ਨਵੀਂ ਦਿੱਲੀ, 10 ਅਕਤੂਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤੀ ਖਿਡਾਰੀਆਂ ਨੂੰ ਉੱਚੀਆਂ ਮੰਜ਼ਿਲਾਂ ਸਰ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿੱਚ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਅਤੇ ਭਰੋਸਾ ਜਤਾਇਆ ਕਿ ਅਗਲੀਆਂ ਏਸ਼ਿਆਈ ਖੇਡਾਂ ਵਿੱਚ ਦੇਸ਼ ਹਾਂਗਜ਼ੂ ਖੇਡਾਂ ਤੋਂ ਵੀ ਬਿਹਤਰ ਪ੍ਰਦਰਸ਼ਨ ਕਰੇਗਾ।
ਭਾਰਤੀ ਖਿਡਾਰੀਆਂ ਨੇ ਮਹਾਦੀਪੀ ਖੇਡਾਂ ਦੇ ਇਤਿਹਾਸ ਵਿੱਚ ਆਪਣਾ ਹੁਣ ਤੱਕ ਦਾ ਸਰਬੋਤਮ ਪ੍ਰਦਰਸ਼ਨ ਕਰਦਿਆਂ 28 ਸੋਨ ਸਮੇਤ 107 ਤਗਮੇ ਜਿੱਤੇ ਹਨ। ਮੋਦੀ ਨੇ ਮਹਿਲਾ ਖਿਡਾਰਨਾਂ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 660 ਮੈਂਬਰੀ ਦਲ ਵੱਲੋਂ ਹਾਸਲ ਕੀਤੇ ਗਏ ਅੱਧੇ ਤਗਮੇ ਜਿੱਤੇ। ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਦਲ ਦਾ ਸਨਮਾਨ ਕਰਦਿਆਂ ਮੋਦੀ ਨੇ ਕਿਹਾ, “ਸਰਕਾਰ ਖਿਡਾਰੀਆਂ ਨੂੰ ਬਿਹਤਰੀਨ ਸਹੂਲਤਾਂ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਤੁਸੀਂ 100 ਮੈਡਲਾਂ ਦਾ ਅੰਕੜਾ ਪਾਰ ਕਰ ਲਿਆ ਹੈ। ਅਗਲੀ ਵਾਰ ਅਸੀਂ ਇਹ ਰਿਕਾਰਡ ਵੀ ਤੋੜਾਂਗੇ। ਪੈਰਿਸ (ਓਲੰਪਿਕ) ਲਈ ਸਖ਼ਤ ਮਿਹਨਤ ਕਰੋ।’’ ਅਗਲੀਆਂ ਏਸ਼ਿਆਈ ਖੇਡਾਂ 2026 ਵਿੱਚ ਜਾਪਾਨ ਵਿੱਚ ਹੋਣਗੀਆਂ। ਮੋਦੀ ਨੇ ਕਿਹਾ, “ਖਿਡਾਰੀਆਂ ਨੇ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਭਾਰਤ ਵਿੱਚ ਕਦੇ ਵੀ ਹੁਨਰ ਦੀ ਕਮੀ ਨਹੀਂ ਸੀ। ਜਿੱਤਣ ਦੀ ਤਾਂਘ ਹਮੇਸ਼ਾ ਰਹਿੰਦੀ ਸੀ। ਉਹ ਪਹਿਲਾਂ ਵੀ ਚੰਗਾ ਪ੍ਰਦਰਸ਼ਨ ਕਰਦੇ ਸਨ ਪਰ ਉਨ੍ਹਾਂ ਦੇ ਰਾਹ ਵਿੱਚ ਕਈ ਰੁਕਾਵਟਾਂ ਸਨ। 2014 ਤੋਂ ਬਾਅਦ ਭਾਰਤੀ ਖਿਡਾਰੀਆਂ ਨੂੰ ਵਿਦੇਸ਼ਾਂ ਵਿੱਚ ਬਿਹਤਰੀਨ ਸਿਖਲਾਈ, ਸਹੂਲਤਾਂ ਅਤੇ ਮੁਕਾਬਲੇ ਮਿਲ ਰਹੇ ਹਨ।’’ ਪ੍ਰਧਾਨ ਮੰਤਰੀ ਨੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਹਰ ਐਥਲੀਟ ਨੂੰ ‘ਗੋਟ’ (ਗਰੇਟੈਸਟ ਆਫ ਆਲ ਟਾਈਮ) ਕਿਹਾ। ਉਨ੍ਹਾਂ ਮੈਡਲ ਜੇਤੂਆਂ ਨੂੰ ਸਕੂਲਾਂ ਵਿੱਚ ਨਸ਼ਿਆਂ ਅਤੇ ਡੋਪਿੰਗ ਬਾਰੇ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ
Home Page ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਂਗਜ਼ੂ ਖੇਡਾਂ ‘ਚ ਤਗਮਾ ਜੇਤੂ ਭਾਰਤੀ ਖਿਡਾਰੀਆਂ...