ ਕਿ ਉਹ ਮਨੀਪੁਰ ਵਿਚ ਹਿੰਸਾ ਰੋਕਣ ਲਈ ਸਾਰੇ ਲੋੜੀਂਦੇ ਕਦਮ ਚੁੱਕਣ ਤੇ ਘੱਟ ਗਿਣਤੀਆਂ ਖਾਸ ਕਰਕੇ ਇਸਾਈ ਭਾਈਚਾਰੇ ਦੀ ਰਖਿਆ ਕਰਨ। ਹਾਲਾਂ ਕਿ ਭਾਰਤ ਨੇ ਇਸ ਮਤੇ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜੀ ਕਰਾਰ ਦਿੱਤਾ ਹੈ।
ਕੈਪਸ਼ਨ ਮਨੀਪੁਰ ਹਿੰਸਾ ਵਿਰੁੱਧ ਅਮਰੀਕਾ ਵਿਚ ਹੋਏ ਪ੍ਰਦਰਸ਼ਨ ਦਾ ਇਕ ਦ੍ਰਿਸ਼
Home Page ਅਮਰੀਕਾ ਦੇ ਕੈਲੀਫੋਰਨੀਆ ਸਮੇਤ ਹੋਰ ਰਾਜਾਂ ਵਿਚ ਮਨੀਪੁਰ ਨਸਲੀ ਹਿੰਸਾ ਵਿਰੁੱਧ ਪ੍ਰਦਰਸ਼ਨ।