ਕਿਵੀ ਟੀਮ ਲਈ ਡੈਵੋਨ ਕੌਨਵੇਅ (152 ਨਾਬਾਦ) ਤੇ ਰਚਿਨ ਰਵਿੰਦਰਾ (123 ਨਾਬਾਦ) ਨੇ ਜੜੇ ਸੈਂਕੜੇ
ਅਹਿਮਦਾਬਾਦ, 5 ਅਕਤੂਬਰ – ਨਿਊਜ਼ੀਲੈਂਡ ਨੇ ਅੱਜ ਇੱਥੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਆਈਸੀਸੀ ਵਨਡੇ ਕ੍ਰਿਕਟ ਵਰਲਡ ਕੱਪ ਦੇ ਉਦਘਾਟਨੀ ਮੁਕਾਬਲੇ ਵਿੱਚ ਡੈਵੋਨ ਕੌਨਵੇਅ ਤੇ ਰਚਨਿ ਰਵਿੰਦਰਾ ਦੇ ਨਾਬਾਦ ਸੈਂਕੜਿਆਂ ਤੇ ਦੂਜੀ ਵਿਕਟ ਲਈ 273 ਦੌੜਾਂ ਦੀ ਭਾਈਵਾਲੀ ਸਦਕਾ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 9 ਵਿਕਟਾਂ ਦੀ ਕਰਾਰੀ ਸ਼ਿਕਸਤ ਦਿੱਤੀ। ਨਿਊਜ਼ੀਲੈਂਡ ਦੀ ਟੀਮ ਨੇ ਟੂਰਨਾਮੈਂਟ ‘ਚ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਇੰਗਲੈਂਡ ਦੀ ਟੀਮ ਵਰਲਡ ਕੱਪ ਟੂਰਨਾਮੈਂਟ ‘ਚ ਆਪਣੇ ਖ਼ਿਤਾਬ ਦਾ ਬਚਾਅ ਕਰਨ ਉੱਤਰੀ ਹੈ। ਇੰਗਲੈਂਡ ਵਰਲਡ ਕੱਪ 2019 ਦੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਬਣਿਆ ਸੀ।
ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ‘ਤੇ 282 ਦਾ ਸਕੋਰ ਬਣਾਇਆ ਸੀ। ਨਿਊਜ਼ੀਲੈਂਡ ਦੀ ਟੀਮ ਨੇ 36.2 ਓਵਰਾਂ ਵਿੱਚ (82 ਗੇਂਦਾਂ ਬਾਕੀ ਰਹਿੰਦਿਆਂ) ਇੱਕ ਵਿਕਟ ਦੇ ਨੁਕਸਾਨ ਨਾਲ 283 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਨਿਊਜ਼ੀਲੈਂਡ ਦੇ ਕਪਤਾਨ ਟਾਮ ਲਾਥਮ ਨੇ ਇੰਗਲੈਂਡ ਖ਼ਿਲਾਫ਼ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਕੀਵੀ ਟੀਮ ਦੇ ਭਾਰਤੀ ਮੂਲ ਦੇ 23 ਸਾਲਾ ਖਿਡਾਰੀ ਰਚਨਿ ਰਵਿੰਦਰਾ ਨੇ ਕ੍ਰਿਕੇਟ ਵਰਲਡ ਕੱਪ ਦੇ ਓਪਨਰ ਮੈਚ ਵਿੱਚ ਨਿਊਜ਼ੀਲੈਂਡ ਦੀ ਇੰਗਲੈਂਡ ਉੱਤੇ 9 ਵਿਕਟਾਂ ਵਾਲੀ ਜਿੱਤ ਵਿੱਚ ਪਹਿਲਾ ਵਨਡੇ ਸੈਂਕੜਾ ਲਗਾ ਕੇ ਆਪਣਾ ਨਾਮ ਚਮਕਾਇਆ।
ਆਪਣੇ 13ਵੇਂ ਵਨਡੇ ‘ਚ ਖੇਡਦੇ ਹੋਏ ਰਵਿੰਦਰ ਨੇ 96 ਗੇਂਦਾਂ ‘ਤੇ ਅਜੇਤੂ 123 ਦੌੜਾਂ ਬਣਾਈਆਂ। ਜ਼ਖਮੀ ਕਪਤਾਨ ਕੇਨ ਵਿਲੀਅਮਸਨ ਦੀ ਗ਼ੈਰ-ਮੌਜੂਦਗੀ ਵਿੱਚ ਨੰਬਰ 3 ‘ਤੇ ਪ੍ਰਮੋਟ ਹੋਏ, ਉਸ ਨੇ ਵੈਲੰਿਗਟਨ ਟੀਮ ਦੇ ਸਾਥੀ ਡੇਵੋਨ ਕੋਨਵੇ ਦੇ ਨਾਲ 273 ਦੌੜਾਂ ਦੀ ਅਟੁੱਟ ਸਾਂਝੇਦਾਰੀ ਖੇਡੀ, ਕੋਨਵ ਨੇ ਨਾਬਾਦ 152 ਦੌੜਾਂ ਬਣਾਈਆਂ।
ਆਈਸੀਸੀ ਵਨਡੇ ਵਰਲਡ ਕੱਪ 2023 ਵਿੱਚ ਟੀਚੇ ਦਾ ਪਿੱਛਾ ਕਰਨ ਉੱਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਖ਼ਾਸ ਨਹੀਂ ਰਹੀ। ਵਿਲ ਯੰਗ ਬਿਨਾਂ ਖਾਤਾ ਖੋਲ੍ਹੇ ਹੀ ਬੀਨਾ ਪੈਵੇਲੀਅਨ ਪਰਤ ਗਏ। ਹਾਲਾਂਕਿ ਇਸ ਤੋਂ ਬਾਅਦ ਰਚਿਨ ਰਵਿੰਦਰਾ ਅਤੇ ਡੇਵੋਨ ਕੋਨਵੇ ਨੇ ਅਹੁਦਾ ਸੰਭਾਲਿਆ ਅਤੇ ਇੰਗਲੈਂਡ ਦੇ ਗੇਂਦਬਾਜ਼ਾਂ ਨੂੰ ਤਬਾਹ ਕਰ ਦਿੱਤਾ। ਇੰਗਲੈਂਡ ਦਾ ਸੈਮ ਕੁਰਾਨ ਹੀ ਅਜਿਹਾ ਗੇਂਦਬਾਜ਼ ਸੀ ਜਿਸ ਨੂੰ ਇੱਕਲੋਤੀ ਸਫਲਤਾ ਮਿਲੀ।
ਡੇਵੋਨ ਕੋਨਵੇ ਅਤੇ ਰਚਿਨ ਰਵਿੰਦਰਾ ਦੋਵੇਂ ਨਿਊਜ਼ੀਲੈਂਡ ਲਈ ਵਰਲਡ ਕੱਪ ‘ਚ ਡੈਬਿਊ ਕਰ ਰਹੇ ਸਨ। ਇਸ ਦੇ ਨਾਲ ਹੀ ਵਰਲਡ ਕੱਪ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਇੱਕ ਹੀ ਟੀਮ ਦੇ ਦੋ ਖਿਡਾਰੀਆਂ ਨੇ ਆਪਣੇ ਡੈਬਿਊ ਵਰਲਡ ਕੱਪ ਵਿੱਚ ਸੈਂਕੜੇ ਜੜ ਕੇ ਟੀਮ ਨੂੰ ਜਿੱਤ ਦਿਵਾਈ ਹੈ।ਇੰਟਰਨੈਸ਼ਨਲ ਕ੍ਰਿਕਟ ਵਿੱਚ ਰਚਿਨ ਰਵਿੰਦਰਾ ਦਾ ਇਹ ਪਹਿਲਾ ਸੈਂਕੜਾ ਹੈ, ਜਦੋਂ ਕਿ ਕੋਨਵੇ ਨੇ ਵਨਡੇ ‘ਚ ਆਪਣਾ ਪੰਜਵਾਂ ਸੈਂਕੜਾ ਲਗਾਇਆ ਹੈ।
ਨਿਊਜ਼ੀਲੈਂਡ ਖਿਲਾਫ ਵਰਲਡ ਕੱਪ ਦੇ ਇਸ ਪਹਿਲੇ ਮੈਚ ‘ਚ ਇੰਗਲੈਂਡ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਫਲਾਪ ਰਹੀ। ਹਾਲਾਂਕਿ ਜੌਨੀ ਬੇਅਰਸਟੋ ਨੇ ਮੈਚ ‘ਚ ਛੱਕਾ ਲਗਾ ਕੇ ਆਪਣਾ ਖਾਤਾ ਖੋਲ੍ਹਿਆ ਪਰ ਇਸ ਤੋਂ ਬਾਅਦ ਉਨ੍ਹਾਂ ਦੀ ਪਾਰੀ ਸੁਸਤ ਹੋ ਗਈ। ਬੇਅਰਸਟੋ 33 ਦੌੜਾਂ ਬਣਾ ਕੇ ਆਊਟ ਹੋ ਗਏ। ਟੀਮ ਲਈ ਜੋਅ ਰੂਟ ਨੇ ਸਭ ਤੋਂ ਵੱਧ 77 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕਪਤਾਨ ਜੋਸ ਬਟਲਰ ਨੇ 42 ਗੇਂਦਾਂ ਵਿੱਚ 43 ਦੌੜਾਂ ਦਾ ਯੋਗਦਾਨ ਦਿੱਤਾ।
ਵਰਲਡ ਕੱਪ ‘ਚ ਨਿਊਜ਼ੀਲੈਂਡ ਲਈ ਸਭ ਤੋਂ ਵੱਡੀ ਸਾਂਝੇਦਾਰੀ
ਡੇਵੋਨ ਕੋਨਵੇ ਅਤੇ ਰਚਿਨ ਰਵਿੰਦਰਾ ਨੇ ਵਰਲਡ ਕੱਪ ਵਿੱਚ ਨਿਊਜ਼ੀਲੈਂਡ ਲਈ ਸਾਰੇ ਰਿਕਾਰਡ ਤੋੜ ਦਿੱਤੇ। ਦੋਵਾਂ ਵਿਚਾਲੇ ਦੂਜੀ ਵਿਕਟ ਲਈ 273 ਦੌੜਾਂ ਦੀ ਸਾਂਝੇਦਾਰੀ ਹੋਈ। ਵਰਲਡ ਕੱਪ ‘ਚ ਨਿਊਜ਼ੀਲੈਂਡ ਲਈ ਕਿਸੇ ਵੀ ਵਿਕਟ ‘ਤੇ ਇਹ ਸਭ ਤੋਂ ਵੱਡੀ ਸਾਂਝੇਦਾਰੀ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ 1996 ਦੇ ਵਰਲਡ ਕੱਪ ‘ਚ ਜਰਮਨ ਅਤੇ ਹੈਰਿਸ ਵਿਚਾਲੇ ਆਸਟਰੇਲੀਆ ਖ਼ਿਲਾਫ ਸੀ। ਇੰਨਾ ਹੀ ਨਹੀਂ ਡੇਵੋਨ ਕੋਨਵੇ ਵਨਡੇ ਵਰਲਡ ਕੱਪ ‘ਚ ਟੀਚੇ ਦਾ ਪਿੱਛਾ ਕਰਦੇ ਹੋਏ 150 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ ਅਤੇ ਨਾਬਾਦ ਵੀ ਰਹੇ। ਇਸ ਮਾਮਲੇ ‘ਚ ਕੋਨਵੇ ਨੇ 2015 ਵਰਲਡ ਕੱਪ ‘ਚ 139 ਦੌੜਾਂ ਦੀ ਅਜੇਤੂ ਪਾਰੀ ਖੇਡਣ ਵਾਲੇ ਸ੍ਰੀਲੰਕਾ ਦੇ ਲਾਹਿਰੂ ਥਿਰੀਮਨੇ ਦਾ ਰਿਕਾਰਡ ਤੋੜ ਦਿੱਤਾ ਹੈ।
Cricket ਕ੍ਰਿਕਟ ਵਰਲਡ ਕੱਪ: ਨਿਊਜ਼ੀਲੈਂਡ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 9 ਵਿਕਟਾਂ ਨਾਲ...