ਸੈਕਰਾਮੈਂਟੋ, ਕੈਲੀਫੋਰਨੀਆ, 16 ਦਸੰਬਰ (ਹੁਸਨ ਲੜੋਆ ਬੰਗਾ) – ਸਥਾਨਕ ਸਿੱਖ ਆਗੂ ਪਰਗਟ ਸਿੰਘ ਸੰਧੂ ਨੂੰ ਸੈਕਰਾਮੈਂਟੋ ਦੇ ਲਾਗਲੇ ਸ਼ਹਿਰ ਗਾਲਟ ਸਿਟੀ ਦਾ ਮੇਅਰ ਚੁਣ ਲਿਆ ਗਿਆ ਹੈ, ਉਨ੍ਹਾਂ ਨੂੰ ਸਾਰੇ ਕੌਂਸਲ ਮੈਂਬਰਾਂ ਨੇ ਸਰਬਸੰਮਤੀ ਨਾਲ ਇਸ ਅਹੁਦੇ ‘ਤੇ ਚੁਣਿਆ ਗਿਆ। ਪਰਗਟ ਸਿੰਘ ਸੰਧੂ ਪਿਛਲੇ ਲੰਮੇ ਸਮੇਂ ਤੋਂ ਅਮਰੀਕਨ ਸਿਆਸਤ ਵਿੱਚ ਸਰਗਰਮ ਹਨ। ਇਸ ਤੋਂ ਪਹਿਲਾਂ ਉਹ ਗਾਲਟ ਪਲੈਨਿੰਗ ਕਮਿਸ਼ਨ ਦੇ ਮੁਖੀ ਵੀ ਰਹਿ ਚੁੱਕੇ ਹਨ। ਇਸ ਤੋਂ ਬਾਅਦ ਉਹ ਅਮਰੀਕਾ ਦੇ ਪਹਿਲੇ ਸਿੱਖ ਕੌਂਸਲ ਮੈਂਬਰ ਚੁਣੇ ਗਏ। ਫਿਰ ਗਾਲਟ ਸਿਟੀ ਦੇ ਮੇਅਰ ਦੇ ਅਹੁਦੇ ਤੱਕ ਪਹੁੰਚੇ।
ਪਰਗਟ ਸਿੰਘ ਸੰਧੂ ਸਥਾਨਕ ਭਾਈਚਾਰੇ ਵਿੱਚ ਕਾਫ਼ੀ ਸਤਿਕਾਰੇ ਜਾਂਦੇ ਹਨ। ਉਹ ਆਪਣੇ ਜਲੰਧਰ ਦੇ ਛੋਟੇ ਜਿਹੇ ਪਿੰਡ ਬਸ਼ੇਰਪੁਰ ਤੋਂ ਅਮਰੀਕਾ ਪਹੁੰਚੇ ਤੇ ਇੱਥੇ ਆ ਕੇ ਉਨ੍ਹਾਂ ਨੇ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ। ਉਨ੍ਹਾਂ ਅਮਰੀਕਾ ਵਿੱਚ ਰਹਿੰਦਿਆਂ 25 ਸਾਲ ਦੇ ਕਰੀਬ ਅਮਰੀਕਨ ਪੋਸਟ ਆਫ਼ਿਸ ਵਿੱਚ ਨੌਕਰੀ ਕੀਤੀ। ਨੌਕਰੀ ਤੋਂ ਰਿਟਾਇਰਮੈਂਟ ਲੈਣ ਉਪਰੰਤ ਉਹ ਅਮਰੀਕਨ ਰਾਜਨੀਤੀ ਵਿੱਚ ਕੁੱਦ ਪਏ ਅਤੇ ਉਨ੍ਹਾਂ ਕਦੇ ਵੀ ਹਾਰ ਦਾ ਮੂੰਹ ਨਹੀਂ ਦੇਖਿਆ। ਪਹਿਲੀ ਵਾਰ ਉਹ ਦਸੰਬਰ 2019 ਵਿਚ ਗਾਲਟ ਸਿਟੀ ਦੇ ਮੇਅਰ ਨਿਯੁਕਤ ਕੀਤੇ ਗਏ ਸਨ। ਉਪਰੰਤ ਉਹ ਸਿਟੀ ਦੇ ਵਾਈਸ ਮੇਅਰ ਰਹੇ ਅਤੇ ਹੁਣ ਫਿਰ ਤੋਂ ਗਾਲਟ ਸਿਟੀ ਦੇ ਮੇਅਰ ਚੁਣੇ ਗਏ ਹਨ। ਪਰਗਟ ਸਿੰਘ ਸੰਧੂ ਗਾਲਟ ਸਿਟੀ ਤੋਂ ਇਲਾਵਾ ਸਿੱਖ ਭਾਈਚਾਰੇ ਦੀਆਂ ਗਤੀਵਿਧੀਆਂ ‘ਚ ਵੀ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਉਹ ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ, ਸੈਕਰਾਮੈਂਟੋ ਅਤੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਦੇ ਮੁੱਖ ਪ੍ਰਬੰਧਕ ਵੀ ਹਨ।
Home Page ਸੈਕਰਾਮੈਂਟੋ ਦੇ ਲਾਗਲੇ ਸ਼ਹਿਰ ਗਾਲਟ ਸਿਟੀ ਦੇ ਪਰਗਟ ਸਿੰਘ ਸੰਧੂ ਦੂਜੀ ਵਾਰ...