ਟੈਲੀਵਿਜ਼ਨ ਅਤੇ ਸਾਹਿਤ ਇਕ ਦੂਸਰੇ ਦੇ ਪੂਰਕ ਹਨ, ਵਿਰੋਧੀ ਨਹੀਂ। ਪਰ ਟੈਲੀਵਿਜ਼ਨ ਦੇ ਅਧਿਕਾਰੀਆਂ ਕਰਮਚਾਰੀਆਂ ਦੀ ਹਊਮੈ ਅਤੇ ਲੇਖਕਾਂ ਸਾਹਿਕਾਰਾਂ ਦੀ ਮੈਂ ਨੇ ਇਕ ਦੂਸਰੇ ਦਾ ਨੁਕਸਾਨ ਕੀਤਾ ਹੈ। ਆਦਾਨ ਪ੍ਰਦਾਨ ਰਾਹੀਂ ਦੋਹਾਂ ਦਾ ਦਾਇਰਾ ਮੋਕਲਾ ਹੁੰਦਾ, ਕੱਦ ਵੱਧਦਾ। ਪਰ ਤਾਲਮੇਲ ਅਤੇ ਪ੍ਰਸਪਰ ਸਮਝ ਦੀ ਘਾਟ ਕਾਰਨ ਸਮੇਂ ਨਾਲ ਟਕਰਾ ਅਤੇ ਵਿਰੋਧ ਵੱਧਦਾ ਗਿਆ। ਇਕ ਵਿਸ਼ੇਸ਼ ਵਰਗ ਦੇ ਲੇਖਕਾਂ, ਸਾਹਿਤਕਾਰਾਂ, ਸ਼ਾਇਰਾਂ ਦਾ ਟੈਲੀਵਿਜ਼ਨ ʼਤੇ ਗਲਬਾ ਰਿਹਾ। ਨਤੀਜੇ ਵਜੋਂ ਵਧੇਰੇ ਕਰਕੇ ਚੰਗਾ, ਮਿਆਰੀ ਤੇ ਸਮਾਜਕ ਮਾਨਵੀ ਸਰੋਕਾਰਾਂ ਵਾਲਾ ਸਾਹਿਤ ਟੈਲੀਵਿਜ਼ਨ ਪਰਦੇ ਤੱਕ ਨਹੀਂ ਪਹੁੰਚ ਸਕਿਆ। ਜਦੋਂ ਜਦੋਂ ਅਜਿਹੀਆਂ ਸਾਹਿਤਕ ਕਿਰਤਾਂ ਨੂੰ ਮੌਕਾ ਮਿਲਿਆ ਉਦੋਂ ਉਦੋਂ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਭਰਿਆ ਅਤੇ ਟੈਲੀਵਿਜ਼ਨ ਦੀ ਵਾਹਵਾ ਭੱਲ ਬਣੀ। ਟੈਲੀਵਿਜ਼ਨ ਪ੍ਰੋਗਰਾਮਾਂ ਦੀ ਸਾਰਥਿਕਤਾ ਵਧੀ ਅਤੇ ਕਾਰਗੁਜ਼ਾਰੀ ਬਿਹਤਰ ਹੋਈ। ਦੂਰਦਰਸ਼ਨ ਦੇ ਕੌਮੀ ਚੈਨਲ ਦੀਆਂ ਕੁਝ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਕੁਝ ਦੂਰਦਰਸ਼ਨ ਦੇ ਖੇਤਰੀ ਚੈਨਲਾਂ ਦੀਆਂ।
ਸਾਹਿਤਕਾਰ ਖ਼ੁਦ ਨੂੰ ਸਮਾਜ ਨਾਲ ਨੇੜਲਾ ਸਬੰਧ ਰੱਖਣ ਵਾਲਾ ਮੰਨਦਾ ਹੈ ਪਰੰਤੂ ਉਸਦੀ ਲੋਕਾਂ ਤੱਕ ਵਾਸਤਵਿਕ ਪਹੁੰਚ ਮੀਡੀਆ ਦੁਆਰਾ ਹੁੰਦੀ ਹੈ। ਬਿਨ੍ਹਾਂ ਸ਼ੱਕ ਪ੍ਰਿੰਟ ਮੀਡੀਆ ਦਾ ਸਾਹਿਤ ਨੂੰ ਵਡਮੁੱਲਾ ਯੋਗਦਾਨ ਹੈ ਪਰੰਤੂ ਟੈਲੀਵਿਜ਼ਨ ਦੇ ਪ੍ਰਸੰਗ ਵਿਚ ਅਜਿਹਾ ਨਹੀਂ ਕਿਹਾ ਜਾ ਸਕਦਾ। ਲੋਕਾਂ ਲਈ ਲਿਖਣ ਵਾਲੇ ਬਹੁਗਿਣਤੀ ਲੇਖਕ ਇਸਤੋਂ ਕੰਨੀਂ ਕਤਰਾਉਂਦੇ ਰਹੇ ਹਨ। ਟੈਲੀਵਿਜ਼ਨ ਨੇ ਅਖ਼ਬਾਰਾਂ ਅਤੇ ਅਕਾਸ਼ਵਾਣੀ ਦੇ ਮੁਕਾਬਲੇ ਸਾਹਿਤਕਾਰਾਂ ਨੂੰ ਬਣਦਾ ਆਦਰ ਮਾਣ ਨਹੀਂ ਦਿੱਤਾ। ਸਾਹਿਤ ਅਤੇ ਮੀਡੀਆ ਇਕ ਵਿਸ਼ਾਲ ਕੈਨਵਸ ਹੈ। ਦੋਹਾਂ ਨੂੰ ਚਾਹੀਦਾ ਹੈ ਕਿ ਮਿਲ ਕੇ ਲੋਕ-ਕਲਿਆਣ ਦੀ ਭਾਵਨਾ ਨਾਲ ਕੰਮ ਕਰਨ।
ਇਸਦੇ ਉੱਲਟ ਟੈਲੀਵਿਜ਼ਨ ਨੇ ਸਾਹਿਤ ਅਤੇ ਕਲਾ ਨੂੰ ਮੂਲੋਂ ਵਿਸਾਰ ਦਿੱਤਾ ਹੈ। ਸਾਹਿਤ ਅਤੇ ਕਲਾ ਨਾਲ ਸਬੰਧਤ ਲੜੀਵਾਰ ਪ੍ਰੋਗਰਾਮ ਲੱਭਿਆਂ ਵੀ ਨਹੀਂ ਲੱਭਦੇ। ਪੰਜਾਬੀ ਕਹਾਣੀ, ਪੰਜਾਬੀ ਨਾਵਲ, ਪੰਜਾਬੀ ਨਾਟਕ, ਪੰਜਾਬੀ ਕਵਿਤਾ ʼਤੇ ਕਦੇ ਵੀ ਕੋਈ ਪ੍ਰੋਗਰਾਮ ਵੇਖਣ ਨੂੰ ਨਹੀਂ ਮਿਲਦਾ। ਅੱਜ ਕਲ੍ਹ ਚੈਨਲਾਂ ਦੀਆਂ ਤਰਜੀਹਾਂ ਹੋਰ ਹਨ। ਟੀ.ਆਰ.ਪੀ. ਹੈ। ਇਸ਼ਤਿਹਾਰਬਾਜ਼ੀ ਹੈ। ਕਾਹਲ ਹੈ। ਸ਼ੋਰ ਸ਼ਰਾਬਾ ਹੈ। ਤੂੰ ਤੂੰ ਮੈਂ ਮੈਂ ਹੈ। ਗ਼ੈਰ ਮਿਆਰੀ ਮਨੋਰੰਜਨ ਹੈ ਅਤੇ ਅਜਿਹਾ ਬੜਾ ਕਝ ਹੋਰ। ਖ਼ਬਰ ਦੀ ਪਰਿਭਾਸ਼ਾ ਬਦਲ ਗਈ ਹੈ।
ਇਕ ਵਾਰ ਮੈਂ ਪ੍ਰੋਗਰਾਮ ਕਰਨ ਲਈ ਦੂਰਦਰਸ਼ਨ ਗਿਆ। ਪ੍ਰੋਗਰਾਮ ਦਾ ਪ੍ਰੋਡਿਊਸਰ ਛੁੱਟੀ ʼਤੇ ਸੀ। ਉਸਦੀ ਜਗ੍ਹਾ ਅਸਿਸਟੈ਼ਂਟ ਪ੍ਰੋਡਿਊਸਰ ਡਿਊਟੀ ʼਤੇ ਸੀ। ਮੈਂ ਸਹੀ ਸਮੇਂ ʼਤੇ ਪਹੁੰਚ ਗਿਆ। ਅਸਿਸਟੈਂਟ ਪ੍ਰੋਡਿਊਸਰ ਨੂੰ ਇਧਰ ਓਧਰ ਵੇਖਿਆ। ਕਿਧਰੇ ਨਜ਼ਰ ਨਾ ਆਇਆ। ਮੈਂ ਪ੍ਰੋਗਰਾਮ ਲਈ ਲੋੜੀਂਦੀ ਕਾਰਵਾਈ ਪੂਰੀ ਕੀਤੀ ਅਤੇ 10 ਕੁ ਮਿੰਟ ਪਹਿਲਾਂ ਮੇਕਅਪ ਰੂਮ ਵਿਚ ਪਹੁੰਚ ਕੇ ਮੇਕਅਪ ਕਰਵਾਉਣ ਲੱਗਾ ਤਾਂ ਉਹ ਉਥੇ ਆਕੇ ਗੁੱਸੇ ਵਿਚ ਉੱਚੀ ਆਵਾਜ਼ ਵਿਚ ਬੋਲਣ ਲੱਗਾ। ਮੈਨੂੰ ਵੀ ਅਤੇ ਮਾਹਿਰ ਨੂੰ ਵੀ। ਕਹਿੰਦਾ, “ਤੁਸੀਂ ਇੱਥੇ ਗੈੱਸਟ ਹੋ, ਦੂਰਦਰਸ਼ਨ ਦੀ ਪ੍ਰਤੀਨਿਧਤਾ ਮੈਂ ਕਰਦਾ ਹਾਂ। ਤੁਹਾਨੂੰ ਮੇਰੇ ਕੋਲ ਆਉਣਾ ਚਾਹੀਦਾ ਸੀ, ਮੈਨੂੰ ਲੱਭਣਾ ਚਾਹੀਦਾ ਸੀ।” ਮੈਂ ਉਸਨੂੰ ਬਥੇਰਾ ਕਿਹਾ, “ਤੁਹਾਨੂੰ ਬਹੁਤ ਲੱਭਿਆ, ਤੁਸੀਂ ਨਹੀਂ ਲੱਭੇ।” ਕਹਿਣ ਲੱਗਾ, “ਮੈਂ ਫਲਾਣੀ ਫਲੋਰ ʼਤੇ ਫਲਾਣੇ ਕਮਰੇ ਵਿਚ ਬੈਠਾ ਸਾਂ।” ਮੈਂ ਕਿਹਾ, “ਮੈਨੰ ਨਹੀਂ ਪਤਾ ਕਿ ਤੁਸੀਂ ਉੱਥੇ ਬੈਠਦੇ ਹੋ। ਏਨਾ ਵਕਤ ਵੀ ਨਹੀਂ ਸੀ ਕਿ ਤੁਹਾਨੂੰ ਲਗਾਤਾਰ ਲੱਭੀ ਜਾਂਦਾ। ਜਦੋਂ ਤੁਹਾਨੂੰ ਪਤਾ ਹੈ ਕਿ ਮਾਹਿਰ ਅਤੇ ਐਂਕਰ ਫਲਾਣੇ ਕਮਰੇ ਵਿਚ ਆ ਕੇ ਬੈਠਦੇ ਹਨ ਤਾਂ ਤੁਹਾਨੂੰ ਉਥੇ ਮੌਜੂਦ ਹੋਣਾ ਚਾਹੀਦਾ ਸੀ ਜਾਂ ਆ ਕੇ ਮਿਲਣਾ ਚਾਹੀਦਾ ਸੀ।” ਇਸਤੇ ਉਹ ਹੋਰ ਖਿਝ ਗਿਆ ਅਤੇ ਪ੍ਰੋਗਰਾਮ ਪੇਸ਼ ਕਰਨ ਤੋਂ ਐਨ ਪਹਿਲਾਂ ਸਾਡਾ ਮੂਡ ਖ਼ਰਾਬ ਕਰਕੇ ਚਲਾ ਗਿਆ। ਉਸਤੋਂ ਬਾਅਦ ਕਦੇ ਵੀ ਮੈਂ ਉਸਦੀ ਨਿਗਰਾਨੀ ਹੇਠ ਪ੍ਰੋਗਰਾਮ ਕਰਨ ਨਹੀਂ ਗਿਆ।
ਇਕ ਵਾਰ ਫਿਰ ਅਜਿਹਾ ਵਾਪਰਿਆ। ਸਵੇਰ ਦੇ ਬੜੇ ਮਹੱਤਵਪੂਰਨ ਪ੍ਰੋਗਰਾਮ ਵਿਚ ਮੈਂ ਮਾਹਿਰ ਵਜੋਂ ਬੈਠਾ ਸਾਂ। ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ ਕਰਵਾਉਣੀ ਸੀ। ਉਸ ਸਬੰਧ ਵਿਚ ਮੇਰੇ ਨਾਲ ਇੰਟਰਵਿਊ ਸੀ। ਐਂਕਰ ਵਜੋਂ ਇਕ ਆਕੜਖਾਨ ਪ੍ਰੋਡਿਊਸਰ ਖ਼ੁਦ ਬੈਠ ਗਿਆ। ਪਹਿਲਾਂ ਤਾਂ ਉਹ ਉਸ ਜਗ੍ਹਾ ਨਹੀਂ ਪਹੁੰਚਿਆ ਜਿੱਥੇ ਪ੍ਰੋਗਰਾਮ ਤੋਂ ਪਹਿਲਾਂ ਮਾਹਿਰ, ਐਂਕਰ ਤੇ ਪ੍ਰੋਡਿਊਸਰ ਮਿਲ ਬੈਠਦੇ ਹਨ ਅਤੇ ਇੰਟਰਵਿਊ ਦੀ ਰੂਪ-ਰੇਖਾ, ਸਵਾਲ ਜਵਾਬ ਬਾਰੇ ਵਿਚਾਰ ਕਰਦੇ ਹਨ। ਉਹ ਸਿੱਧਾ ਸੈੱਟ ʼਤੇ ਪਹੁੰਚਿਆ ਅਤੇ ਪ੍ਰੋਗਰਾਮ ਆਰੰਭ ਹੁੰਦਿਆਂ ਹੀ ਪੁੱਠੇ ਸਿੱਧੇ ਸਵਾਲ ਕਰਨ ਲੱਗਾ। ਮੈਂ ਆਪਣੇ ਹਫ਼ਤਾਵਾਰ ਕਾਲਮ ਵਿਚ ਇਸ ਸੱਭ ਕੁਝ ਦਾ ਜ਼ਿਕਰ ਕੀਤਾ ਤਾਂ ਬਹੁਤ ਸਾਰੇ ਫੋਨ ਆਏ ਕਿ ਤੁਸੀਂ ਬਿਲਕੁਲ ਸਹੀ ਲਿਖਿਆ ਹੈ। ਲੁਧਿਆਣੇ ਤੋਂ ਉੱਘੇ ਸਾਹਿਤਕਾਰ ਗੁਰਭਜਨ ਸਿੰਘ ਗਿੱਲ ਹੁਰਾਂ ਦਾ ਲੰਮਾ ਫੋਨ ਆਇਆ ਕਿ ਤੁਸੀਂ ਜੁਅਰਤ ਨਾਲ ਲਿਖਿਆ ਹੈ। ਇਹ ਪ੍ਰੋਡਿਊਸਰ ਇਕ ਪ੍ਰੋਗਰਾਮ ਵਿਚ ਮੇਰੇ ਨਾਲ ਵੀ ਅਜਿਹਾ ਕਰ ਚੁੱਕਾ ਹੈ। ਉਸਨੂੰ ਨਾ ਦੂਰਦਰਸ਼ਨ ਦੇ ਵਿਹੜੇ ਆਏ ਮਹਿਮਾਨ ਦੀ ਕਦਰ ਹੈ, ਨਾ ਲੇਖਕ ਦੀ।
ਇਹ ਹਉਮੈ, ਇਹ ਵਿਰੋਧ, ਇਹ ਟਕਰਾ ਬੰਦ ਹੋਣੇ ਚਾਹੀਦੇ ਹਨ। ਦੂਰਦਰਸ਼ਨ ਕਿਸੇ ਦਾ ਨਿੱਜੀ ਅਦਾਰਾ ਨਹੀਂ ਹੈ। ਉਹ ਉਥੇ ਕੇਵਲ ਕਰਮਚਾਰੀ, ਅਧਿਕਾਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ।
—— 0 ——
Columns ਟੈਲੀਵਿਜ਼ਨ ਅਤੇ ਸਾਹਿਤ ਦਾ ਰਿਸ਼ਤਾ