ਨਿਊਜ਼ੀਲੈਂਡ ਪੁਲਿਸ ਵੱਲੋਂ ਐਥਨਿਕ ਸੇਵਾਵਾਂ ਦੁਆਰਾ ਨਵੀਂ ਦਿੱਖ ਵਾਲੀ ਪੁਲਿਸ ਕਮਿਊਨਿਟੀ ਕਾਰ ਦਾ ਉਦਘਾਟਨ

ਪੁਲਿਸ ਕਮਿਊਨਿਟੀ ਕਾਰ ‘ਤੇ ਕਿਆ ਓਰਾ, ਹੈਲੋ, ਸਤਿ ਸ਼੍ਰੀ ਅਕਾਲ, ਨਮਸਤੇ ਸਣੇ 75 ਭਾਸ਼ਾਵਾਂ ਦੇ ਸਲੋਗਨ ਲਿਖੇ
ਮੈਨੂਕਾਓ (ਆਕਲੈਂਡ), 7 ਸਤੰਬਰ – ਅੱਜ ਕਾਉਂਟੀਜ਼ ਮੈਨੂਕਾਓ ਪੁਲਿਸ ਸਟੇਸ਼ਨ ਵਿਖੇ ਨਿਊਜ਼ੀਲੈਂਡ ਪੁਲਿਸ ਵੱਲੋਂ ਐਥਨਿਕ ਸੇਵਾਵਾਂ ਦੁਆਰਾ ਨਵੀਂ ਦਿੱਖ ਵਾਲੀ ਪੁਲਿਸ ਕਮਿਊਨਿਟੀ ਕਾਰ ਦੀ ਸ਼ੁਰੂਆਤ ਕੀਤੀ, ਜੋ ਵਿਭਿੰਨ ਨਸਲੀ ਭਾਈਚਾਰਿਆਂ ਨੂੰ ਬਿਹਤਰ ਢੰਗ ਨਾਲ ਦਰਸਾਉਂਦਾ ਇੱਕ ਨਵਾਂ ਰੂਪ ਹੈ। ਐਥਨਿਕ ਸੇਵਾਵਾਂ ਦੁਆਰਾ ਨਵੀਂ ਦਿੱਖ ਵਾਲੀ ਪੁਲਿਸ ਕਮਿਊਨਿਟੀ ਈਵੀ ਕਾਰ ਨੂੰ ਮੀਡੀਆ ਦੀ ਹਾਜ਼ਰੀ ਵਿੱਚ ਪੁਲਿਸ ਕਮਿਸ਼ਨਰ ਐਂਡਰਿਓ ਕੋਸਟਰ, ਪੁਲਿਸ ਦੇ ਡਿਪਟੀ ਕਮਿਸ਼ਨਰ (ਆਈਵੀ ਅਤੇ ਕਮਿਊਨਿਟੀਜ਼) ਵੈਲੇਸ ਹਾਉਮਾਹਾ, ਪੁਲਿਸ ਸੁਪਰਡੈਂਟ (ਮੈਨੇਜਰ, ਨੈਸ਼ਨਲ ਪਾਰਟਨਰਸ਼ਿਪਸ ਐਥਨਿਕ) ਰਾਕੇਸ਼ ਨਾਇਡੂ, ਤਮਾਕੀ ਮਕਾਰਾਓ ਪੁਲਿਸ ਦੇ ਨਸਲੀ ਸੰਪਰਕ ਅਧਿਕਾਰੀ, ਹੋਰ ਪੁਲਿਸ ਆਫ਼ੀਸਰਜ਼ ਅਤੇ ਐਥਨਿਕ ਭਾਈਚਾਰੇ ਦੇ ਆਗੂਆਂ ਦੀ ਹਾਜ਼ਰੀ ਵਿੱਚ ਲਾਂਚ ਕੀਤਾ ਗਿਆ। ਪੁਲਿਸ ਕਮਿਊਨਿਟੀ ਇਲੈਕਟ੍ਰਿਕ ਕਾਰ ‘ਤੇ ਕਿਆ ਓਰਾ, ਹੈਲੋ ਦੇ 75 ਭਾਸ਼ਾਵਾਂ ਦੇ ਅਨੁਵਾਦਾਂ ਨੂੰ ਲਿਖਿਆ ਹੈ ਜੀਵੇਂ ‘ਸਤਿ ਸ਼੍ਰੀ ਅਕਾਲ’, ‘ਨਮਸਤੇ’ ਆਦਿ।
ਪੁਲਿਸ ਕਮਿਸ਼ਨਰ ਐਂਡਰਿਓ ਕੋਸਟਰ ਨੇ ਕਿਹਾ ਕਿ, “ਇਹ ਵਾਹਨ ਨਿਊਜ਼ੀਲੈਂਡ ਪੁਲਿਸ ਦੀ ਸਹਾਇਤਾ ਲਈ ਇੱਕ ਸਾਧਨ ਵਜੋਂ ਕੰਮ ਕਰੇਗਾ ਜਦੋਂ ਸਾਡਾ ਸਟਾਫ਼ ਸਾਡੇ ਨਸਲੀ ਭਾਈਚਾਰਿਆਂ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਘੱਟੋ-ਘੱਟ 170 ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ 230 ਤੋਂ ਵੱਧ ਐਥਨਿਕ ਭਾਈਚਾਰੇ ਦੇ ਲੋਕ ਸ਼ਾਮਲ ਹਨ। ਇਹ ਈਵੀ ਵਾਹਨ ਉਨ੍ਹਾਂ ਲੋਕਾਂ ਪ੍ਰਤੀ ਸਨਮਾਨ ਦਾ ਸੰਕੇਤ ਹੈ ਜਿਨ੍ਹਾਂ ਲਈ ਅੰਗਰੇਜ਼ੀ ਦੂਜੀ ਭਾਸ਼ਾ ਹੈ ਅਤੇ ਸ਼ਾਮਲ ਕਰਨ, ਸਲਾਹ-ਮਸ਼ਵਰੇ ਅਤੇ ਭਰਤੀ ਰਾਹੀਂ ਭਰੋਸੇ ਅਤੇ ਵਿਸ਼ਵਾਸ ਨੂੰ ਵਧਾਉਣ ਵਿੱਚ ਮਦਦ ਕਰੇਗਾ”। ਉਨ੍ਹਾਂ ਨੇ ਕਿਹਾ ਕਿ Hyundai Ioniq 5 ਕਾਰ ਦੀ ਵਰਤੋਂ ਤਮਾਕੀ ਮਕਾਰਾਓ (ਆਕਲੈਂਡ) ਵਿੱਚ ਸਥਿਤ ਐਥਨਿਕ ਸਰਵਿਸਿਜ਼ ਸਟਾਫ਼ ਦੁਆਰਾ ਕਮਿਊਨਿਟੀ ਸ਼ਮੂਲੀਅਤ ਵਾਹਨ ਵਜੋਂ ਕੀਤੀ ਜਾਵੇਗੀ। ਹਾਲਾਂਕਿ ਇਹ ਫਰੰਟਲਾਈਨ ਅਤੇ ਟ੍ਰੈਫਿਕ ਪੁਲਿਸ ਦੁਆਰਾ ਵਰਤੇ ਜਾਣ ਵਾਲੇ ਸੰਚਾਲਨ ਫਲੀਟ ਦੀ ਥਾਂ ਨਹੀਂ ਲਵੇਗਾ।
ਉਨ੍ਹਾਂ ਕਿਹਾ, “ਇਸ ਕਮਿਊਨਿਟੀ ਕਾਰ ਦੀ ਦਿੱਖ ਮਹੱਤਵਪੂਰਨ ਹੈ। ਇਹ ਸਾਡੇ ਵੱਲੋਂ ਸਾਡੇ ਨਸਲੀ ਭਾਈਚਾਰਿਆਂ ਤੱਕ ਪਹੁੰਚਣ ਅਤੇ ਭਰੋਸਾ ਅਤੇ ਵਿਸ਼ਵਾਸ ਪੈਦਾ ਕਰਨ ਦਾ ਇੱਕ ਤਰੀਕਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਆਪਣੀ ਪਛਾਣ ਨੂੰ ਉਨ੍ਹਾਂ ‘ਚੋਂ ਝਲਕ ਦੀ ਵੇਖ ਸਕਣ। ਅਸੀਂ ਚਾਹੁੰਦੇ ਹਾਂ ਕਿ ਜਦੋਂ ਉਹ ਅਫ਼ਸਰਾਂ ਕੋਲ ਜਾਣ ਤਾਂ ਉਹ ਆਪਣੇ ਆਪ ਸੁਰੱਖਿਅਤ ਮਹਿਸੂਸ ਕਰਨ ਅਤੇ ਜਦੋਂ ਉਹ ਇਸ ਤਰ੍ਹਾਂ ਦੀ ਰੰਗੀਨ ਕਾਰ ਨੂੰ ਦੇਖਣ ਤਾਂ ਉਤਸ਼ਾਹਿਤ ਹੋਣ ਅਤੇ ਸ਼ਾਇਦ ਪੁਲਿਸ ‘ਚ ਸ਼ਾਮਲ ਹੋਣ ਬਾਰੇ ਸੋਚਣ”।
ਮਿਸਟਰ ਕੋਸਟਰ ਨੇ ਕਿਹਾ ਕਿ ਨਿਊਜ਼ੀਲੈਂਡ ਪੁਲਿਸ ਤੇਜ਼ੀ ਨਾਲ ਵਿਭਿੰਨ ਹੁੰਦੀ ਜਾ ਰਹੀ ਹੈ ਅਤੇ ਨਸਲੀ ਭਾਈਚਾਰਾ ਲਗਭਗ 15,000 ਦੇ ਕੁੱਲ ਕਰਮਚਾਰੀਆਂ ਦਾ ਲਗਭਗ 9.3% ਹਿੱਸਾ ਹਨ।
ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਸ ਨਵੇਂ ਵਾਹਨ ਦੀ ਸ਼ੁਰੂਆਤ ਜੋ ਸਾਡੇ ਵਿਭਿੰਨ ਨਿਊਜ਼ੀਲੈਂਡ ਭਾਈਚਾਰਿਆਂ ਦੀ ਸੇਵਾ ਕਰੇਗੀ, ਦਾ ਉਦੇਸ਼ ਨਿਊਜ਼ੀਲੈਂਡ ਪੁਲਿਸ ਦੁਆਰਾ ਨਸਲੀ ਪ੍ਰਤੀਨਿਧਤਾ, ਸਮਰੱਥਾ, ਤੰਦਰੁਸਤੀ, ਅਤੇ ਸੱਭਿਆਚਾਰਕ ਪ੍ਰਤੀਕਿਰਿਆ ਨੂੰ ਮਜ਼ਬੂਤ ਕਰਨਾ ਅਤੇ ਵਧਾਉਣਾ ਹੈ।
ਇਹ ਨਵੀਂ Hyundai Ioniq 5 ਕਾਰ ਹੁਣ ਪੀਰੀਹਿਮਾਨਾ (ਮਾਓਰੀ), ਵਾਆ (ਪਾਸੀਫ਼ਿਕਾ) ਅਤੇ ਰੇਨਬੋ (ਪ੍ਰਾਈਡ) ਕਾਰਾਂ ਦੇ ਨਾਲ ਫਲੀਟ ‘ਚ ਸ਼ਾਮਲ ਕੀਤੀ ਗਈ, ਜੋ ਕਿ ਨਿਊਜ਼ੀਲੈਂਡ ਪੁਲਿਸ ਵਿੱਚ ਵੱਧ ਰਹੀ ਵਿਭਿੰਨਤਾ ਨੂੰ ਦਰਸਾਉਂਦੀ ਹੈ। ਇਸ ਕਾਰ ਨੂੰ ਸਾਡੇ ਮੁੱਲਾਂ ਵਿੱਚੋਂ ਇੱਕ ਦਾ ਸਮਰਥਨ ਕਰਨ ਦੇ ਹਿੱਸੇ ਵਜੋਂ ਸਾਡੇ ਫਲੀਟ ‘ਚ ਸ਼ਾਮਲ ਕੀਤਾ ਗਿਆ, ਜੋ ਵਿਭਿੰਨਤਾ ਦੀ ਕਦਰ ਕਰਦਾ ਹੈ ਅਤੇ ਸਾਡੇ ਨਸਲੀ ਭਾਈਚਾਰਿਆਂ ਪ੍ਰਤੀ ਸਾਡੀ ਵਚਨਬੱਧਤਾ ਹੈ।