ਜਦ ਅੰਦਰ ਬਾਹਰ ਹਨੇਰਾ ਹੈ, ਕੀ ਇਕ ਚਿਰਾਗ ਬਥੇਰਾ ਹੈ?
ਸੀ ਜਿਸ ਦੀ ਝਾਕ ‘ਚ ਰਲ ਬਹਿੰਦੇ, ਉਹ ਕਿੱਥੇ ਸੋਨ ਸਵੇਰਾ ਹੈ?
ਕਿਸ-ਕਿਸ ਦੇ ਨਕਸ਼ ਨਿਹਾਰੋਗੇ, ਹਰ ਚਿਹਰੇ ਅੰਦਰ ਚਿਹਰਾ ਹੈ।
ਦੋਸਤੋ! ਹਰਭਜਨ ਹੁੰਦਲ ਹੋਰਾਂ ਨੇ ਪਟਾਕਿਆਂ ਦੀ ਠਾਹ-ਠਾਹ ਅਤੇ ਆਤਿਸ਼ਬਾਜ਼ੀਆਂ ਦੀ ਵਾਹ-ਵਾਹ ਦੀ ਬਜਾਏ ਉਪਰੋਕਤ ਸੱਚ, ਕਾਗਜ਼ਾਂ ਦੇ ਹਵਾਲੇ ਕੀਤੈ। ਇਸ ਵਾਰ ਦੀ ਭਾਰਤ ਫੇਰੀ ਦੌਰਾਨ ਮੈਂ ਖਿੜੇ ਮੱਥੇ ਹਰੇਕ ਉਤਰਾਅ-ਚੜਾਅ ਪ੍ਰਵਾਨ ਕਰਦਿਆਂ, ਤਹਿਸੀਲ, ਬੈਂਕ ਅਤੇ ਹੋਰ ਅਦਾਰਿਆਂ ਵਿੱਚ ਦੇਸੀ ਤਰੀਕਿਆਂ ਨਾਲ ਵਿਚਰਿਆ। ਬਿਨਾਂ ਕਿਸੇ ਲਿਹਾਜ਼ ਅਤੇ ਰਿਸ਼ਵਤ ਵਾਲੇ ਹੱਥਕੰਡੇ ਤੋਂ, ਕਾਰਜ ਰਾਸ ਕਰਦਿਆਂ ਅਫਸਰਸ਼ਾਹੀ ਨੇ ਨੱਕ ਨਾਲ ਲਕੀਰਾਂ ਕੱਢਾ ਛੱਡੀਆਂ। ਪਤੰਦਰਾਂ ਕੋਲ ਪਤਾ ਨਹੀਂ ਕਿਹੜਾ ਤੀਜਾ ਨੇਤਰ ਐ ਕਿ ਉਹ ਸਾਦੇ ਪਹਿਰਾਵੇ ਵਾਲੇ ਵਿਦੇਸ਼ੀ ਪੰਜਾਬੀਆਂ ਨੂੰ ਕਿਵੇਂ ਪਛਾਣ ਲੈਂਦੇ ਨੇ? ਤੇ ਫਿਰ ਸਿਲਸਿਲਾ ਚਲਦੈ ਲਾਰੇਬਾਜ਼ੀਆਂ, ਖਚਰੀ ਮੁਸਕਾਨ ਪਿੱਛੇ ਲੁਕੀਆਂ ਭਾਵਨਾਵਾਂ ਦਾ ਦੌਰ! ਕਤਾਰਾਂ ਵਿੱਚ ਪੈਨਸ਼ਨ ਲੈਣ ਆਏ ਬਜ਼ੁਰਗ (ਸੜਕਾਂ ਕੰੰਢੇ ਪਿੱਪਲਾਂ ਤੇ ਬੋਹੜਾਂ ਦੀ ਨਿਆਈਂ) ਹਰ ਮੌਸਮ ਆਵਦੇ ਪਿੰਡੇ ਤੇ ਹੰਢਾਉਂਦਿਆਂ, ਬੈਂਕ ਦੇ ਬਾਬੂ ਵੱਲ ਨਜ਼ਰਾਂ ਗੱਡੀ ਖੜੇ ਦੇਖੇ ਨੇ। ਯੋਜਨਾ ਕਮਿਸ਼ਨ ਵਾਲਾ ਸ. ਮੋਨਟੇਕ ਆਹਲੂਵਾਲੀਆ ਆਪਣੀ ਯੋਜਨਾ ਮੁਤਾਬਕ ਗਰੀਬ ਦੀ ਥਾਲੀ ਵਿਚੋਂ ਰੋਟੀ ਖੋਹ ਲੈ ਜਾਂਦੈ। ਤੜਕਸਾਰ ਕਿਸੇ ਚਮਤਕਾਰ ਦੀ ਤਲਾਸ਼ ਵਿੱਚ ਸਪੀਕਰਾਂ ਵਿੱਚੋਂ ਚਿਮਟੇ-ਢੋਲਕੀਆਂ ਦੀ ਆਵਾਜ਼, ਮੇਰੇ ਦੇਸ਼ ਦੀਆਂ ਨੇਕੀਆਂ ਤੇ ਬਦੀਆਂ ਨੂੰ ਕੱਜ ਲੈਂਦੀ ਹੈ। ਵਿਦਿਆਰਥੀ ਸਵੇਰੇ ਉੱਠ ਕੇ ਪੜ੍ਹ ਕਿਵੇਂ ਜਾਊ ਅਤੇ ਬਿਮਾਰ ਬੰਦਾ ਸਵੇਰੇ ਸਾਝਰੇ ਦੋ ਘੜੀਆਂ ਆਰਾਮ ਕਿਵੇਂ ਕਰ ਲਊ? ਮਸਾਲੇਦਾਰ ਖਬਰਾਂ ਅਤੇ ਤਸਵੀਰਾਂ ਪਰੋਸਦੇ ਅਖਬਾਰਾਂ ਵਿੱਚ ਚੰਗੀ ਖਬਰ ਲੱਭਣੀ ਹੋਵੇ ਤਾਂ ਸਾਗਰ ਵਿੱਚੋਂ ਮੋਤੀ ਲੱਭ ਲਿਆਉਣ ਵਰਗੀ ਚੁਣੌਤੀ ਬਣ ਜਾਂਦੀ ਐ।
ਡਾਢਿਆਂ ਦੇ ਦਰਬਾਰ ‘ਚ ਜਾ ਕੇ ਚੁੱਪ ਚੁੱਪ ਰਹਿਣ ਬੁਲਾਰੇ,
ਪੱਥਰਾਂ ਦੀ ਮਹਿਫਿਲ ਵਿੱਚ ਲਿਸ਼ਕਣ ਡਰਦੇ ਡਰਦੇ ਸ਼ੀਸ਼ੇ…
ਗਰਮੀ ਵਿੱਚ ਝੱਟ ਗਰਮ ਅਤੇ ਸਰਦੀਆਂ ਵਿੱਚ ਸਰਦ ਸੰਗਮਰਮਰੀ ਦਹਿਲੀਜ਼ਾਂ ਉੱਤੇ ਮੱਥੇ ਘਸਾਉਂਦੇ, ਮੁਕਤੀ ਲੋਚਦੇ ਲੋਕਾਂ ਦੇ ਵੱਗ ਤੱਕੇ। ਇਤਿਹਾਸਕ ਨਿਸ਼ਾਨੀਆਂ ਨੇਸਤੋ-ਨਾਬੂਦ ਕਰਕੇ ਕਾਰ-ਸੇਵਾ ਵਾਲੇ ਬਾਬਿਆਂ ਨੇ ਸੰਗਮਰਮਰ ਥੱਪ ਦਿੱਤੈ। ਡਾ. ਨਰਿੰਦਰ ਸਿੰਘ ਕਪੂਰ ਹੋਰਾਂ ਵੀ ਲਿਖਿਐ, ‘ਏਨੇ ਮਹਾਂਪੁਰਸ਼ਾਂ ਦੇ ਹੁੰਦਿਆਂ ਵੀ ਮੁਲਕ ਦੀ ਗਰੀਬੀ ਵਧਦੀ ਜਾ ਰਹੀ ਹੈ, ਸੱਚ ਤਾਂ ਇਹ ਹੈ ਕਿ ਜੀਵਨ ਨਾਲ ਸਾਡਾ ਮੋਹ ਨਹੀਂ ਜਾਗਿਆ, ਸੰਸਾਰ ਨਾਲ ਨਾਤਾ ਹੀ ਨਹੀਂ ਜੁੜ ਸਕਿਆ।’ ਗੱਲ ਕੀ! ਗੁਰੂ ਬਾਬਿਆਂ ਦੇ ਬਖਸ਼ੇ ਸੁਨਹਿਰੇ ਸਿਧਾਂਤਾਂ ਨੂੰ ਜੀਵਨ-ਜਾਚ ਵਿੱਚ ਢਾਲਣ ਦੀ ਬਜਾਏ ਥੋਥੇ ਦਿਖਾਵਿਆਂ ਵਿੱਚ ਉਲਝ ਗਏ ਹਾਂ ਪਿਆਰਿਓ। ਅਣਖੀਲੇ ਸਿੱਖੋ, ਸੰਤ ਰਾਮ ਉਦਾਸੀ ਦੀਆਂ ਸਤਰਾਂ ਯਾਦ ਕਰਦਿਆਂ, ਉਮੀਦ ਦਾ ਪੱਲਾਂ ਨਹੀਂ ਛੱਡਾਂਗਾ:-
ਜਿਹਨਾਂ ਕੰਧ ਸਰਹੰਦ ਦੀ ਤੋੜਨੀ ਏਂ।
ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ।
ਅੰਗੂਠਾਂ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ,
ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ।
ਤੱਤੀ ਤਵੀਂ ਤੋਂ ਠੰਢੇ ਬੁਰਜ ਤੱਕ ਨੰਗੇ ਪੈਰਾਂ ਦਾ ਸਫਰ ਕਰਨ ਵਾਲੇ ਜੁਝਾਰੂ ਪੁਰਖਿਆਂ ਦੇ ਵਾਰਸੋ! ਆਤਮ-ਚਿੰਤਨ ਦੀ ਆਦਤ ਪਾ ਲਈਏ।
ਖਜ਼ਾਨਾ ਦਫਤਾਰ ਪੰਜਾਹ ਰੁਪਏ ਦਾ ਅਸ਼ਟਾਮ ਖਰੀਦਣ ਲਈ ਕਤਾਰ ਵਿੱਚ ਖੜ੍ਹਾ ਸਾਂ। ਜਦੋਂ ਤੱਕ ਮੇਰੀ ਖਿੜਕੀ ਤੱਕ ਪਹੁੰਚ ਹੋਈ ਤਾਂ ਬੀਬਾ ਜੀ (ਸਰਕਾਰੀ ਕਰਮਚਾਰੀ) ਦਾ ਚਾਹ ਪੀਣ ਦਾ ਮੂਡ ਬਣ ਗਿਆ। ਅੱਧਾ ਘੰਟਾ ਹੋਰ ਖਲਕਤ ਖੜੀ ਰਹੀ, ਦੁਬਾਰਾ ਖਿੜਕੀ ਖੁੱਲੀ, ਜਵਾਬ ਆਇਆ, ‘ਘੱਟੋ-ਘੱਟ 100 ਰੁਪਏ ਵਾਲਾ ਅਸ਼ਟਾਮ ਐ, ਖਰੀਦਣੈ ਤਾਂ ਦੱਸੋ?’ ਧੱਕਮ-ਧੱਕੀ ਹੁੰਦਿਆਂ ਤਿੰਨ ਘੰਟੇ ਜ਼ਾਇਆ ਕਰਨ ਪਿੱਛੋਂ ਮੈਨੂੰ ਇੰਜ ਲੱਗਿਆ ਕਿ ਹਜ਼ਾਰਾਂ ਸਾਲਾਂ ਤੋਂ ਮੁਕਤੀ ਦੇ ਤਰਲੇ ਲੈਂਦੇ ਆਪਣੇ ਹਮਵਤਨੀਆਂ ਨਾਲੋਂ ਫਿਰ ਵੀ ਚੰਗਾ ਰਹਿ ਗਿਆਂ!! ਜੇ ਹੋਰ ਦੱਸਾਂ ਤਾਂ ਸੜਕਾਂ, ਬੱਸ ਅੱਡਿਆਂ ਤੇ ਰੇਵਲੇ ਸਟੇਸ਼ਨਾਂ ਉੱਤੇ 50 ਕਰੋੜ ਤੋਂ ਉੱਤੇ, ਭੁੱਖੇ ਢਿੱਡ ਜੂਨ ਕਟੀ ਕਰਦੇ ਵਿਚਾਰੇ ਭਾਰਤੀਆਂ ਦੇ ਹਾਲਾਤ ਦੇਖਦਿਆਂ ਵਿਨਸਟਨ ਚਰਚਿਲ ਦੀ ਉਹ ਭੱਵਿਖਬਾਣੀ ਚੇਤੇ ਆਈ, ਜੋ ਉਸਨੇ ਭਾਰਤੀ ਆਜ਼ਾਦੀ ਬਿੱਲ 1946 ਬਾਰੇ ਬਹਿਸ ਕਰਦਿਆ, ਬ੍ਰਿਟਿਸ਼ ਪਾਰਲੀਮੈਂਟ ਵਿੱਚ ਪ੍ਰਧਾਨ ਮੰਤਰੀ ਲਾਰਡ ਕਲੈਮਿੰਟ ਏਟਲੀ ਨੂੰ ਸੰਬੋਧਨ ਕਰਦਿਆਂ ਕੀਤੀ ਸੀ, ‘ਭਾਵੇਂ ਆਜ਼ਾਦੀ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ ਪਰ ਇਨ੍ਹਾਂ ਹਾਲਾਤਾਂ ਵਿੱਚ ਰਾਜਭਾਗ ਇਨ੍ਹਾਂ ਦੇ ਹੱਥ ਦੇਣ ਦਾ ਮਤਲਬ ਹੋਵੇਗਾ ਇਸ ਦੇਸ਼ ਦੇ ਕਰੋੜਾਂ ਮਜ਼ਲੂਮ ਗਰੀਬ ਲੋਕਾਂ ਦੀ ਤਕਦੀਰ ਨੂੰ ਠੱਗਾਂ ਦੇ ਹੱਥ ਦੇਣਾ। ਭਾਰਤ ਰਾਜਨੀਤਿਕ ਖਹਿਬੜਬਾਜ਼ੀ ਵਿੱਚ ਕਿਧਰੇ ਗੁਆਚ ਜਾਵੇਗਾ।’ ਪਰਦੇਸੀ ਪੰਜਾਬੀਓ। ਅਸੀਂ ਤੁਸੀਂ ਕਦੇ ਵੀ ਨਹੀਂ ਚਾਹਾਂਗੇ ਕਿ ਜਿੱਥੋਂ ਦਾ ਅੰਨ-ਜਲ ਛਕ ਕੇ ਅਸੀਂ ਜਿਓਣ-ਜੋਗੇ ਹੋਏ, ਉੱਥੋਂ ਦੀ ਅਫਸਰਸ਼ਾਹੀ ਦਾ ਧੱਕਾ, ਸਾਡੇ ਸਾਦੇ ਪਿਆਰਿਆਂ ਦਾ ਸੁੱਖ-ਚੈਨ ਖੋਹ ਲਵੇ। ਵਾਅਦਿਆਂ ਤੇ ਲਾਰਿਆਂ ਨੇ ਪਹਿਲਾ ਹੀ ਉਨ੍ਹਾਂ ਜਿਉਂਦਿਆਂ ਨੂੰ ਮਰਨਹਾਰੇ ਕੀਤਾ ਹੋਇਐ। ਬਕੌਲ ਸ਼ਾਇਰ:-
ਚੰਨ ਤਾਰਿਆਂ ਦੀ ਲੋਏ, ਇਕਰਾਰ ਜਿਹੜੇ ਹੋਏ।
ਤਾਰੇ ਉਨ੍ਹਾਂ ਤੇ ਹੱਸੇ, ਦੀਵੇ ਉਨ੍ਹਾਂ ਤੇ ਰੋਏ।
ਟੁੱਟਦੇ ਕਰਾਰ ਦੇਖੇ, ਅਸਾਂ ਬੇਸ਼ੁਮਾਰ ਦੇਖੇ…
ਇਹ ਸਿਲਸਿਲਾ ਜੁਗੋ-ਜੁਗ ਏਦਾਂ ਹੀ ਚਲਦਾ ਰਹਿਣਾ।
ਲਫਜ਼ਾਂ ਦਾ ਬਣਿਆ ਦੇਖੀਂ ਕੱਲ ਇਹ ਮਹਿਲ ਵੀ ਢਹਿਣਾ…
ਅਗਲੀ ਵਾਰ ਕਰਾਂਗੇ ਕੁੱਝ ਮਿੱਠੀਆਂ ਵੀ, ਖੱਟੀਆਂ ਕਾਫੀ ਹੋ ਗਈਆਂ। ਜਿਹਨੀਂ ਦਿਨੀਂ ਮੈਂ ਵਤਨ ਦੀ ਫੇਰੀ ਤੇ ਸਾਂ ਉਨ੍ਹੀਂ ਦਿਨੀਂ ਖੇਡ ਮੇਲੇ, ਸਭਿਆਚਾਰਕ ਮੇਲੇ, ਰਾਜਨੀਤਿਕ ਰੈਲੀਆਂ ਦਾ ਰਲਵਾਂ ਸਭਿਆਚਾਰ ਸੀ, ਹਾੜੀ ਬੀਜ ਕੇ ਮੇਰੇ ਕਿਸਾਨ ਭਰਾ ਵਿਹਲੇ ਸਨ। ਕਣਕਾਂ ਦੀ ਹਰਿਆਲੀ ਨੇ ਅੱਖਾਂ ਨੂੰ ਤਰਾਵਟ ਬਖਸ਼ੀ। ਸਰ੍ਹੋਂ ਦੇ ਪੀਲੇ ਫੁੱਲ, ਕੂਲੀਆਂ ਗੰਦਲਾਂ ਦਾ ਤੌੜੀ ਵਿੱਚ ਰਿੰਨ੍ਹਿਆਂ ਸਾਗ, ਚਾਟੀ ਵਿਚਲੀ ਲੱਸੀ, ਮੱਖਣ ਦਾ ਤਾਜ਼ਾ ਸੁਆਦ ਅਤੇ ਹੋਰ ਬੜਾ ਕੁੱਝ।
ਰਾਤਾਂ ਦੀ ਖੁੰਢ ਚਰਚਾ ਕਿਵੇਂ ਭੁੱਲ ਸਕਦਾਂ। ਸੱਭ ਕੁੱਝ ਤੁਹਾਡੀ ਨਜ਼ਰ ਕਰਾਂਗਾ। ਆਪਣੇ ਵਤਨ ਦੇ ਵਿਰਸੇ ਦੀ ਸਤਰੰਗੀ ਪੀਂਘ, ਜੀਹਨੇ ਸਾਰੀ ਉਮਰ ਸਾਡੇ-ਤੁਹਾਡੇ ਸਿਰਾਂ ਉੱਤੇ ਅਸੀਸ ਦਿੰਦਿਆਂ ਰਹਿਣੈ। ਭਾਵੇਂ ਉਹਦੇ ਪੁੱਤ-ਧੀਆਂ ਧਰਤੀ ਦੇ ਕਿਸੇ ਵਿਹੜੇ ਵਸਦੇ ਹੋਣ। ਵਿਯੋਗੀ ਜੀਵਨ ਜਿਉਂਦਿਆਂ ਨੂੰ ਵਤਨਾਂ ਵਲੋਂ ਠੰਡੀ ਹਵਾ ਦੇ ਬੁੱਲੇ ਆਉਣ ਦੀ ਲਾਜ਼ਮੀ ਖੁਰਾਕ ਵੀ ਤਾਂ ਜ਼ਰੂਰੀ ਐ ਸੱਜਣੋ!
ਸਮੇਂ ਦੇ ਆਗੂ ਖੇਡਾਂ ਦੇ ਨਾਂ ਤੇ ਕੌਮ ਦਾ 35 ਹਜ਼ਾਰ ਕਰੋੜ ਡਕਾਰ ਜਾਣ ਇਕ ਲੱਖ 75 ਲੱਖ ਕਰੋੜ ਰੁਪਏ ਨਿੱਜੀਕਰਨ ਦੇ ਡਰਾਮੇ ਰਾਹੀਂ ਨਿਗਲ ਜਾਂਦੇ ਨੇ ਅਤੇ ਫਿਰ ਹਾਊਸਿੰਗ ਘੁਟਾਲੇ ਰਾਹੀਂ ਜਨਵਰੀ 2011 ਵਿੱਚ 42 ਹਜ਼ਾਰ ਰੁਪਏ ਜੇਬ ਵਿੱਚ ਪਾ ਲੈਣ ਅਤੇ ਮਾਣਯੋਗ ਵਿੱਤ ਮੰਤਰੀ ਜਨਾਬ ਪ੍ਰਣਾਬ ਮੁਖਰਜੀ ਦਾ ਬਿਆਨ ਆਵੇ, ‘ਇਹ ਤਾਂ ਇਕ ਮਮੂਲੀ ਗੱਲ ਹੈ।’ ਭਾਈ ਗੁਰਦਾਸ ਜੀ 22ਵੀਂ ਪਉੜੀ ਦੀ ੩੫ਵੀਂ ਵਾਰ ਵਿੱਚ ਵਚਨ ਕਰਦੇ ਨੇ:-
ਆਗੂ ਲੈ ਉਝੜਿ ਪਾਵੇ, ਕਿਸੁ ਕਰੈ ਪੁਕਾਰਾ।
ਜੇ ਕਰਿ ਖੇਤੈ ਖਾਇ ਵਾੜਿ, ਕੋ ਲਹੈ ਨਾ ਸਾਰਾ।
ਅਰਥਾਤ ਆਗੂ ਹੀ ਕੌਮ ਦੀ ਬੇੜੀ ਡੋਬ ਦੇਣ ਤਾਂ ਬਚਿਆ ਕੀ?
ਲਿਖਦਿਆਂ-ਲਿਖਦਿਆਂ
– ਡਾ. ਸੁਖਪ੍ਰੀਤ ਸਿੰਘ ਉਦੋਕੇ ਅੱਜਕੱਲ ਪਰਿਵਾਰ ਸਮੇਤ, ਨਿਊਜ਼ੀਲੈਂਡ ਵਿੱਚ ਛੁੱਟੀਆਂ ਕੱਟਣ ਆਏ ਹੋਏ ਨੇ। ਨਿੱਜੀ ਜ਼ਿੰਦਗੀ ਵਿੱਚ ਗਾਹੇ-ਬਜਾਹੇ ਛੋਟੇ-ਵੱਡੇ ਦੋਸ਼ਾਂ ਨੂੰ ਝਕਾਨੀ ਦਿੰਦਿਆਂ, ਸਿੱਖੀ ਸਿਧਾਂਤਾਂ ਪ੍ਰਤੀ ਸਪਸ਼ੱਟ ਨਜ਼ਰੀਏ ਵਾਲੀਆਂ ਲਿਖਤਾਂ ਦੇ ਰਚੇਤਾ ਡਾ. ਉਦੋਕੇ ਦੀ ਨਵੀਂ ਕਿਤਾਬ ‘ਕੁੱਝ ਖੱਤ ਬਾਬੇ ਨਾਨਕ ਦੇ ਨਾਂ, ਅਤੇ ਦੂਜੇ ਪਾਸੇ ਹਾਵਰਡ ਫਾਸਟ ਦੀ ਰਚਨਾ ‘ਸਪਾਰਟਕਸ’ ਪੜ ਕੇ ਹਟਿਆ ਹਾਂ। ਦੋਵੇਂ ਖੋਜੀ ਨੇ, ਉਦਮੀ ਨੇ ਅਤੇ ਕ੍ਰਾਂਤੀਕਾਰੀ ਨੇ। ਜ਼ਿਆਦਾ ਨਹੀਂ ਘੱਟੋ-ਘੱਟ ਅੰਮ੍ਰਿਤਾ ਪ੍ਰੀਤਮ ਦਾ ਸ਼ੇਅਰ ਉਨ੍ਹਾਂ ਨੂੰ ਨਜ਼ਰ ਕਰਨਾ ਤਾਂ ਬਣਦਾ ਈ ਐ:-
ਸ਼ੁਹਰਤਾਂ ਦੀ ਧੂੜ ਡਾਢੀ, ਧੂੜ ਊਂਝਾ ਦੀ ਬੜੀ,
ਰੰਗ ਦਿਲ ਦੇ ਖੂਨ ਦਾ, ਕੋਈ ਕਿਵੇਂ ਬਦਲਾਏਗਾ।
ਰਾਗ ਤੋਂ ਵੈਰਾਗ ਤੱਕ ਬੰਦ ਕਮਰਿਆਂ ਵਿੱਚ ਚਰਚਾ ਬਹੁਤ ਹੋ ਗਈ। ਦੇਸ਼-ਕੌਮ ਦੇ ਹਿੰਮਤੀ ਲੇਖਕ ਭਾਈਚਾਰੇ ਵੱਲੋਂ ਸੱਚੋ-ਸੱਚ ਕਹਿਣ-ਲਿਖਣ ਦਾ ਵੇਲਾ ਐ। ਜੇ ਹੁਣ ਨਹੀਂ ਤਾਂ ਕਦੇ ਵੀ ਨਹੀਂ। ਕਲਮ ਉਹ ਤਾਕਤ ਹੈ ਜਿਸ ਦੀ ਸਹੀ ਵਰਤੋਂ ਨਾਲ ਵੱਡੀ ਤੋਂ ਵੱਡੀ ਜੰਗ ਜਿੱਤੀ ਜਾ ਸਕਦੀ ਹੈ।
– ਸੰਯੁਕਤ ਰਾਸ਼ਟਰ ਨੇ ਹੁਣੇ-ਹੁਣੇ ਮੰਨਿਆਂ ਕਿ ਭਾਰਤ ਦੇ ੬੧ ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਜੀ ਰਹੇ ਹਨ। ਆਰਥਿਕ ਮੰਦੀ ਦਾ ਪਰਛਾਵਾਂ ਸਾਡੇ ਘਰਾਂ ਤੱਕ ਆ ਗਿਐ। ਟੱਲੀਆਂ ਖੜਕਾਉਣ, ਬਾਗਾਂ ਦੇਣ ਤੇ ਸੰਖ ਵਜਾਉਣ ਨਾਲ ਮਸਲੇ ਨਹੀਂ ਹੱਲ ਹੋਣੇ ਮਿੱਤਰੋ। ਪਾਤਰ ਸਾਹਿਬ ਵੀ ਇਹੀ ਆਖਦੇ ਨੇ:-
ਜਿਉਂਦੇ ਲੋਕ ਵੀ ਹੁਣ ਤਾਂ ਪਥਰਾਉਣ ਲੱਗੇ,
ਲਓ ਮੁਬਾਰਕਾਂ ਬੁੱਤ ਪ੍ਰਸਤ ਲੋਕੇ,
ਲੱਗਾ ਹੋਣ ਸੂਰਜ ਅਸਤ ਲੋਕੇ,
ਕਰ ਲਉ ਰੋਸ਼ਨੀ ਦਾ ਬੰਦੋਬਸਤ ਲੋਕੋ।
ਯਾਦ ਰਹੇ ਅਮੀਰ-ਗਰੀਬ ਦੇ ਪਾੜੇ ਨੂੰ ਘਟਾਉਣ ਖਾਤਰ ਸ਼ਹੀਦ ਭਗਤ ਸਿੰਘ ਟਰੱਸਟ ਵਾਲੇ ਸਾਥੀ ਆਕਲੈਂਡ ਸ਼ਹਿਰ ਵਿੱਚ, ਹੋਰਨਾਂ ਜਥੇਬੰਦੀਆਂ ਸੰਗ, ਆਵਾਜ਼ ਬੁਲੰਦ ਕਰ ਰਹੇ ਹਨ। ਧੜਿਆਂ ਅਤੇ ਟੋਲਿਆਂ ਦੀ ਮੁਲਾਹਜ਼ੇਦਾਰੀ ਪੁਗਾਉਂਦੇ ਦੋਸਤੋ ਬਹੁਤ ਹੋ ਗਿਆ। ਮਸ਼ਾਲ ਬਣ ਕੇ ਜਗੀਏ।
– ਅੱਜ ਸ਼ਨੀਵਾਰ ੫ ਨਵੰਬਰ ਦਾ ਦਿਨ ਆਪਣੇ ਵਡੇਰਿਆਂ ਨਾਲ ਹੈਮਿਲਟਨ ਵਿੱਚ ਘੁੰਮਦਿਆਂ ਬਿਤਾਇਆ। ਰੂਹ ਦਾ ਸਕੂਨ ਹਾਸਿਲ ਹੋਇਆ, ਦਿਆਨਤਦਾਰ ਬੰਦਿਆਂ ਨਾਲ ਮੁਲਾਕਾਤ ਹੋਈ। ਬਜ਼ੁਰਗਾਂ ਦੀ ਮਾਨਸਿਕਤਾ ਨਜ਼ਦੀਕ ਤੋਂ ਦੇਖਿਆ ਅਤੇ ਉਨ੍ਹਾਂ ਸੰਗ ਰਾਗ-ਰੰਗ ਮਾਣੇ। ਮੈਨੂੰ ਜਨਵਰੀ 2007 ਦੀ ਭਾਰਤ ਫੇਰੀ ਦੌਰਾਨ, ਸ. ਸੋਭਾ ਸਿੰਘ ਚਿੱਤਰਕਾਰ ਹੋਰਾਂ ਦੀ ਅੰਦਰੇਟਾ (ਕਾਂਗੜਾ) ਵਿਚਲੀ ਆਰਟ ਗੈਲਰੀ ਦੇ ਮੱਥੇ ਉਪਰਲੇ ਲਫਜ਼ ਯਾਦ ਆਏ ‘GROW MORE GOOD’, ਭਾਵ ਹੋਰ ਚੰਗਿਆਈ ਪੈਦਾ ਕਰੋ।
Cultural ਮੇਰੇ ਸਫਰ ‘ਚ ਜੁੜ ਗਏ, ਦੋ ਤਿੰਨ ਵਰਕੇ ਹੋਰ!!