ਗਲੋਬਲ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਵੱਲੋਂ ਅਕਤੂਬਰ ‘ਚ ਨਿਊਜ਼ੀਲੈਂਡ ਲਈ ‘ਬੌਰਨ ਟੂ ਸ਼ਾਈਨ’ ਟੂਰ ਦਾ ਐਲਾਨ

ਆਕਲੈਂਡ ਦੇ ਸਪਾਰਕ ਅਰੇਨਾ ਵਿਖੇ 15 ਅਕਤੂਬਰ ਨੂੰ ਰਾਤ ਦਾ ਸ਼ੋਅ ਹੋਵੇਗਾ
ਆਕਲੈਂਡ, 2 ਅਗਸਤ – ਕੋਚੇਲਾ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਟ੍ਰਿਪਲ ਥ੍ਰੇਟ ਗਾਇਕ, ਅਭਿਨੇਤਾ ਅਤੇ ਗਲੋਬਲ ਐਂਟਰਟੇਨਰ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਆਪਣੇ ਬਹੁਤ ਹੀ ਪ੍ਰਚਾਰਿਤ ‘ਬੌਰਨ ਟੂ ਸ਼ਾਈਨ’ ਟੂਰ ਨਾਲ ਵਿਸ਼ਵ ਪੱਧਰ ‘ਤੇ ਇੱਕ ਸ਼ਾਨਦਾਰ ਪ੍ਰਦਰਸ਼ਨ ਨਾ ਧੂਮਾਂ ਪਾ ਰਹੇ ਹਨ ਅਤੇ ਉਨ੍ਹਾਂ ਦਾ ਨਿਊਜ਼ੀਲੈਂਡ ਅਗਲਾ ਪੜਾਓ ਹੈ। ਰਿਪਲ ਇਫੈਕਟ ਸਟੂਡੀਓ, ਸਾਰੇਗਾਮਾ ਲਾਈਵ ਅਤੇ ਟੀਈਜੀ ਲਾਈਵ ਦੁਆਰਾ ਪੇਸ਼ ਕੀਤੇ ਇਸ ਟੂਰ ‘ਚ ਦੋਸਾਂਝ ਨਿਊਜ਼ੀਲੈਂਡ ‘ਚ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ।
ਗਾਇਕ ਦਿਲਜੀਤ ਦੋਸਾਂਝ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਆਕਲੈਂਡ ਦੇ ਸਪਾਰਕ ਅਰੇਨਾ ਵਿਖੇ 15 ਅਕਤੂਬਰ ਦਿਨ ਐਤਵਾਰ ਨੂੰ ਇੱਕ ਰਾਤ ਦਾ ਅਖਾੜਾ ਲਾਉਣਗੇ ਯਾਨੀ ਸ਼ੋਅ ਕਰਨਗੇ।
ਨਿਊਜ਼ੀਲੈਂਡ ‘ਚ ਹੋਣ ਵਾਲੇ ਦੋਸਾਂਝ ਦੇ ‘ਬੌਰਨ ਟੂ ਸ਼ਾਈਨ’ ਟੂਰ ਦੀਆਂ ਟਿਕਟਾਂ ਆਮ ਲੋਕਾਂ ਲਈ ਸੋਮਵਾਰ 7 ਅਗਸਤ ਨੂੰ ਸਵੇਰੇ 10 ਵਜੇ (ਸਥਾਨਕ ਸਮੇਂ) ਟਿਕਟਟੈਕ ਤੋਂ ਵਿੱਕਰੀ ਲਈ ਸ਼ੁਰੂ ਕੀਤੀਆਂ ਜਾਣਗੀਆਂ। ਇੱਥੇ ਇੱਕ TEG ਲਾਈਵ ਪ੍ਰੀਸੈਲ ਹੋਵੇਗੀ ਜੋ ਵੀਰਵਾਰ 3 ਅਗਸਤ ਨੂੰ ਦੁਪਹਿਰ 1 ਵਜੇ (ਸਥਾਨਕ ਸਮੇਂ) ਤੋਂ ਸ਼ੁਰੂ ਹੋਵੇਗੀ ਅਤੇ ਇਸ ਤੋਂ ਬਾਅਦ ਸ਼ੁੱਕਰਵਾਰ 4 ਅਗਸਤ ਨੂੰ ਦੁਪਹਿਰ 12 ਵਜੇ ਮਾਈ ਟਿਕਟੇਕ ਪ੍ਰੀਸੈਲ ਹੋਵੇਗੀ।
ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫ਼ੈਸਟੀਵਲ ‘ਚ ਪਰਫਾਰਮ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਦਿਲਜੀਤ ਦੋਸਾਂਝ ਨੇ ਕਿਹਾ ਕਿ, “ਦਿ ਬੌਰਨ ਟੂ ਸ਼ਾਈਨ ਵਰਲਡ ਟੂਰ ਮੇਰੇ ਲਈ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ। ਮੈਨੂੰ ਨਿਊਜ਼ੀਲੈਂਡ ‘ਚ ਪਰਫਾਰਮ ਕੀਤੇ 10 ਸਾਲ ਹੋ ਗਏ ਹਨ ਅਤੇ ਉੱਥੇ ਮੇਰੇ ਪ੍ਰਸ਼ੰਸਕਾਂ ਨੂੰ ਮਿਲਣ ਅਤੇ ਉਨ੍ਹਾਂ ਦਾ ਮਨੋਰੰਜਨ ਕਰਨ ਦਾ ਇਹ ਸਹੀ ਸਮਾਂ ਹੈ। ਇਸ ਤਰ੍ਹਾਂ ਦੇ ਸ਼ੋਅ ਕਰਨ ਦੇ ਲਈ ਬਹੁਤ ਕੁੱਝ ਕਰਨਾ ਪੈਂਦਾ ਹੈ ਅਤੇ ਮੈਂ ਸੱਚਮੁੱਚ ਆਪਣੇ ਪ੍ਰਸ਼ੰਸਕਾਂ ਦੇ ਲਈ ਪ੍ਰਦਰਸ਼ਨ ਕਰਨ ਦੇ ਲਈ ਉਤਸ਼ਾਹਿਤ ਹਾਂ”।
ਈਵੈਂਟ ਕੰਪਨੀ ਰਿਪਲ ਇਫੈਕਟ ਸਟੂਡੀਓ ਦੀ ਮਾਲਕ ਸੋਨਾਲੀ ਸਿੰਘ, ਜੋ ਕਿ ਦਿਲਜੀਤ ਦੋਸਾਂਝ ਦਾ ਪ੍ਰਬੰਧਨ ਵੀ ਕਰਦੀ ਹੈ, ਕਹਿੰਦੀ ਹੈ, “ਸਾਨੂੰ ਇਸ ਤੱਥ ‘ਤੇ ਬਹੁਤ ਮਾਣ ਹੈ ਕਿ ਦਿਲਜੀਤ ਦੇ ਨਾ ਸਿਰਫ਼ ਭਾਰਤ ‘ਚ ਸਗੋਂ ਅੰਤਰਰਾਸ਼ਟਰੀ ਪੱਧਰ ‘ਤੇ ਵੀ ਬਹੁਤ ਵੱਡੇ ਪੱਧਰ ‘ਤੇ ਪ੍ਰਸ਼ੰਸਕ ਹਨ। ਅਮਰੀਕਾ, ਕੈਨੇਡਾ ਅਤੇ ਯੂਕੇ ‘ਚ ਸਾਨੂੰ ਜਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ ਉਹ ਉਮੀਦਾਂ ਤੋਂ ਪਰੇ ਹੈ। ਸਾਨੂੰ ਨਿਊਜ਼ੀਲੈਂਡ ਦੇ ਪ੍ਰਸ਼ੰਸਕਾਂ ਵੱਲੋਂ ਦਿਲਜੀਤ ਨੂੰ ਇੱਥੇ ਪ੍ਰਦਰਸ਼ਨ ਕਰਨ ਲਈ ਬੇਨਤੀ ਕਰਨ ਵਾਲੇ ਬਹੁਤ ਸਾਰੇ ਸੰਦੇਸ਼ ਮਿਲ ਰਹੇ ਹਨ। ਇਹ ਸਾਡੇ ਲਈ ਉਨ੍ਹਾਂ ਨੂੰ ਸੁਣਨ ਦਾ ਸਮਾਂ ਹੈ ਅਤੇ ਅਸੀਂ ਇੱਥੇ ਪ੍ਰਦਰਸ਼ਨ ਕਰਨ ਅਤੇ ਆਪਣੇ ਪ੍ਰਸ਼ੰਸਕਾਂ ਦਾ ਮਨ ਪ੍ਰਚਾਉਣ ਲਈ ਤਿਆਰ ਹਾਂ”।
ਸਾਰੇਗਾਮਾ ਇੰਡੀਆ ਲਿਮਟਿਡ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਫਿਲਮਜ਼ ਐਂਡ ਈਵੈਂਟਸ ਸਿਧਾਰਥ ਆਨੰਦ ਕੁਮਾਰ ਕਹਿੰਦੇ ਹਨ, “ਬੌਰਨ ਟੂ ਸ਼ਾਈਨ ਵਰਲਡ ਟੂਰ ‘ਤੇ ਦਿਲਜੀਤ ਦੋਸਾਂਝ ਨਾਲ ਕੰਮ ਕਰਕੇ ਬਹੁਤ ਵਧੀਆ ਸਮਾਂ ਰਿਹਾ ਹੈ। ਸਾਰੇਗਾਮਾ ਵਿਖੇ, ਸਾਡਾ ਮਨੋਰਥ ਅਜਿਹੇ ਸਮਾਗਮਾਂ ਦਾ ਆਯੋਜਨ ਕਰਨਾ ਹੈ ਜੋ ਦਰਸ਼ਕਾਂ ਨੂੰ ਇੱਕ ਵਧੀਆ ਅਨੁਭਵ ਪ੍ਰਦਾਨ ਕਰਦੇ ਹਨ, ਜੋ ਕਿ ਉਹ ਆਪਣੇ ਨਾਲ ਘਰ ਵਾਪਸ ਲੈ ਕੇ ਜਾਂਦੇ ਹਨ ਅਤੇ ਲੰਬੇ ਸਮੇਂ ਤੱਕ ਸਾਂਭ ਕੇ ਰੱਖਦੇ ਹਨ। ਦਿਲਜੀਤ ਦੇ ਦੁਨੀਆ ਭਰ ‘ਚ ਬਹੁਤ ਵੱਡੇ ਪੱਧਰ ‘ਤੇ ਪ੍ਰਸ਼ੰਸਕ ਹਨ ਅਤੇ ਅਸੀਂ ਨਿਊਜ਼ੀਲੈਂਡ ‘ਚ ਸ਼ਾਨਦਾਰ ਹੁੰਗਾਰੇ ਦੀ ਉਡੀਕ ਕਰ ਰਹੇ ਹਾਂ”।
ਟੀਈਜੀ ਦੇ ਸੀਈਓ ਜਿਓਫ ਜੋਨਸ ਨੇ ਕਿਹਾ ਕਿ, “ਟੀਈਜੀ ਪੰਜਾਬੀ ਸੁਪਰਸਟਾਰ ਗਾਇਕ ਦਿਲਜੀਤ ਦੋਸਾਂਝ ਨੂੰ ਲੰਬੇ ਸਮੇਂ ਬਾਅਦ ਨਿਊਜ਼ੀਲੈਂਡ ਲੈ ਕੇ ਆਉਣ ‘ਚ ਬਹੁਤ ਖ਼ੁਸ਼ ਹੈ। ਕਈ ਸਾਲਾਂ ਤੋਂ ਪੂਰੇ ਭਾਰਤ ‘ਚ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਤੋਂ ਲੈ ਕੇ ਯੂਕੇ ‘ਚ ਭਰਵੇਂ ਸ਼ੋਅ ਕਰਨ ਤੱਕ, ਇਸੇ ਸਾਲ 2023 ਵਿੱਚ ਕੋਚੇਲਾ ਫ਼ੈਸਟੀਵਲ ‘ਚ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣਨ ਤੋਂ ਲੈ ਕੇ ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀ ਸੁਪਰਸਟਾਰ ਗਾਇਕ ਦਿਲਜੀਤ ਦੋਸਾਂਝ ਦੇ ਕੀਵੀ ਪ੍ਰਸ਼ੰਸਕ ਇੱਕ ਬਹੁਤ ਹੀ ਖ਼ਾਸ ਸ਼ਾਮ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ”।
ਆਸਟਰੇਲੀਆਈ ਮਲਟੀ-ਪਲੈਟੀਨਮ ਕਲਾਕਾਰ ਇਲੀ ਅਤੇ ਗੁਡਨਾ-ਅਧਾਰਤ ਹਿੱਪ ਹੌਪ ਫੋਰਸ ਲਿਸੀਹ ਨੇ ਦੋਸਾਂਝ ਦੇ ਨਾਲ ਉਸ ਦੇ ਵਾਇਰਲ ਸਮੈਸ਼ ਸ਼ੌਫਰ (ਰੀਮਿਕਸ) ਦੇ ਇੱਕ ਅਧਿਕਾਰਤ ਰੀਮਿਕਸ ਲਈ ਟੀਮ ਬਣਾਈ ਹੈ। ਮੂਲ ਸੰਗੀਤ ਵੀਡੀਓ ‘ਤੇ 52 ਮਿਲੀਅਨ ਤੋਂ ਵੱਧ ਵਿਯੂਜ਼ ਦੇ ਨਾਲ, ਸ਼ੌਫਰ ਨਿਊਜ਼ੀਲੈਂਡ ਦੇ YouTube ਚਾਰਟ ‘ਤੇ ਚੋਟੀ ਦੇ 5 ਵਿੱਚ ਆ ਗਿਆ ਹੈ ਅਤੇ ਗਲੋਬਲ ਪੱਧਰ ‘ਤੇ ਲਗਭਗ 30 ਮਿਲੀਅਨ ਸਪੋਟੀਫਾਈ ਸਟ੍ਰੀਮਾਂ ਨੂੰ ਵੇਖਿਆ ਗਿਆ ਹੈ।
ਗਾਇਕ ਦੋਸਾਂਝ ਬਰਮਿੰਘਮ ਦੇ 15,000 ਸਮਰੱਥਾ ਵਾਲੀ ਯੂਟਿਲਤਾ ਅਰੇਨਾ ਵਿਖੇ ਹੋਏ ਸ਼ੋਅ ਦੀਆਂ ਟਿਕਟਾਂ ਨੂੰ ਵੇਚਣ ਵਾਲਾ ਇਕਲੌਤਾ ਭਾਰਤੀ ਕਲਾਕਾਰ ਹੈ, ਜੋ ਵੋਗ ਇੰਡੀਆ ਦੇ ਕਵਰ ‘ਤੇ ਪ੍ਰਦਰਸ਼ਿਤ ਹੋਣ ਵਾਲਾ ਪਹਿਲਾ ਪਗੜੀਧਾਰੀ ਕਲਾਕਾਰ ਹੈ ਅਤੇ ਮੈਡਮ ਤੁਸਾਦ ਇੰਡੀਆ ਵਿਖੇ ਆਪਣੀ ਮੋਮ ਦੀ ਮੂਰਤ ਰੱਖਣ ਵਾਲਾ ਪਹਿਲਾ ਪਗੜੀਧਾਰੀ ਕਲਾਕਾਰ ਹੈ।
ਭਾਰਤ, ਅਮਰੀਕਾ, ਕੈਨੇਡਾ ਅਤੇ ਯੂਕੇ ‘ਚ ਪ੍ਰਦਰਸ਼ਨ ਕਰਨ ਤੋਂ ਬਾਅਦ, ਹੁਣ ਦੋਸਾਂਝ ਨਿਊਜ਼ੀਲੈਂਡ ‘ਬੌਰਨ ਟੂ ਸ਼ਾਈਨ’ ਟੂਰ ‘ਤੇ ਆ ਰਿਹਾ ਹੈ।
‘ਬੌਰਨ ਟੂ ਸ਼ਾਈਨ’ ਟੂਰ ਲਈ ਆਮ ਜਨਤਾ ਦੀਆਂ ਟਿਕਟਾਂ ਸੋਮਵਾਰ 7 ਅਗਸਤ ਨੂੰ ਸਵੇਰੇ 10 ਵਜੇ (ਸਥਾਨਕ ਸਮੇਂ) ‘ਤੇ ਟਿਕਟੇਕ ਤੋਂ ਵਿੱਕਰੀ ਲਈ ਸ਼ੁਰੂ ਹੋਣਗੀਆਂ।