ਮਾਲਵਾ ਕਲੱਬ ਦੀ ‘ਫੁੱਲਕਾਰੀ’ ਸਾਰੀਆਂ ਨੱਚੀਆਂ ਵਾਰੋ-ਵਾਰੀ

ਨਿਊਜ਼ੀਲੈਂਡ ’ਚ ਬੋਲੀਆਂ, ਗਿੱਧੇ ਤੇ ਭੰਗੜੇ ਨੇ ਬਣਾਈ ‘ਟੌਹਰ ਪੰਜਾਬਣ ਦੀ’
ਕਲੱਬ ਦੀ ਹੁਣ ਤੱਕ ਦੀਆਂ ਸਰਗਰਮੀਆਂ ਦੀ ਝਲਕ ਵੀ ਰਹੀ ਵੇਖਣਯੋਗ
ਆਕਲੈਂਡ, 6 ਅਗਸਤ (ਹਰਜਿੰਦਰ ਸਿੰਘ ਬਸਿਆਲਾ) – ਬਹੁ ਕੌਮੀ ਦੇਸ਼ ਨਿਊਜ਼ੀਲੈਂਡ ਦੇ ਵਿਚ ਆਪਣਾ ਧਰਮ, ਵਿਰਸਾ ਤੇ ਸਭਿਆਚਾਰ ਕਾਇਮ ਰੱਖਣਾ ਬੁਨਿਆਦੀ ਹੱਕ ਹੈ। ਜਿਹੜੀਆਂ ਕੌਮਾਂ ਆਪਣੀਆਂ ਰਹੁ-ਰੀਤਾਂ, ਸਭਿਆਚਾਰ ਲੋਕ ਗੀਤ, ਲੋਕ ਨਾਚ ਅਤੇ ਖੁਸ਼ੀ ਭਰੇ ਮੌਕਿਆਂ ਦਾ ਨਵਾਂ ਤੇ ਪੁਰਾਤਨ ਸੰਗੀਤ ਅਗਲੀ ਪੀੜ੍ਹੀ ਦੇ ਸਪੁੱਰਦ ਕਰ ਦਿੰਦੀਆਂ ਹਨ ਜਾਂ ਯਤਨਾਂ ਵਿਚ ਰਹਿੰਦੀਆਂ ਹਨ, ਉਹ ਕਿਤੇ ਨਾਲ ਕਿਤੇ ਜੋਤ ਵਾਂਗ ਸਜੀਵ ਰਹਿੰਦਾ ਹੈ। ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ ਮਹਿਲਾਵਾਂ ਦਾ ਪੰਜਵਾਂ ਮੇਲਾ ‘ਫੁੱਲਕਾਰੀ-2023’ ਦੇ ਨਾਂਅ ਉਤੇ ਬੀਤੀ ਰਾਤ ‘ਡਿਊ ਡ੍ਰਾਪ ਈਵੈਂਟ ਸੈਂਟਰ’ ਵਿਖੇ ਸ਼ਾਮ 6 ਤੋਂ ਦੇਰ ਰਾਤ 11 ਵਜੇ ਤੱਕ ਕਰਵਾਇਆ ਗਿਆ। ‘ਫੁੱਲਕਾਰੀ ਨਾਈਟ’ ਦੀ ਸ਼ੁਰੂਆਤ ਸਿਮਰਨ ਧਾਲੀਵਾਲ ਤੇ ਜਸਮੀਤ ਗਰੇਵਾਲ ਨੇ ਕਰਕੇ ਸਟੇਜ ਸੰਚਲਾਨ ਸੰਭਾਲਦਿਆਂ ਸਵਾਗਤੀ ਸ਼ਬਦਾਂ ਨਾਲ ਕੀਤੀ। ਇਸ ਤੋਂ ਬਾਅਦ ਵੱਖ-ਵੱਖ ਵੰਨਗੀਆਂ ਦੇ ਲਈ ਸਟੇਜ ਸੰਚਾਲਨ ਦੇ ਲਈ ਜੋੜੀਆਂ ਦੇ ਰੂਪ ਵਿਚ ਸੁਮਨ, ਬਲਜੀਤ ਵੜੈਚ, ਬਲਜੀਤ ਔਲਖ, ਆਸ਼ਤੀ ਚੌਹਾਨ ਤੇ ਸੁਮਨ ਬਦੇਸ਼ਾ ਵੀ ਸ਼ਾਮਿਲ ਹੋ ਗਈਆਂ। ਮਾਲਵਾ ਕੱਲਬ ਅਤੇ ਪੰਜਾਬੀ ਕਲਚਰਲ ਐਸੋਸੀਏਸ਼ਨ, ਤੇ ਸਾਂਝ ਕਲੱਬ ਦੇ ਬੱਚਿਆਂ ਨੇ ਭੰਗੜਾ ਨਾਲ ਆਪਣੇ ਹੁਨਰ ਦੀ ਛਾਪ ਛੱਡੀ। ‘ਰੂਹ ਪੰਜਾਬ ਦੀ’, ‘ਵੋਮੈਨ ਸਿੱਖ ਐਸੋਸੀਏਸ਼ਨ’, ‘ਵੋਮੈਨ ਕੇਅਰ ਟ੍ਰਸਟ’, ‘ਗੋਲਡਨ ਗ੍ਰਲਜ਼’, ‘ਟੌਹਰ ਪੰਜਾਬਣ ਦੀ’ ਅਤੇ ‘ਮਾਲਵੇ ਦੀਆਂ ਹੀਰਾਂ’ ਗਰੁੱਪ ਦੀਆਂ ਮਹਿਲਾਵਾਂ ਨੇ ਨਵੇਂ ਪੁਰਾਣੇ ਗੀਤਾਂ ਉਤੇ ਖੂਬ ਧਮਾਲ ਪਾਈ। ਮਾਲਵਾ ਕਲੱਬ ਦੀਆਂ ਹੁਣ ਤੱਕ ਦੀਆਂ ਸਰਗਰਮੀਆਂ ਨੂੰ ਪੇਸ਼ ਕਰਦੀ ਇਕ ਝਲਕ ਵੀ ਵਿਖਾਈ ਗਈ, ਜੋ ਮਾਲਵਾ ਕਲੱਬ ਦੇ ਨਿਰੰਤਰ ਸਮਾਜਿਕ ਸਫਰ ਨੂੰ ਦਰਸਾ ਰਹੀ ਸੀ। ਸਟੇਜ ਵੰਨਗੀਆਂ ਤੋਂ ਬਾਅਦ ਖੁੱਲ੍ਹਾ ਅਖਾੜਾ ਲਗਾਇਆ ਗਿਆ ਜਿਸ ਦੇ ਵਿਚ ਡੀ.ਜੇ. ਉਤੇ ਲਗਪਗ ਹਰ ਮਹਿਲਾ ਨੇ ਨੱਚ ਕੇ ਜਿੱਥੇ ਆਪਣਾ ਮਨ ਪ੍ਰਚਾਵਾ ਕੀਤਾ ਉਥੇ ਆਪਣੇ ਸਭਿਆਚਾਰ ਅਤੇ ਗੀਤਾਂ ਦੇ ਨਾਲ ਸਾਂਝ ਪਾਈ। ਪ੍ਰੋਗਰਾਮ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੱਖ-ਵੱਖ ਸਟਾਲਾਂ ਦੇ ਉਤੇ ਵੀ ਖੂਬ ਰੌਣਕ ਰਹੀ ਜਿਸ ਦੇ ਵਿਚ ਗਹਿਣੇ, ਖਾਣ-ਪੀਣ ਦਾ ਸਮਾਨ, ਪੰਜਾਬੀ ਸੂਟ, ਪੰਜਾਬੀ ਜੁਤੀਆਂ ਤੇ ਸਿਹਤ ਸਬੰਧੀ ਬਹੁਤ ਕੁਝ ਸੀ। ਲਗਪਗ 11 ਵਜੇ ‘ਫੁਲਕਾਰੀ ਨਾਈਟ’ ਸੰਗੀਤਮਈ ਯਾਦਾਂ ਕਇਮ ਕਰਦੀ ਬੁੱਕਲ ਮਾਰ ਅਗਲੇ ਸਾਲ ਦੇ ਸਫਰ ਲਈ ਨਿਕਲ ਲਈ।
ਸਪਾਂਸਰਜ਼ ਦਾ ਧੰਨਵਾਦ: ਇਸ ਮੌਕੇ ਮਾਲਵਾ ਕਲੱਬ ਵੱਲੋਂ ਆਪਣੇ ਸਪਾਂਸਰਜ਼ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ ਜਿਸ ਦੇ ਵਿਚ ‘ਨਿਊਜ਼ੀਲੈਂਡ ਸਿੱਖ ਗੇਮਜ਼’, ‘ਮਰਕਰੀ ਏਨਰਜ਼ੀ’, ‘ਸੰਗਰ ਸਮਾਟ ਗਰੋਵਰ’,‘ਗਲਿੱਟਰ ਜਿਊਲਰਜ਼’,‘ਫੰਡਾ ਗਰੁੱਪ’, ‘ਲੀਗਲ ਐਸੋਸੀਏਸ਼ਨ’,‘ਬਿਊਟੀ ਐਂਡ ਬ੍ਰੋਅ’,‘ਕੌਰੀ ਬਿਜ਼ਨਸ’,‘ਗੁਰਬੀਰ ਸਿੰਘ ਸੋਢੀ ਟੀਮ’,‘ਗਿੱਲ ਟ੍ਰੈਵਲਜ਼’ ਅਤੇ ‘ਨਾਵਲਟੀ ਸਵੀਟਸ’ ਸ਼ਾਮਿਲ ਸਨ। ਕਲੱਬ ਵੱਲੋਂ ਨਿਊਜ਼ੀਲੈਂਡ ਦੇ ਸਮੁੱਚੇ ਪੰਜਾਬੀ ਮੀਡੀਆ ਦਾ ਵੀ ਧੰਨਵਾਦ ਕੀਤਾ।