‘ਆਪ’ ਆਗੂ ਰਾਘਵ ਚੱਢਾ ਤੇ ਬੌਲੀਵੁਡ ਅਦਾਕਾਰਾ ਪਰਿਨੀਤੀ ਚੋਪੜਾ ਵਿਆਹ ਦੇ ਬੰਧਨ ‘ਚ ਬੱਝੇ

ਨਵੀਂ ਦਿੱਲੀ, 24 ਸਤੰਬਰ – ‘ਆਪ’ ਆਗੂ ਰਾਘਵ ਚੱਢਾ ਤੇ ਬੌਲੀਵੁਡ ਅਦਾਕਾਰਾ ਪਰਿਨੀਤੀ ਚੋਪੜਾ ਅੱਜ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਇਸ ਜੋੜੀ ਨੇ ਅੱਜ ਸ਼ਾਮੀਂ ਸਾਢੇ ਚਾਰ ਵਜੇ ਫੇਰੇ ਲਏ ਤੇ ਇੱਕ-ਦੂਜੇ ਨਾਲ ਸਾਥ ਨਿਭਾਉਣ ਦਾ ਪ੍ਰਣ ਲਿਆ। ਰਾਘਵ ਕਿਸ਼ਤੀ ਵਿੱਚ ਬਰਾਤ ਲੈ ਕੇ ਵਿਆਹ ਵਾਲੇ ਸਥਾਨ ’ਤੇ ਪੁੱਜੇ।
ਬਰਾਤ ਵਿੱਚ ਰਾਘਵ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਸਿਆਸੀ ਆਗੂ ਮੌਜੂਦ ਸਨ। ਅਰਵਿੰਦ ਕੇਜਰੀਵਾਲ ਸਾਫਾ ਬੰਨ੍ਹ ਕੇ ਬਰਾਤ ਚੜ੍ਹੇ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿੱਚ ਰਾਘਵ ਦਾ ਪਰਿਵਾਰ ਉਦੈਪੁਰ ਦੇ ਤਾਜ ਲੇਕ ਪੈਲੇਸ ਤੋਂ ਦਿ ਲੀਲਾ ਪੈਲੇਸ ਤੱਕ ਕਿਸ਼ਤੀ ਦੀ ਸਵਾਰੀ ਕਰਦਾ ਦਿਖਾਈ ਦੇ ਰਿਹਾ ਹੈ। ਇਹ ਕਿਸ਼ਤੀ ਸਾਰੇ ਪਾਸਿਉਂ ਪਰਦਿਆਂ ਨਾਲ ਢਕੀ ਹੋਈ ਸੀ। ਜਦੋਂ ਰਾਘਵ ਬਰਾਤ ਲੈ ਕੇ ਹੋਟਲ ਪੁੱਜਿਆ ਤਾਂ ਉਸ ਨੂੰ ਛਤਰੀਆਂ ਨਾਲ ਢਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਕੋਈ ਵੀ ਉਸ ਦੀ ਤਸਵੀਰ ਨਾ ਖਿੱਚ ਸਕੇ ਪਰ ਤਸਵੀਰਾਂ ਵਿਚ ਪਤਾ ਲੱਗਿਆ ਕਿ ਉਸ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ।
ਰਾਘਵ ਦੇ ਰਿਸ਼ਤੇਦਾਰ ਤੇ ਮਹਿਮਾਨ ਵੀ ਕਿਸ਼ਤੀਆਂ ਰਾਹੀਂ ਵਿਆਹ ਵਾਲੀ ਥਾਂ ਪੁੱਜੇ। ਪਰਿਨੀਤੀ ਦੇ ਪਰਿਵਾਰ ਨੇ ਬਰਾਤ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਦੌਰਾਨ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ, ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਆਗੂ ਆਦਿੱਤਿਆ ਠਾਕਰੇ, ਸਾਬਕਾ ਟੈਨਿਸ ਖਿਡਾਰਨ ਤੇ ਪਰਿਨੀਤੀ ਦੀ ਦੋਸਤ ਸਾਨੀਆ ਮਿਰਜ਼ਾ ਤੇ ਉਸ ਦੀ ਭੈਣ, ਹਰਭਜਨ ਸਿੰਘ ਤੇ ਉਸ ਦੀ ਪਤਨੀ ਗੀਤਾ ਬਸਰਾ ਨੇ ਵਿਆਹ ਸਮਾਗਮ ਵਿੱਚ ਸ਼ਿਰਕਤ ਕੀਤੀ।