ਅੰਮ੍ਰਿਤਸਰ, 13 ਅਕਤੂਬਰ – ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ ਗੁਰੂ ਕੀ ਵਡਾਲੀ-ਛੇਹਰਟਾ) ਗਾਰਗੀ ਜਥੇ ਸਮੇਤ ਅੰਮ੍ਰਿਤਸਰ ਦੇ ਪੰਜ ਸਰੋਵਰਾਂ (ਸ੍ਰੀ ਸੰਤੋਖਸਰ ਸਾਹਿਬ, ਸ੍ਰੀ ਰਾਮਸਰ ਸਾਹਿਬ, ਸ੍ਰੀ ਬਿਬੇਕਸਰ ਸਾਹਿਬ, ਸ੍ਰੀ ਕੌਲਸਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ) ‘ਚੋਂ ਭਰੀ ਜਲ ਦੀ ਗਾਗਰ ਲੈਕੇ ਰੇਲ ਗੱਡੀ ਰਾਹੀਂ ਰਵਾਨਾ ਹੋ ਗਏ ਹਨ। ਬਾਬਾ ਸੇਵਾ ਸਿੰਘ ਕਾਰਸੇਵਾ ਖਡੂਰ ਸਾਹਿਬ ਵਾਲਿਆਂ ਵਲੋਂ ਗੁ: ਦਾਤਾ ਬੰਦੀ ਛੋੜ ਸਾਹਿਬ ਗਵਾਲੀਅਰ ਵਿਖੇ ਮਨਾਏ ਜਾ ਰਹੇ 403 ਸਾਲਾ ਬੰਦੀਛੋੜ ਦਿਵਸ ‘ਤੇ 15 ਅਕਤੂਬਰ ਨੂੰ ਅੰਮ੍ਰਿਤ ਵੇਲੇ ਇਸ ਗਾਗਰ ਦੇ ਜਲ ਨਾਲ ਦਰਬਾਰ ਸਾਹਿਬ ਦੇ ਥੜ੍ਹੇ ਦਾ ਮਰਿਆਦਾ ਨਾਲ ਇਸ਼ਨਾਨ ਕਰਵਾਇਆ ਜਾਵੇਗਾ।
ਗੁ: ਦਾਤਾ ਬੰਦੀ ਛੋੜ ਸਾਹਿਬ ਓਹ ਇਤਿਹਾਸਕ ਅਸਥਾਨ ਹੈ ਜਿਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮੌਕੇ ਦੇ ਬਾਦਸ਼ਾਹ ਜਹਾਂਗੀਰ ਨੇ ਕੈਦੀ ਬਣਾਕੇ ਰੱਖਿਆ ਹੋਇਆ ਸੀ। ਜਹਾਂਗੀਰ ਵਲੋਂ ਰਿਹਾਈ ਦਾ ਫੁਰਮਾਨ ਮਿਲਣ ‘ਤੇ ਛੇਵੇਂ ਪਾਤਸ਼ਾਹ ਜੀ ਨੇ 52 ਕੈਦੀ ਰਾਜਿਆਂ ਨੂੰ ਵੀ ਰਿਹਾਅ ਕਰਨ ਲਈ ਜਹਾਂਗੀਰ ਨਾਲ ਬਚਨ ਕੀਤੇ ਜਿਸ ‘ਤੇ 52 ਰਾਜੇ ਵੀ ਬੰਦੀ ਤੋਂ ਰਿਹਾਅ ਕਰਵਾਉਣ ਕਰਕੇ ਗੁਰੂ ਜੀ ਨੂੰ “ਦਾਤਾ ਬੰਦੀ ਛੋੜ” ਕਿਹਾ ਜਾਣ ਲੱਗਾ। ਗਾਗਰ ਲਿਜਾਣ ਦੀ ਸੇਵਾ ਕਰਨ ਵਾਲੇ ਜਥੇ ‘ਚ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਦੇ ਨਾਲ ਭਾਈ ਅਜਮੇਰ ਸਿੰਘ ਭੈਲ, ਬਾਬਾ ਰਘਬੀਰ ਸਿੰਘ ਰੰਧਾਵਾ, ਭਾਈ ਸੰਤਾ ਸਿੰਘ, ਭਾਈ ਹਰਜਿੰਦਰ ਸਿੰਘ ਅਤੇ ਭਾਈ ਗੁਰਸ਼ੇਰ ਸਿੰਘ ਸ਼ਾਮਲ ਹਨ। ਪ੍ਰੋ: ਬਾਬਾ ਰੰਧਾਵਾ ਨੇ ਦਸਿਆ ਕਿ 2021 ਈ: ਨੂੰ ਗੁ: ਦਾਤਾ ਬੰਦੀ ਛੋੜ ਸਾਹਿਬ ਵਿਖੇ ਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਜੀ ਵਲੋਂ ਮਨਾਏ ਗਏ 400 ਸਾਲਾ ਬੰਦੀ ਛੋੜ ਦਿਵਸ ‘ਤੇ ਵੀ ਅੰਮ੍ਰਿਤਸਰ ਦੇ ਪੰਜ ਸਰੋਵਰਾਂ ਵਿਚੋਂ ਭਰੀ ਗਾਗਰ ਦੇ ਜਲ ਨਾਲ ਦਰਬਾਰ ਦਾ ਇਸ਼ਨਾਨ ਕਰਵਾਉਣ ਦੀ ਸੇਵਾ ਕਰਨ ਉਪਰੰਤ ਸ਼ਬਦ ਚੌਕੀਂ ਸਾਹਿਬ ਸਜਾਈ ਗਈ ਸੀ।
Home Page ਬਾਬਾ ਬੁੱਢਾ ਵੰਸ਼ਜ ਅੰਮ੍ਰਿਤਸਰ ਦੇ ਪੰਜ ਸਰੋਵਰਾਂ ‘ਚੋਂ ਭਰੀ ਜਲ ਦੀ ਗਾਗਰ...