77ਵੇਂ ਆਜ਼ਾਦੀ ਦਿਹਾੜੇ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦੇਸ਼ ਵਾਸੀਆਂ ਨੂੰ ਕੀਤਾ ਸੰਬੋਧਨ

ਨਵੀਂ ਦਿੱਲੀ, 14 ਅਗਸਤ – ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਵੱਖ-ਵੱਖ ਪਛਾਣਾਂ ਹੋਣ ਦੇ ਬਾਵਜੂਦ ਸਾਰੇ ਭਾਰਤੀ ਨਾਗਰਿਕਾਂ ਕੋਲ ਦੇਸ਼ ਵਿਚ ਬਰਾਬਰ ਮੌਕੇ ਤੇ ਹੱਕ ਹਨ, ਨਾਲ ਹੀ ਸਾਰਿਆਂ ਦੇ ਫ਼ਰਜ਼ ਵੀ ਬਰਾਬਰ ਹਨ। ਉਨ੍ਹਾਂ 77ਵੇਂ ਆਜ਼ਾਦੀ ਦਿਹਾੜੇ ਮੌਕੇ ਰਾਸ਼ਟਰ ਦੇ ਨਾਂ ਸੰਬੋਧਨ ਮੌਕੇ ਦੇਸ਼ ਵਾਸੀਆਂ ਨੂੰ ਸਦਭਾਵਨਾ ਤੇ ਭਾਈਚਾਰਾ ਕਾਇਮ ਰੱਖਣ ਦੀ ਬੇਨਤੀ ਕੀਤੀ। ਮੁਰਮੂ ਨੇ ਕਿਹਾ ਭਾਰਤੀਆਂ ਦੀਆਂ ਕਈ ਪਛਾਣਾਂ ਹੋ ਸਕਦੀਆਂ ਹਨ, ਪਰ ਜਾਤਾਂ, ਭਾਸ਼ਾਵਾਂ, ਫ਼ਿਰਕਿਆਂ, ਧਰਮਾਂ, ਪਰਿਵਾਰਾਂ ਤੇ ਪੇਸ਼ਿਆਂ ਤੋਂ ਪਾਸੇ ‘ਭਾਰਤ ਦੇ ਨਾਗਰਿਕ ਹੋਣ ਤੋਂ ਵੱਡੀ ਕੋਈ ਪਛਾਣ ਨਹੀਂ ਹੈ।| ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਲੋਕਤੰਤਰ ਦੀ ਜਨਨੀ ਹੈ ਤੇ ਪੁਰਾਤਨ ਸਮਿਆਂ ਤੋਂ ਹੀ ਸਾਡੇ ਕੋਲ ਜ਼ਮੀਨੀ ਪੱਧਰ ਤੋਂ ਲੋਕਤੰਤਰਿਕ ਸੰਸਥਾਵਾਂ ਕੰਮ ਕਰਦੀਆਂ ਰਹੀਆਂ ਹਨ। ਪਰ ਲੰਮੇ ਬਸਤੀਵਾਦੀ ਸ਼ਾਸਨ ਨੇ ਇਨ੍ਹਾਂ ਨੂੰ ਖ਼ਤਮ ਕੀਤਾ। 15 ਅਗਸਤ 1947 ਨੂੰ ਦੇਸ਼ ਨੇ ਇਕ ਨਵਾਂ ਸਵੇਰਾ ਦੇਖਿਆ, ਅਸੀਂ ਨਾ ਸਿਰਫ਼ ਵਿਦੇਸ਼ੀ ਸ਼ਾਸਨ ਤੋਂ ਆਜ਼ਾਦੀ ਹਾਸਲ ਕੀਤੀ, ਬਲਕਿ ਆਪਣੀ ਮੰਜ਼ਿਲ ਦੁਬਾਰਾ ਤੈਅ ਕਰਨ ਦੀ ਆਜ਼ਾਦੀ ਵੀ ਸਾਨੂੰ ਮਿਲੀ। ਰਾਸ਼ਟਰਪਤੀ ਨੇ ਜ਼ੋਰ ਦਿੱਤਾ ਕਿ ਸੰਵਿਧਾਨ ਦੇਸ਼ ਨੂੰ ਸੇਧ ਦੇਣ ਵਾਲਾ ਦਸਤਾਵੇਜ਼ ਹੈ, ਇਸ ਦੀ ਪ੍ਰਸਤਾਵਨਾ ਵਿਚ ਆਜ਼ਾਦੀ ਸੰਘਰਸ਼ ਦੇ ਆਦਰਸ਼ ਹਨ। ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਰਲ ਕੇ ਸਦਭਾਵਨਾ ਤੇ ਭਾਈਚਾਰੇ ਨਾਲ ਅੱਗੇ ਵਧਣਾ ਚਾਹੀਦਾ ਹੈ ਤੇ ਮੁਲਕ ਨੂੰ ਉਸਾਰਨ ਵਾਲਿਆਂ ਦੇ ਸੁਪਨੇ ਸਾਕਾਰ ਕਰਨੇ ਚਾਹੀਦੇ ਹਨ। ਰਾਸ਼ਟਰਪਤੀ ਨੇ ਇਸ ਮੌਕੇ ਵੱਖ-ਵੱਖ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਦਾ ਵੀ ਜ਼ਿਕਰ ਕੀਤਾ। ਮੁਰਮੂ ਨੇ ਕਿਹਾ ਕਿ ਅਜੋਕੇ ਸਮੇਂ ਮਹਿਲਾਵਾਂ ਹਰ ਖੇਤਰ ਵਿਚ ਵਿਸ਼ੇਸ਼ ਥਾਂ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਮਹਿਲਾਵਾਂ ਦੀ ਮਜ਼ਬੂਤੀ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਰਾਸ਼ਟਰਪਤੀ ਨੇ ਵਿਗਿਆਨੀਆਂ ਤੇ ਨੀਤੀ ਨਿਰਧਾਰਕਾਂ ਨੂੰ ਜਲਵਾਯੂ ਤਬਦੀਲੀ ਤੇ ਆਲਮੀ ਤਪਸ਼ ਉਤੇ ਧਿਆਨ ਕੇਂਦਰਿਤ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਹੜ੍ਹਾਂ ਤੇ ਸੋਕਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਲਾਲਚ ਦਾ ਸੱਭਿਆਚਾਰ’ ਸੰਸਾਰ ਨੂੰ ‘ਕੁਦਰਤ ਤੋਂ ਦੂਰ ਲਿਜਾ ਰਿਹਾ ਹੈ।’ ਮੁਰਮੂ ਨੇ ਇਸ ਮੌਕੇ ਭਾਰਤ ਦੀ ਜੀ20 ਪ੍ਰਧਾਨਗੀ ਦਾ ਜ਼ਿਕਰ ਵੀ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਕਈ ਆਲਮੀ ਮੁੱਦੇ ਹਨ ਜਿਨ੍ਹਾਂ ਦਾ ਸਬੰਧ ਸਾਰੀ ਮਨੁੱਖਤਾ ਨਾਲ ਹੈ ਤੇ ਇਹ ਕਿਸੇ ਭੂਗੋਲਿਕ ਸੀਮਾ ਵਿਚ ਨਹੀਂ ਬੱਝੇ ਹੋਏ। ਰਾਸ਼ਟਰਪਤੀ ਨੇ ਕਿਹਾ ਕਿ ਆਲਮੀ ਅਰਥਚਾਰਾ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਿਹਾ ਹੈ। ਇਸ ਦੇ ਬਾਵਜੂਦ ਸਰਕਾਰ ਅੱਗੇ ਵਧ ਰਹੀ ਹੈ, ਭਾਰਤ ਨੇ ਚੁਣੌਤੀਆਂ ਨੂੰ ਮੌਕਿਆਂ ਵਿਚ ਬਦਲਿਆ ਹੈ ਤੇ ਉੱਚੀ ਵਿਕਾਸ ਦਰ (ਜੀਡੀਪੀ) ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਦੇਸ਼ ਦੇ ਆਰਥਿਕ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ, ਤੇ ਦੇਸ਼ ਉਨ੍ਹਾਂ ਦਾ ਕਰਜ਼ਦਾਰ ਹੈ। ਮੁਰਮੂ ਨੇ ਆਲਮੀ ਪੱਧਰ ਉਤੇ ਵਧੀ ਮਹਿੰਗਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਤੇ ਰਿਜ਼ਰਵ ਬੈਂਕ ਨੇ ਇਸ ਪਾਸੇ ਕਦਮ ਚੁੱਕੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਪੱਛੜੇ ਵਰਗਾਂ ਦੀ ਸਹਾਇਤਾ ਸਰਕਾਰ ਦੀ ਤਰਜੀਹ ਹੈ। ਸਰਕਾਰ ਦੀਆਂ ਨੀਤੀਆਂ ਨੇ ਵੱਡੀ ਗਿਣਤੀ ਲੋਕਾਂ ਨੂੰ ਗਰੀਬੀ ਵਿਚੋਂ ਕੱਢਿਆ ਹੈ। ਮੁਰਮੂ, ਜੋ ਕਿ ਖ਼ੁਦ ਵੀ ਆਦਿਵਾਸੀ ਵਰਗ ਨਾਲ ਸਬੰਧਤ ਹਨ, ਨੇ ਆਦਿਵਾਸੀ ‘ਭਰਾਵਾਂ-ਭੈਣਾਂ ਨੂੰ ਬੇਨਤੀ ਕੀਤੀ ਕਿ ਉਹ ਆਧੁਨਿਕ ਸੰਸਾਰ ਨਾਲ ਜੁੜਨ ਦੇ ਨਾਲ-ਨਾਲ ਆਪਣੀਆਂ ਰਵਾਇਤਾਂ ਨੂੰ ਵੀ ਸੰਭਾਲਣ। ਰਾਸ਼ਟਰਪਤੀ ਨੇ ਇਸ ਮੌਕੇ ਕੌਮੀ ਸਿੱਖਿਆ ਨੀਤੀ, ਇਸਰੋ ਦੇ ਚੰਦਰਯਾਨ-3 ਮਿਸ਼ਨ ਦਾ ਜ਼ਿਕਰ ਕੀਤਾ।