ਏਸ਼ਿਆਈ ਖੇਡਾਂ 2023: ਜਾਪਾਨ ਦੇ ਆਇਚੀ-ਨਾਗੋਆ ’ਚ ਮਿਲਣ ਦੇ ਵਾਅਦੇ ਨਾਲ ਹਾਂਗਜ਼ੂ ਏਸ਼ਿਆਈ ਖੇਡਾਂ ਸਮਾਪਤ, ਤਗਮਾ ਸੂਚੀ ‘ਚ ਚੀਨ ਪਹਿਲੇ ਤੇ ਭਾਰਤ ਚੌਥੇ ਸਥਾਨ ‘ਤੇ ਰਿਹਾ

ਹਾਂਗਜ਼ੂ, 8 ਅਕਤੂਬਰ – ਅੱਜ ਇੱਥੇ ਜਾਪਾਨ ਦੇ ਆਇਚੀ-ਨਾਗੋਆ ’ਚ ਮਿਲਣ ਦੇ ਵਾਅਦੇ ਨਾਲ ਹਾਂਗਜ਼ੂ ਏਸ਼ਿਆਈ ਖੇਡਾਂ ਸਮਾਪਤ ਹੋ ਗਈਆਂ ਹਨ। ਅਥਲੀਟਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਚੀਨ ਦੀ ਸੱਭਿਆਚਾਰਕ ਵਿਰਾਸਤ ਦਰਸਾਉਂਦੇ ਰੰਗਾਰੰਗ ਅਤੇ ਤਕਨੀਕੀ ਤੌਰ ’ਤੇ ਸ਼ਾਨਦਾਰ ਪ੍ਰੋਗਰਾਮ ਨਾਲ ਇਨ੍ਹਾਂ ਖੇਡਾਂ ਦੀ ਸਮਾਪਤ ਹੋਈ। ਉਲੰਪਿਕ ਕੌਂਸਲ ਆਫ ਏਸ਼ੀਆ (ਓਸੀਏ) ਦੇ ਕਾਰਜਕਾਰੀ ਮੁਖੀ ਰਣਧੀਰ ਸਿੰਘ ਨੇ ਸਮਾਪਤੀ ਦਾ ਐਲਾਨ ਕੀਤਾ।
ਏਸ਼ਿਆਈ ਖੇਡਾਂ ਦੀ ਤਗਮਾ ਸੂਚੀ ਵਿੱਚ ਇਸ ਵਾਰ ਫਿਰ ਚੀਨ ਦਾ ਦਬਦਬਾ ਰਿਹਾ। ਚੀਨ ਨੇ 201 ਸੋਨ, 111 ਚਾਂਦੀ ਅਤੇ 71 ਕਾਂਸੀ ਦੇ ਤਗਮੇ ਜਿੱਤੇ। ਇਸੇ ਤਰ੍ਹਾਂ ਜਾਪਾਨ 52 ਸੋਨ, 67 ਚਾਂਦੀ ਅਤੇ 69 ਕਾਂਸੇ ਦੇ ਤਗਮਿਆਂ ਨਾਲ ਦੂਜੇ ਅਤੇ ਦੱਖਣੀ ਕੋਰੀਆ 42 ਸੋਨ, 59 ਚਾਂਦੀ ਤੇ 89 ਕਾਂਸੇ ਦੇ ਤਗਮਿਆਂ ਨਾਲ ਤੀਜੇ ਸਥਾਨ ’ਤੇ ਰਿਹਾ। ਭਾਰਤ ਨੇ 107 ਤਗਮਿਆਂ (28 ਸੋਨੇ, 38 ਚਾਂਦੀ, 41 ਕਾਂਸੇ) ਦੇ ਰਿਕਾਰਡ ਨਾਲ ਚੌਥਾ ਸਥਾਨ ਹਾਸਲ ਕੀਤਾ।