ਜੀ-20 ਸਿਖਰ ਸੰਮੇਲਨ: ਪ੍ਰਧਾਨ ਮੰਤਰੀ ਮੋਦੀ ਨੇ ਜੀ-20 ਦੀ ਪ੍ਰਧਾਨਗੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਸੌਂਪੀ

ਨਵੀਂ ਦਿੱਲੀ, 10 ਸਤੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਦੀ ਪ੍ਰਧਾਨਗੀ ਅਧਿਕਾਰਤ ਤੌਰ ’ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਇਜ਼ ਇਨਾਸੀਓ ਲੂਲਾ ਡਾ ਸਿਲਵਾ ਨੂੰ ਸੌਂਪ ਦਿੱਤੀ ਹੈ। ਸ੍ਰੀ ਮੋਦੀ ਨੇ ਰਸਮੀ ਹਥੌੜਾ ਡੀ ਸਿਲਵਾ ਦੇ ਹੱਥ ਫੜਾ ਕੇ ਇਸ ਅਧਿਕਾਰਤ ਰਸਮ ਨੂੰ ਪੂਰਾ ਕੀਤਾ। ਬ੍ਰਾਜ਼ੀਲ ਇਸ ਸਾਲ 1 ਦਸੰਬਰ ਨੂੰ ਰਸਮੀ ਤੌਰ ‘ਤੇ ਜੀ20 ਦੀ ਪ੍ਰਧਾਨਗੀ ਸੰਭਾਲੇਗਾ। ਪ੍ਰਧਾਨ ਮੰਤਰੀ ਮੋਦੀ ਨੇ ਬ੍ਰਾਜ਼ੀਲ ਨੂੰ ਪੂਰਾ ਸਮਰਥਨ ਦਿੱਤਾ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਇਸ ਦੀ ਪ੍ਰਧਾਨਗੀ ਜੀ-20 ਬਲਾਕ ਦੇ ਸਾਂਝੇ ਟੀਚਿਆਂ ਨੂੰ ਅੱਗੇ ਵਧਾਏਗੀ। ਮੋਦੀ ਨੇ ਐਤਵਾਰ ਨੂੰ ਇੱਥੇ ਸਮਾਪਤ ਹੋਏ ਨੇਤਾਵਾਂ ਦੇ ਸੰਮੇਲਨ ਵਿੱਚ ਦਿੱਤੇ ਸੁਝਾਵਾਂ ਅਤੇ ਫੈਸਲਿਆਂ ਦਾ ਜਾਇਜ਼ਾ ਲੈਣ ਲਈ ਨਵੰਬਰ ਦੇ ਅੰਤ ਤੱਕ ਇੱਕ ਵਰਚੁਅਲ ਜੀ-20 ਸਿਖਰ ਸੰਮੇਲਨ ਦਾ ਪ੍ਰਸਤਾਵ ਦਿੱਤਾ।