ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ 15 ਅਕਤੂਬਰ ਨੂੰ ਆਕਲੈਂਡ ‘ਚ ‘ਬੌਰਨ ਟੂ ਸ਼ਾਈਨ’ ਟੂਰ ਰਾਹੀ ਸਪਾਰਕ ਅਰੇਨਾ ਵਿਖੇ ਪੇਸ਼ਕਾਰੀ ਦੇਣਗੇ

ਆਕਲੈਂਡ, 2 ਅਗਸਤ – ਕੋਚੇਲਾ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਗਲੋਬਲ ਐਂਟਰਟੇਨਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ‘ਬੌਰਨ ਟੂ ਸ਼ਾਈਨ’ ਟੂਰ ਰਾਹੀ ਆਕਲੈਂਡ ਦੇ ਸਪਾਰਕ ਅਰੇਨਾ ਵਿਖੇ 15 ਅਕਤੂਬਰ ਦਿਨ ਐਤਵਾਰ ਨੂੰ ਸ਼ੋਅ ਰਾਹੀ ਨਿਊਜ਼ੀਲੈਂਡ ਦੇ ਸਰੋਤਿਆਂ ਦਾ ਮਨੋਰੰਜਨ ਕਰਨ ਲਈ ਪੇਸ਼ਕਾਰੀ ਦੇਣਗੇ। ਰਿਪਲ ਇਫੈਕਟ ਸਟੂਡੀਓ, ਸਾਰੇਗਾਮਾ ਲਾਈਵ ਅਤੇ ਟੀਈਜੀ ਲਾਈਵ ਦੁਆਰਾ ਪੇਸ਼ ਕੀਤੇ ਜਾ ਰਹੇ ਇਸ ਟੂਰ ‘ਚ ਦਿਲਜੀਤ ਦੋਸਾਂਝ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ‘ਚ ਪੇਸ਼ਕਾਰੀ ਲਈ ਤਿਆਰ ਹਨ, ਜਿਸ ਦੇ ਸੰਬੰਧ ‘ਚ ਇੱਥੇ ਦੇ ਬਰੂਸ ਪੁਲਮਨ ਪਾਰਕ, ਟਾਕਾਨੀਨੀ ਵਿਖੇ ਸ਼ੋਅ ਦੇ ਪ੍ਰਬੰਧਕਾਂ ਵੱਲੋਂ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ ਗਈ।
ਨਿਊਜ਼ੀਲੈਂਡ ‘ਚ ਹੋਣ ਵਾਲੇ ਦੋਸਾਂਝ ਦੇ ‘ਬੌਰਨ ਟੂ ਸ਼ਾਈਨ’ ਟੂਰ ਦੀਆਂ ਟਿਕਟਾਂ ਆਮ ਲੋਕਾਂ ਲਈ ਸੋਮਵਾਰ 7 ਅਗਸਤ ਨੂੰ ਸਵੇਰੇ 10 ਵਜੇ (ਸਥਾਨਕ ਸਮੇਂ) ਟਿਕਟਮਾਸਟਰ ਤੋਂ ਵਿੱਕਰੀ ਲਈ ਸ਼ੁਰੂ ਕੀਤੀਆਂ ਜਾਣਗੀਆਂ। ਇੱਥੇ ਇੱਕ TEG ਲਾਈਵ ਪ੍ਰੀਸੈਲ ਹੋਵੇਗੀ ਜੋ ਵੀਰਵਾਰ 3 ਅਗਸਤ ਨੂੰ ਦੁਪਹਿਰ 1 ਵਜੇ (ਸਥਾਨਕ ਸਮੇਂ) ਤੋਂ ਸ਼ੁਰੂ ਹੋਵੇਗੀ ਅਤੇ ਇਸ ਤੋਂ ਬਾਅਦ ਸ਼ੁੱਕਰਵਾਰ 4 ਅਗਸਤ ਨੂੰ ਦੁਪਹਿਰ 12 ਵਜੇ ਟਿਕਟਮਾਸਟਰ ਪ੍ਰੀਸੈਲ ਹੋਵੇਗੀ।
ਪ੍ਰੈੱਸ ਕਾਨਫ਼ਰੰਸ ਦੌਰਾਨ ਸ਼ਰਨ ਸਿੰਘ ਤੇ ਗੁਰਿੰਦਰ ਆਸੀ ਵੱਲੋਂ ਦੋਸਾਂਝ ਦੇ ‘ਬੌਰਨ ਟੂ ਸ਼ਾਈਨ’ ਟੂਰ ਬਾਰੇ ਪਹੁੰਚੇ ਮੀਡੀਆ ਕਰਮੀਂ ਤੇ ਸਰੋਤਿਆਂ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ। ਟੀਈਜੀ ਲਾਈਵ ਦੇ ਡੇਵਿਡ ਨੇ ਦੱਸਿਆ ਕਿ ਉਹ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਸ਼ੋਅ ਲੈ ਕੇ ਆ ਰਹੇ ਹਨ ਅਤੇ ਉਹ ਦੁਨੀਆ ਦੇ ਕਈ ਦੇਸ਼ਾਂ ‘ਚ ਸ਼ੋਅ ਕਰਵਾਉਂਦੇ ਹਨ। ਇਸ ਮੌਕੇ ਪੰਜਾਬ ਹੈਰੀਟੇਜ ਅਕੈਡਮੀ ਦੀਆਂ ਬੱਚੀਆਂ ਵੱਲੋਂ ਦਿਲਜੀਤ ਦੋਸਾਂਝ ਦੇ ਗਾਣਿਆਂ’ਤੇ ਪਰਫਾਰਮੈਂਸ ਵੀ ਦਿੱਤੀ ਗਈ।