ਜੰਮੂ ਕਸ਼ਮੀਰ: ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ‘ਚ ਅਤਿਵਾਦੀ ਮੁਕਾਬਲੇ ’ਚ ਕਰਨਲ, ਮੇਜਰ ਤੇ ਡੀਐੱਸਪੀ ਸ਼ਹੀਦ

ਸ੍ਰੀਨਗਰ, 13 ਸਤੰਬਰ – ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਇਲਾਕੇ ਵਿੱਚ ਅਤਿਵਾਦੀਆਂ ਨਾਲ ਮੁਕਾਬਲੇ ਵਿੱਚ ਇਕ ਕਰਨਲ, ਮੇਜਰ ਅਤੇ ਪੁਲੀਸ ਦਾ ਡੀਐੱਸਪੀ ਸ਼ਹੀਦ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਗੜੋਲ ਇਲਾਕੇ ਵਿੱਚ ਅਤਿਵਾਦੀਆਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ 19 ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਅਫਸਰ ਕਰਨਲ ਮਨਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮੇਜਰ ਆਸ਼ੀਸ਼ ਧੋਨੈਕ ਅਤੇ ਜੰਮੂ ਕਸ਼ਮੀਰ ਪੁਲੀਸ ਦੇ ਡਿਪਟੀ ਸੁਪਰਡੈਂਟ ਹਮਾਯੂੰ ਭੱਟ ਗੋਲੀਬਾਰੀ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਦੋਵੇਂ ਅਧਿਕਾਰੀਆਂ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਕਰਨਲ ਮਨਪ੍ਰੀਤ ਸਿੰਘ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਨਾਲ ਸਬੰਧਤ ਹਨ ਜਦਕਿ ਹਮਾਯੂੰ ਭੱਟ ਦੱਖਣੀ ਕਸ਼ਮੀਰ ਦੇ ਤਰਾਲ ਦਾ ਵਸਨੀਕ ਹੈ। ਹਮਾਯੂੰ ਭੱਟ ਦੇ ਪਿਤਾ ਗੁਲਾਮ ਹਸਨ ਭੱਟ ਜੰਮੂ ਕਸ਼ਮੀਰ ਪੁਲੀਸ ਦੇ ਇੰਸਪੈਕਟਰ ਜਨਰਲ ਵਜੋਂ 2018 ਵਿੱਚ ਸੇਵਾਮੁਕਤ ਹੋਏ ਸਨ। ਉਧਰ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਸੋਮਵਾਰ ਤੋਂ ਚੱਲ ਰਹੇ ਮੁਕਾਬਲੇ ਵਿੱਚ ਇੱਕ ਹੋਰ ਦਹਿਸ਼ਤਗਰਦ ਮਾਰਿਆ ਗਿਆ। ਜ਼ਿਲ੍ਹੇ ਦੇ ਦੂਰ-ਦੁਰਾਡੇ ਪਿੰਡ ਵਿੱਚ ਤਿੰਨ ਦਿਨਾਂ ਤੋਂ ਚੱਲ ਰਹੀ ਕਾਰਵਾਈ ਦੌਰਾਨ ਰਾਈਫਲਮੈਨ ਰਵੀ ਕੁਮਾਰ ਅਤੇ ਫ਼ੌਜ ਦਾ ਲੈਬਰਾਡੋਰ ਨਸਲ ਦਾ ਕੁੱਤਾ ਸ਼ਹੀਦ ਹੋ ਗਿਆ ਜਦਕਿ ਤਿੰਨ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ।
ਕੋਕਰਨਾਗ ਇਲਾਕੇ ਵਿੱਚ ਹੋਏ ਮੁਕਾਬਲੇ ਦੀ ਜ਼ਿੰਮੇਵਾਰੀ ਲਸ਼ਕਰ-ਏ-ਤਇਬਾ ਨਾਲ ਸਬੰਧਤ ਇੱਕ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਨੇ ਲਈ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਉਹ ਹੀ ਅਤਿਵਾਦੀ ਹਨ ਜਿਨ੍ਹਾਂ ਨੇ 4 ਅਗਸਤ ਨੂੰ ਕੁਲਗਾਮ ਜ਼ਿਲ੍ਹੇ ਦੇ ਹਲਾਨ ਜੰਗਲੀ ਖੇਤਰ ’ਚ ਜਵਾਨਾਂ ’ਤੇ ਹਮਲਾ ਕੀਤਾ ਸੀ, ਜਿਸ ’ਚ ਤਿੰਨ ਜਵਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਗੜੋਲ ਇਲਾਕੇ ਵਿੱਚ ਅਤਿਵਾਦੀਆਂ ਖ਼ਿਲਾਫ਼ ਮੁਹਿੰਮ ਬੀਤੀ ਸ਼ਾਮ ਨੂੰ ਸ਼ੁਰੂ ਹੋਈ ਸੀ ਪਰ ਰਾਤ ਨੂੰ ਇਸ ਨੂੰ ਰੋਕ ਦਿੱਤਾ ਗਿਆ ਸੀ। ਅੱਜ ਸਵੇਰੇ ਇੱਕ ਅਤਿਵਾਦੀ ਨੂੰ ਦੇਖੇ ਜਾਣ ਦੀ ਸੂਚਨਾ ਮਿਲਣ ਮਗਰੋਂ ਉਨ੍ਹਾਂ ਮੁਹਿੰਮ ਮੁੜ ਸ਼ੁਰੂ ਕਰ ਦਿੱਤੀ। ਕਰਨਲ ਮਨਪ੍ਰੀਤ ਸਿੰਘ ਟੀਮ ਦੀ ਅਗਵਾਈ ਕਰ ਰਿਹਾ ਸੀ। ਜਦੋਂ ਉਹ ਗੜੋਲ ਇਲਾਕੇ ਵਿੱਚ ਦਾਖਲ ਹੋਏ ਤਾਂ ਅਤਿਵਾਦੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਨਾਂ ਨੇ ਵੀ ਜਵਾਬੀ ਕਾਰਵਾਈ ਦੌਰਾਨ ਉਨ੍ਹਾਂ ’ਤੇ ਗੋਲੀਆਂ ਚਲਾਈਆਂ। ਇਸ ਦੌਰਾਨ ਗੋਲੀਆਂ ਲੱਗਣ ਕਾਰਨ ਕਰਨਲ ਮਨਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮੇਜਰ ਆਸ਼ੀਸ਼ ਅਤੇ ਡਿਪਟੀ ਐੱਸਪੀ ਭੱਟ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ ਅਤੇ ਮਗਰੋਂ ਇਲਾਜ ਦੌਰਾਨ ਤਿੰਨਾਂ ਦੀ ਮੌਤ ਹੋ ਗਈ। ਸੁਰੱਖਿਆ ਬਲਾਂ ਨੇ ਹੈਲੀਕਾਪਟਰਾਂ ਦੀ ਮਦਦ ਨਾਲ ਅਧਿਕਾਰੀਆਂ ਨੂੰ ਬਾਹਰ ਕੱਢਿਆ।