ਪੰਜਾਬੀ ਸਿਨੇਮਾ ‘ਚ ਹੁਣ ਸਮੇਂ ਦੀ ਹਕੀਕਤ ਅਤੇ ਪੰਜਾਬ ਦੀ ਸਥਿਤੀ ਵੀ ਪੇਸ਼ ਹੋਣ ਲੱਗੀ ਹੈ।ਪੰਜਾਬ ਦੇ ਮੌਜੁੂਦਾ ਦੌਰ ਵਿੱਚ ਵਧਦੀ ਜਾ ਰਹੀ ਗੁੰਡਾਗਰਦੀ, ਗੈਂਗਸਟਰਵਾਦ ਅਤੇ ਸਮਾਜਿਕ ਮੁਦਿਆਂ ਤੇ ਤਿੱਖਾ ਵਿਅੰਗ ਕਰਦੀ ਅਜਿਹੀ ਹੀ ਇੱਕ ਪੰਜਾਬੀ ਫ਼ਿਲਮ ਹੈ ‘ਵ੍ਹਾਈਟ ਪੰਜਾਬ’। ‘ਥੀਏਟਰ ਆਰਮੀ ਫ਼ਿਲਮਜ਼’ ਬੈਨਰ ਹੇਠ ਬਣੀ ਇਹ ਫ਼ਿਲਮ ਕੁਰਾਹੇ ਪਏ ਨੌਜਵਾਨਾਂ ਅਤੇ ਸਮਾਜਿਕ ਹਾਲਾਤਾਂ ਦੀ ਗੱਲ ਕਰਦੀ ਇੱਕ ਅਰਥਭਰਪੂਰ ਫ਼ਿਲਮ ਹੈ। ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਸਾਨੂੰ ਹੁਣ ਖੁਦ ਅੱਗੇ ਹੋ ਕੇ ਆਪਣੇ ਨੌਜਵਾਨਾਂ ਨੂੰ ਗੈਂਗਸਟਰਵਾਦ ਵਿੱਚ ਫੱਸਣ ਤੋਂ ਬਚਾਉਣਾ ਪਏਗਾ।ਆਉਣ ਵਾਲੀ 13 ਅਕਤੂਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਨਣ ਜਾ ਰਹੀ ਨਿਰਦੇਸ਼ਕ ਅਤੇ ਲੇਖਕ ਗੱਬਰ ਸਿੰਘ ਸੰਗਰੂਰ ਦੀ ਇਸ ਫ਼ਿਲਮ ਵਿੱਚ ਗਾਇਕ ਕਾਕਾ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਦਮ ਧਰਨ ਜਾ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਅਦਾਕਾਰ ਕਰਤਾਰ ਚੀਮਾ, ਮਹਾਂਬੀਰ ਭੁੱਲਰ, ਸੈਮੁਅਲ ਜੌਨ, ਇੰਦਰਜੀਤ, ਦਕਸ਼ ਅਜੀਤ ਸਿੰਘ, ਰੱਬੀ ਕੰਡੋਲਾ, ਯਾਸ਼ਮੀਨ, ਤਾਰਾਪਾਲ ਤੇ ਸੁਪਨੀਤ ਸਿੰਘ ਆਦਿ ਨਾਮੀ ਕਲਾਕਾਰ ਆਪਣੀ ਅਦਾਕਾਰੀ ਦੇ ਰੰਗ ਦਿਖਾਉਂਦੇ ਨਜ਼ਰ ਆਉਣਗੇ।ਜ਼ਿਕਰਯੋਗ ਹੈ ਕਿ ਗੱਬਰ ਸਿੰਘ ਸੰਗਰੂਰ ਹਮੇਸ਼ਾ ਹੀ ਸਮਾਜਿਕ ਦਾਇਰੇ ਦੀਆਂ ਚੰਗੀਆਂ ਫਿਲਮਾਂ ਬਣਾਉਣ ਵਾਲੇ ਲੇਖਕ-ਨਿਰਦੇਸ਼ਕ ਵਜੋਂ ਜਾਣੇ ਜਾਂਦੇ ਹਨ ਅਤੇ ਇਸ ਫਿਲਮ ਰਾਹੀਂ ਉਨ੍ਹਾਂ ਨੌਜਵਾਨਾਂ ਦੇ ਅਹਿਮ ਮੁੱਦੇ ਨੂੰ ਛੋਹਿਆ ਹੈ। ਫ਼ਿਲਮ ਸਬੰਧੀ ਗੱਲਬਾਤ ਕਰਦਿਆਂ ਗੱਬਰ ਸਿੰਘ ਨੇ ਕਿਹਾ ਕਿ ਇਸ ਫ਼ਿਲਮ ਰਾਹੀਂ ਜਿੱਥੇ ‘ਵ੍ਹਾਈਟ ਪੰਜਾਬ’ ਅਪਰਾਧ ਤੋਂ ਪਰੇ ਦੁਨੀਆਂ ਨੂੰ ਦਿਖਾਉਣ ਦਾ ਇੱਕ ਗੰਭੀਰ ਅਤੇ ਸੁਹਿਰਦ ਯਤਨ ਹੈ, ਉੱਥੇ ਕਾਲਜਾਂ, ਯੂਨੀਵਰਸਿਟੀਆਂ ‘ਚ ਪੜ੍ਹਦੇ ਨੌਜਵਾਨਾਂ ਦੀ ਜ਼ਿੰਦਗੀ, ਮੁਸ਼ਕਿਲਾਂ ਤੇ ਹਾਲਾਤਾਂ ਨੂੰ ਵੀ ਸਾਹਮਣੇ ਲਿਆਂਦਾ ਗਿਆ ਹੈ। ਉਨਾਂ੍ਹ ਕਿਹਾ ਕਿ ਪੰਜਾਬ ਲਈ ਉਨ੍ਹਾਂ ਦੇ ਦਿਲ ‘ਚ ਇੱਕ ਦਰਦ ਹੈ ਅਤੇ ਬਹੁਤ ਦੁੱਖ ਹੁੰਦਾ ਹੈ ਜਦੋਂ ਪੰਜਾਬ ਦੇ ਨੌਜਵਾਨ ਦਿਨ-ਬ-ਦਿਨ ਗੈਂਗਵਾਰ ਦਾ ਹਿੱਸਾ ਬਣ ਰਹੇ ਹਨ।ਉਨਾਂ੍ਹ ਅੱਗੇ ਕਿਹਾ ਕਿ “ਜੇ ਫਿਲਮ ਘੱਟੋਂ-ਘੱਟ ਇੱਕ ਨੌਜਵਾਨ ਨੂੰ ਵੀ ਗੈਂਗਸਟਰਵਾਦ ਵਿੱਚ ਨਾ ਪੈਣ ਲਈ ਪ੍ਰੇਰਿਤ ਕਰੇਗੀ ਤਾਂ ਮੈਂ ਮਹਿਸੂਸ ਕਰਾਂਗਾ ਕਿ ਮੇਰੀ ਫਿਲਮ ਨੇ ਮਕਸਦ ਪੂਰਾ ਕੀਤਾ ਹੈ।ਇਸ ਫ਼ਿਲਮ ਰਾਹੀਂ ਗਾਇਕ ਤੋਂ ਨਾਇਕ ਬਣੇ ਕਾਕਾ ਦਾ ਕਹਿਣਾ ਹੈ ਕਿ “ਪੰਜਾਬ ਵਿੱਚ ਗਾਇਕਾਂ ਨੂੰ ਨੌਜਵਾਨਾਂ ਵੱਲੋਂ ਰੋਲ ਮਾਡਲ ਵਜੋਂ ਦੇਖਿਆ ਜਾਂਦਾ ਹੈ। ਇੱਕ ਕਲਾਕਾਰ ਹੋਣ ਦੇ ਨਾਤੇ, ਜਦੋਂ ਮੈਂ ਗਾਇਕਾਂ ਨੂੰ ਗੈਂਗਸਟਰਾਂ ਦੁਆਰਾ ਨਿਸ਼ਾਨਾ ਬਣਦੇ ਦੇਖਦਾ ਹਾਂ, ਤਾਂ ਇਹ ਮੇਰਾ ਫਰਜ਼ ਬਣਦਾ ਹੈ ਕਿ ਮੈਂ ਉਸ ਅਰਥ ਭਰਪੂਰ ਸਿਨੇਮਾ ਦਾ ਹਿੱਸਾ ਬਣਾ, ਜੋ ਨੌਜਵਾਨਾਂ ਨੂੰ ਤਬਾਹ ਕਰ ਰਹੇ ਗੈਂਗ ਦੇ ਲੈਂਡਸਕੇਪ ‘ਤੇ ਰੌਸ਼ਨੀ ਪਾਉਂਦਾ ਹੈ। ਉਨਾਂ ਕਿਹਾ ਕਿ ਸਾਨੂੰ ਆਸ ਹੈ ਕਿ ਚੰਗਾ ਸਿਨੇਮਾ ਵੇਖਣ ਵਾਲੇ ਦਰਸ਼ਕਾਂ ਦੀ ਪਸੰਦ ‘ਤੇ ਇਹ ਫ਼ਿਲਮ ਖਰੀ ਉੱਤਰੇਗੀ।
ਜਿੰਦ ਜਵੰਦਾ 9779591482
Entertainment ਨੌਜਵਾਨਾਂ ਨੂੰ ਗੈਂਗਸਟਰਵਾਦ ਤੋਂ ਬਚਾ ਕੇ, ਸਿੱਧੇ ਰਾਹੇ ਪਾਉਣਾ ਲਈ ਪ੍ਰੇਰਿਤ ਕਰੇਗੀ...