ਸੰਸਾਰ ਵਿੱਚ ਬਹੁਤ ਸਾਰੇ ਇਨਸਾਨ ਆਪੋ ਆਪਣੇ ਖੇਤਰਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਪ੍ਰੰਤੂ ਕੁਝ ਅਜਿਹੇ ਮਹਾਨ ਤੇ ਨਿਵੇਕਲੀ ਕਿਸਮ ਦੇ ਇਨਸਾਨ ਹੁੰਦੇ ਹਨ, ਜਿਹੜੇ ਆਪਣੀ ਵਿਦਵਤਾ ਦੇ ਅਨੇਕਾਂ ਰੰਗ ਬਿਖ਼ੇਰਦੇ ਹੋਏ ਆਪਣੇ ਸਮਾਜ ਦੇ ਸਭਿਅਚਾਰ ਨੂੰ ਅਮੀਰ ਕਰਦੇ ਰਹਿੰਦੇ ਹਨ। ਅਜਿਹੇ ਵਿਅਕਤੀਆਂ ਵਿੱਚ ਪੰਜਾਬੀ ਅਤੇ ਸਿੱਖੀ ਦੇ ਮੁੱਦਈ ਗਿਆਨੀ ਗੁਰਦਿੱਤ ਸਿੰਘ ਬਹੁ-ਪੱਖੀ, ਬਹੁਰੰਗੀ, ਗਿਆਨਵਾਨ ਅਤੇ ਪ੍ਰਬੁੱਧ ਵਿਦਵਾਨ ਸ਼ਾਮਲ ਹਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਪੰਜਾਬੀ ਸਾਹਿਤ, ਸਭਿਅਚਾਰ ਅਤੇ ਸਿੱਖੀ ਸੋਚ ਨੂੰ ਸਮਰਪਤ ਕਰਦਿਆਂ ਬਸਰ ਕਰ ਦਿੱਤਾ। ਭਾਵੇਂ ਉਹ ਬਹੁਤੇ ਪੜ੍ਹੇ ਲਿਖੇ ਨਹੀਂ ਸਨ ਪ੍ਰੰਤੂ ਗਿਆਨਵਾਨ ਉਹ ਅਨੋਖੀ ਕਿਸਮ ਦੇ ਸਨ। ਉਨ੍ਹਾਂ ਨੇ ਆਪਣੇ ਗਿਆਨ ਨੂੰ ਸਿੱਖ ਸਮਾਜ ਦੀ ਬਿਹਤਰੀ ਲਈ ਵਰਤਿਆ, ਜਿਸ ਨੂੰ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਹੈਰਾਨੀ ਇਸ ਗੱਲ ਦੀ ਹੈ ਕਿ ਉਨ੍ਹਾਂ ਦੀ ਦਿਹਾਤੀ ਰਹਿਤਲ ਹੋਣ ਦੇ ਬਾਵਜੂਦ ਸ਼ਹਿਰੀ ਵਿਦਵਾਨਾ ਤੋਂ ਕਿਸੇ ਗੱਲੋਂ ਵੀ ਘੱਟ ਨਹੀਂ ਸੀ। ਉਨ੍ਹਾਂ ਨੂੰ ਵਿਦਵਤਾ ਦਾ ਮੁਜੱਸਮਾ ਕਿਹਾ ਜਾ ਸਕਦਾ ਹੈ। ਉਨ੍ਹਾਂ ਦਾ ਯੋਗਦਾਨ ਚੋਟੀ ਦੇ ਸਿੱਖ ਵਿਦਵਾਨਾ ਤੋਂ ਵਧੇਰੇ ਸੀ, ਸਗੋਂ ਉਨ੍ਹਾਂ ਦੀ ਵਿਦਵਤਾ ਤੇ ਦ੍ਰਿੜ੍ਹਤਾ ਨੇ ਪੰਜਾਬੀ ਅਤੇ ਸਿੱਖ ਵਿਰਾਸਤ ਨੂੰ ਅਮੀਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਗਿਆਨੀ ਗੁਰਦਿੱਤ ਸਿੰਘ ਨੇ ਅਜਿਹੇ ਕੀਰਤੀਮਾਨ ਸਥਾਪਤ ਕੀਤੇ ਜਿਨ੍ਹਾਂ ‘ਤੇ ਸਿੱਖ ਸਮਾਜ ਹਮੇਸ਼ਾ ਮਾਣ ਕਰਦਾ ਹੋਇਆ ਅਗਵਾਈ ਲੈਂਦਾ ਰਹੇਗਾ। ਉਨ੍ਹਾਂ ਨੇ ਆਪਣੇ ਵਿਲੱਖਣ ਯੋਗਦਾਨ ਨਾਲ ਸਿੱਖ ਸਮਾਜ ਵਿੱਚ ਆਪਣੀ ਨਿਵੇਕਲੀ ਪਛਾਣ ਬਣਾ ਲਈ ਸੀ। ਗਿਆਨੀ ਗੁਰਦਿੱਤ ਸਿੰਘ ਸਿੱਖ ਧਰਮ ਦੇ ਖੋਜੀ ਵਿਦਵਾਨ ਸਨ, ਜਿਨ੍ਹਾਂ ਆਪਣੀ ਸਾਰੀ ਉਮਰ ਸਿੱਖੀ ਸੋਚ ‘ਤੇ ਪਹਿਰਾ ਦਿੰਦਿਆਂ ਬਤੀਤ ਕੀਤੀ। ਗਿਆਨੀ ਗੁਰਦਿੱਤ ਸਿੰਘ ਦੇ ਸਿੱਖੀ ਸਿਦਕ, ਪੰਜਾਬੀ ਸਭਿਅਚਾਰ, ਸਾਹਿਤ ਅਤੇ ਪੱਤਰਕਾਰੀ ਵਿੱਚ ਪਾਏ ਵਿਲੱਖਣ ਯੋਗਦਾਨ ਦੀ ਕਦਰ ਕਰਦਿਆਂ ਉਨ੍ਹਾਂ ਨੂੰ 1956 ਵਿੱਚ ਪੰਜਾਬ ਵਿਧਾਨ ਪ੍ਰੀਸ਼ਦ ਦਾ ਮੈਂਬਰ ਨਾਮਜਦ ਕੀਤਾ ਗਿਆ। ਵਿਧਾਨ ਪ੍ਰੀਸ਼ਦ ਵਿੱਚ ਵੀ ਉਨ੍ਹਾਂ ਸਿੱਖ ਵਿਚਾਰਧਾਰਾ, ਸਾਹਿਤ ਅਤੇ ਸਭਿਅਚਾਰ ਦੀ ਪ੍ਰਫੁਲਤਾ ਲਈ ਆਪਣੇ ਕੀਮਤੀ ਵਿਚਾਰ ਸਰਕਾਰ ਗੋਚਰੇ ਕੀਤੇ ਤਾਂ ਜੋ ਪੰਜਾਬ ਸਰਕਾਰ ਨੂੰ ਸੁਚੱਜੀ ਅਗਵਾਈ ਦਿੱਤੀ ਜਾ ਸਕੇ। ਉਨ੍ਹਾਂ ਆਪਣੀ ਲਿਆਕਤ ਨਾਲ ਕਈ ਅਜਿਹੇ ਕਾਰਜ ਕੀਤੇ ਜਿਸ ਨਾਲ ਉਨ੍ਹਾਂ ਦੀ ਦੇਣ ਇਤਿਹਾਸ ਦਾ ਹਿੱਸਾ ਬਣ ਗਈ। ਉਨ੍ਹਾਂ ਵਿਧਾਨ ਪ੍ਰੀਸ਼ਦ ਵਿੱਚ ਸਿੱਖਾਂ ਦੇ ਪੰਜਵੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸਥਾਪਨਾ ਲਈ ਮਤਾ ਪੇਸ਼ ਕਰਕੇ ਪੁਰਜ਼ੋਰ ਸਿਫ਼ਾਰਸ਼ ਨਾਲ ਮੈਂਬਰਾਂ ਨੂੰ ਪ੍ਰਭਾਵਤ ਕੀਤਾ, ਜਿਸਦੇ ਸਿੱਟੇ ਵਜੋਂ ਪੰਜਵੇਂ ਤਖ਼ਤ ਦੀ ਸਥਪਨਾ ਹੋਈ। ਉਹ ਪਹਿਲੇ ਸਿੱਖ ਵਿਦਵਾਨ ਸਨ, ਜਿਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਸਿੱਖਾਂ ਦਾ ਪੰਜਵਾਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਹੋਂਦ ਵਿੱਚ ਆਇਆ ਸੀ। ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਅਤੇ ਸਿੱਖ ਵਿਦਿਅਕ ਕਾਨਫਰੰਸਾਂ ਕਰਵਾਉਣ ਵਿੱਚ ਵੀ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਦੀ ਦੇਣ ਦਾ ਸਿੱਖ ਜਗਤ ਇਵਜਾਨਾ ਨਹੀਂ ਮੋੜ ਸਕਦਾ ਪ੍ਰੰਤੂ ਊਨ੍ਹਾਂ ਦੀ ਯਾਦ ਨੂੰ ਤਾਜਾ ਰੱਖਣ ਲਈ 2023 ਵਿੱਚ ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਸਮਾਗਮ ਦੇਸ਼ ਵਿਦੇਸ਼ ਵਿੱਚ ਆਯੋਜਤ ਕੀਤੇ ਗਏ। ਭਾਈ ਜੈਤੇਗ ਸਿੰਘ ਅਨੰਤ ਨੇ ਗੁਰਦੁਆਰਾ ਬਰੁਕ ਸਾਈਡ ਸਰੀ, ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕੈਨੇਡਾ ਅਤੇ ਗੁਰਦਆਰਾ ਸਿੰਘ ਸਭਾ ਵਾਸ਼ਿੰਗਟਨ, ਰੈਨਟਨ ਸਿਆਟਲ ਅਮਰੀਕਾ ਵਿੱਚ ਸਮਾਗਮ ਆਯੋਜਤ ਕੀਤੇ। ਸਿੱਖ ਨੈਸ਼ਨਲ ਆਰਕਾਈਵ ਆਫ ਟਰਾਂਟੋ ਕੈਨੇਡਾ ਨੇ ਇਕ ਸ਼ੈਕਸ਼ਨ ਗਿਆਨੀ ਗੁਰਦਿਤ ਸਿੰਘ ਦੇ ਨਾਮ ‘ਤੇ ਸਥਾਪਤ ਕੀਤਾ ਹੈ। ਸ਼ਤਾਬਦੀ ਸਮਾਗਮਾ ਦੀ ਲੜੀ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਦੇ ਮੌਕੇ ‘ਤੇ ਡਾ.ਜੀਤ ਸਿੰਘ ਜੋਸ਼ੀ ਵੱਲੋਂ ਲਿਖੀ ਗਿਆਨੀ ਗੁਰਦਿੱਤ ਸਿੰਘ ਜੀ ਦੀ ਜੀਵਨੀ ‘ ਗਿਆਨੀ ਗੁਰਦਿੱਤ ਸਿੰਘ ਜੀਵਨ ਤੇ ਰਚਨਾ’ ਪ੍ਰਕਾਸ਼ਤ ਕਰਵਾਈ, ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕ ਅਰਪਨ ਕੀਤਾ। ਗਿਆਨੀ ਗੁਰਦਿੱਤ ਸਿੰਘ ਦੀ ਤਸਵੀਰ ਸੈਂਟਰਲ ਸਿੱਖ ਅਜਾਇਬ ਘਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਲਗਾਈ ਜਾ ਰਹੀ ਹੈ।
ਗਿਆਨੀ ਗੁਰਦਿੱਤ ਸਿੰਘ ਦਾ ਵਿਆਹ ਵਿਦਿਅਕ ਮਾਹਿਰ ਇੰਦਰਜੀਤ ਕੌਰ ਸੰਧੂ ਨਾਲ ਹੋਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਈ। ਦੋਹਾਂ ਵਿਦਵਾਨਾਂ ਦੇ ਸਾਥ ਨੇ ਸਿੱਖ ਜਗਤ ਨੂੰ ਸ਼ਾਹਕਾਰ ਰਚਨਾਵਾਂ ਦਿੱਤੀਆਂ ਜਿਹੜੀਆਂ ਹਮੇਸ਼ਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ। ਉਹ ਸਰਵਪੱਖੀ ਤੇ ਪ੍ਰਤਿਭਾਵਾਨ ਗੁਰਮਤਿ ਦੇ ਧਾਰਨੀ, ਸਿੱਖ ਸੋਚ ਦੇ ਮੁੱਦਈ, ਸਿੱਖ ਧਰਮ ਦੇ ਪ੍ਰਤੀਬੱਧ ਅਤੇ ਗੁਰਬਾਣੀ ਦੇ ਖੋਜੀ ਵਿਆਖਿਆਕਾਰ ਸਨ। ਉਨ੍ਹਾਂ ਨੂੰ ਸਿੱਖ ਧਰਮ ਦਾ ਡੂੰਘਾ ਗਿਆਨ ਸੀ। ਆਪਣੇ ਧਰਮ ਦੀ ਪ੍ਰਫੁਲਤਾ ਲਈ ਉਹ ਹਮੇਸ਼ ਤੱਤਪਰ ਰਹਿੰਦੇ ਸਨ। ਉਹ ਸਹੀ ਅਰਥਾਂ ਵਿੱਚ ਸਿੱਖ ਧਰਮ ਦੇ ਚੇਤੰਨ ਚਿੰਤਕ ਸਨ। ਗਿਆਨੀ ਗੁਰਦਿੱਤ ਸਿੰਘ ਦੀ ਜ਼ਿੰਦਗੀ ਦਾ ਮੁੱਖ ਮੰਤਵ ਸਿੱਖ ਕੌਮ ਦੇ ਭਵਿਖ ਨੂੰ ਬਿਹਤਰੀਨ ਅਤੇ ਸੁਨਹਿਰਾ ਬਣਾਉਣਾ ਸੀ। ਉਹ ਬਹੁਰੰਗੀ ਅਤੇ ਬਹੁਮੰਤਵੀ ਸ਼ਖ਼ਸੀਅਤ ਦੇ ਮਾਲਕ ਸਨ। ਉਹ ਗੁਰਮਤਿ ਤੇ ਸਿੱਖ ਇਤਿਹਾਸ ਦੇ ਆਲ੍ਹਾ ਦਰਜੇ ਦੇ ਖੋਜੀ ਵਿਦਵਾਨ ਮੰਨੇ ਜਾਂਦੇ ਸਨ। ਉਨ੍ਹਾਂ ਨੇ ਮੋਹਾਲੀ, ਚੰਡੀਗੜ੍ਹ ਅਤੇ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਸਥਾਪਤ ਕੀਤੇ। ਗਿਆਨੀ ਗੁਰਦਿੱਤ ਸਿੰਘ ਦੀ ਰਹਿਨੁਮਾਈ ਹੇਠ ਕੇਂਦਰੀ ਸ੍ਰੀ ਗੁਰੂ ਗੋਬਿੰਦ ਸਿੰਘ ਸਭਾ ਦੀ ਸਥਾਪਨਾ ਕੀਤੀ ਗਈ ਅਤੇ ਫਿਰ ਇਸ ਸੰਸਥਾ ਵੱਲੋਂ ਦੇਸ਼-ਵਿਦੇਸ਼ ਵਿੱਚ ਗੁਰਮਤਿ ਟ੍ਰੇਨਿੰਗ ਕੈਂਪ ਲਗਾ ਕੇ ਨੌਜਵਾਨਾ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਗਿਆ। ਪਾਠ ਬੋਧ ਸਮਾਗਮ ਕਰਵਾਉਣ ਦਾ ਸਿਹਰਾ ਵੀ ਗਿਆਨੀ ਗੁਰਦਿੱਤ ਸਿੰਘ ਜੀ ਨੂੰ ਜਾਂਦਾ ਹੈ।
ਗਿਆਨੀ ਗੁਰਦਿੱਤ ਸਿੰਘ ਦੀ ਸਾਰੀ ਖੋਜ ਸਿੱਕੇਬੰਦ ਹੈ ਕਿਉਂਕਿ ਉਹ ਤੱਥਾਂ ‘ਤੇ ਅਧਾਰਤ ਖੋਜ ਕਰਕੇ ਲਿਖਦੇ ਸਨ। ਖੋਜ ਕਾਰਜ ਲਈ ਉਨ੍ਹਾਂ ਨੇ ਦੇਸ਼ ਦੇ ਕੋਨੇ ਕੋਨੇ ਵਿੱਚ ਜਾ ਕੇ ਜਿਸ ਇਤਿਹਾਸਕ ਸਥਾਨ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ, ਜਿਥੇ ਗੁਰੂ ਸਾਹਿਬ ਗਏ ਹੋਣ ਉਥੋਂ ਤੱਥ ਇਕੱਤਰ ਕੀਤੇ। ਸਿੱਖ ਧਰਮ ਵਿੱਚ ਬਹੁਤ ਸਾਰੇ ਨੁਕਤਿਆਂ ‘ਤੇ ਵਾਦਵਿਵਾਦ ਹੋਏ ਹਨ ਅਤੇ ਇਸ ਸਮੇਂ ਵੀ ਹੋ ਰਹੇ ਹਨ ਪ੍ਰੰਤੂ ਗਿਆਨੀ ਗੁਰਦਿੱਤ ਸਿੰਘ ਦੀਆਂ ਖੋਜਾਂ ਨੇ ਉਨ੍ਹਾਂ ਵਾਦ ਵਿਵਾਦਾਂ ਨੂੰ ਖ਼ਤਮ ਕਰਨ ਵਿੱਚ ਵਿਲੱਖਣ ਯੋਗਦਾਨ ਪਾਇਆ ਕਿਉਂਕਿ ਉਨ੍ਹਾਂ ਹਰ ਪੁਸਤਕ, ਲੇਖ ਅਤੇ ਕਿਤਾਬਚਿਆਂ ਨੂੰ ਲਿਖਣ ਸਮੇਂ ਪੁਰਾਤਨ ਖਰੜਿਆਂ ਵਿੱਚੋਂ ਉਦਾਹਰਣਾ ਦੇ ਕੇ ਸਹੀ ਤੱਥ ਸਾਹਮਣੇ ਲਿਆਂਦੇ ਸਨ। ਉਨ੍ਹਾਂ ਦੂਜੀਆਂ ਭਾਸ਼ਾਵਾਂ ਦਾ ਵੀ ਤੁਲਨਾਤਮਿਕ ਅਧਿਐਨ ਕਰਕੇ ਇਤਿਹਾਸਕ ਤੱਥਾਂ ਦੀ ਪੁਸ਼ਟੀ ਕੀਤੀ। ਉਨ੍ਹਾਂ ਕੋਈ ਵੀ ਪੁਸਤਕ ਜਲਦਬਾਜ਼ੀ ਵਿੱਚ ਨਹੀਂ ਪ੍ਰਕਾਸ਼ਤ ਕਰਵਾਈ। ਪੁਸਤਕਾਂ ਲਈ ਮੈਟਰ ਇਕੱਤਰ ਕਰਨ ਨੂੰ ਉਹ ਵਰ੍ਹੇ ਲਗਾ ਦਿੰਦੇ ਸਨ ਤਾਂ ਜੋ ਸਿੱਖ ਜਗਤ ਨੂੰ ਸਹੀ ਰਸਤਾ ਵਿਖਾਇਆ ਜਾ ਸਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨੀ ਜੀ ਦੇ ਜੀਵਨ ਦਾ ਕੇਂਦਰੀ ਧੁਰਾ ਰਿਹਾ ਹੈ। ਉਹ ਗਿਆਨ ਦੇ ਭੰਡਾਰ ਅਤੇ ਸਿੱਖ ਧਰਮ ਦੇ ਪਹਿਰੇਦਾਰ ਬਣਕੇ ਨਿਤਰੇ ਸਨ। ਉਹ ਇਕ ਅਜਾਇਬ ਘਰ ਬਣਾਉਣਾ ਚਾਹੁੰਦੇ ਸਨ, ਜਿਸ ਵਿੱਚ ਪੁਰਾਤਨ ਬੀੜਾਂ, ਦੁਰਲਭ ਵਸਤਾਂ, ਗੁਰੂ ਸਾਹਿਬਾਨ ਨਾਲ ਸੰਬੰਧਤ ਵਸਤੂਆਂ ਆਦਿ ਨੂੰ ‘ਸਿੱਖ ਵਿਰਸਾ ਟਰੱਸਟ’ ਦੇ ਰੂਪ ਵਿੱਚ ਪੰਥ ਲਈ ਸੰਭਾਲਿਆ ਜਾ ਸਕੇ ਪ੍ਰੰਤੂ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹ ਮਾਲਵੇ ਦੇ ਦਿਹਾਤੀ ਇਲਾਕੇ ਨਾਲ ਸੰਬੰਧ ਰੱਖਦੇ ਸਨ, ਜਿਸ ਕਰਕੇ ਉਨ੍ਹਾਂ ਨੇ ਦਿਹਾਤੀ ਪੰਜਾਬੀ ਸਭਿਆਚਾਰ, ਸਭਿਅਤਾ ਅਤੇ ਪੰਜਾਬੀ ਪੇਂਡੂੁ ਰਹਿਣੀ ਬਹਿਣੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਦ੍ਰਿਸ਼ਟਮਾਨ ਕੀਤਾ। ਉਨ੍ਹਾਂ ਦੀ ਇਹ ਲੇਖਣੀ ਦ੍ਰਿਸ਼ਟਾਂਤਿਕ ਹੈ। ਪਾਠਕ ਨੂੰ ਪੜ੍ਹਦਿਆਂ ਹੀ ਪਿੰਡ ਦੀ ਰਹਿਤਲ ਵਿਖਾੲਂੀ ਦੇਣ ਲੱਗ ਜਾਂਦੀ ਹੈ। ਉਹ ਬੁੱਧੀਜੀਵੀ ਤੇ ਵਿਦਵਾਨ ਲੇਖਕ ਹੋਏ ਹਨ। ਪੰਜਾਬੀ ਸਭਿਆਚਾਰ ਨਾਲ ਉਨ੍ਹਾਂ ਨੂੰ ਅਥਾਹ ਪਿਆਰ ਸੀ, ਇਸ ਕਰਕੇ ਹਮੇਸ਼ਾ ਪੰਜਾਬੀਅਤ ਵਿੱਚ ਗੜੁੱਚ ਰਹਿੰਦੇ ਸਨ। ਗਿਆਨੀ ਜੀ ਨੇ ਲੋਕ ਵਿਰਸੇ ਦੀ ਵਫ਼ਦਾਰੀ ਨਿਭਾਉਂਦਿਆਂ ਹਮੇਸ਼ਾ ਆਪਣੀ ਲੇਖਣੀ ਰਾਹੀਂ ਪੰਜਾਬੀ ਤੇ ਸਿੱਖੀ ਰਵਾਇਤਾਂ, ਰਸਮੋ ਰਿਵਾਜ ਅਤੇ ਸਰੂਪ ਨੂੰ ਆਪਣੀਆਂ ਲਿਖਤਾਂ ਦਾ ਅਟੁੱਟ ਅੰਗ ਬਣਾਇਆ। ਉਹ ਇੱਕ ਸੁਲਝੇ ਹੋਏ ਸਿੱਖ ਵਿਦਵਾਨ ਸਨ, ਜਿਹਨਾਂ ਦੀ ਅੱਜ ਤੱਕ ਦੀ ਪੰਜਾਬੀ ਦੀ ਸਭ ਤੋਂ ਸਰਵੋਤਮ 1961 ਵਿੱਚ ਪ੍ਰਕਾਸ਼ਤ ਹੋਈ ਸ਼ਾਹਕਾਰ ਪੁਸਤਕ ‘ਮੇਰਾ ਪਿੰਡ’ ਨੂੰ ਗਿਣਿਆ ਜਾਂਦਾ ਹੈ। ਹੁਣ ਤੱਕ ਇਸ ਪੁਸਤਕ ਦੇ 14 ਐਡੀਸ਼ਨ ਪ੍ਰਕਾਸ਼ਤ ਹੋ ਚੁੱਕੇ ਹਨ। ਉਨ੍ਹਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਸਾਹਿਤਕਾਰਾਂ ਨੇ ਪੰਜਾਬੀ ਭਾਸ਼ਾ ਦੀ ਸੇਵਾ ਆਪਣੀਆਂ ਪੁਸਤਕਾਂ ਰਾਹੀਂ ਕੀਤੀ ਹੈ ਪ੍ਰੰਤੂ ਉਨ੍ਹਾਂ ਦੀ ਪੁਸਤਕ ਮੇਰਾ ਪਿੰਡ ਸ਼ਾਹਕਾਰ ਪੁਸਤਕ ਦੇ ਤੌਰ ਤੇ ਪ੍ਰਵਾਣਿਤ ਕੀਤੀ ਜਾਂਦੀ ਹੈ। ਪੰਜਾਬ ਦੇ ਸਭਿਆਚਾਰਕ ਇਤਿਹਾਸ ਵਿੱਚ ‘ਮੇਰਾ ਪਿੰਡ’ ਪੁਸਤਕ ਇਕ ਮੀਲ ਪੱਥਰ ਸਾਬਤ ਹੋਈ ਹੈ। ਗਿਆਨੀ ਗੁਰਦਿੱਤ ਸਿੰਘ ਚੋਟੀ ਦੇ ਪੱਤਰਕਾਰ ਅਤੇ ਸੰਪਾਦਕ ਸਨ। ਉਨ੍ਹਾਂ ਨੇ ਬਹੁਤ ਹੀ ਛੋਟੀ 24 ਸਾਲ ਦੀ ਉਮਰ ਵਿੱਚ ਪੱਤਰਕਾਰੀ ਦਾ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। ਉਹ ਉਚ ਕੋਟੀ ਦੇ ਨਿੱਡਰ ਪੱਤਰਕਾਰ ਤੇ ਸੰਪਾਦਕ ਸਨ। ਉਨ੍ਹਾਂ ਦੀ ਪੱਤਰਕਾਰੀ ਦੀ ਦਿਲਚਸਪੀ ਕਰਕੇ ਉਹਨਾਂ ਨੇ 1947 ਵਿੱਚ ਪਟਿਆਲੇ ਤੋਂ ਪੰਜਾਬੀ ਦਾ ‘ਪ੍ਰਕਾਸ਼’ ਨਾਂ ਦਾ ਰੋਜ਼ਾਨਾ ਅਖ਼ਬਾਰ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ। ਉਹ ਇਸ ਅਖ਼ਬਾਰ ਦੇ ਮੁੱਖ ਸੰਪਾਦਕ ਸਨ। ਵਿਤੀ ਮੁਸ਼ਕਲਾਂ ਕਰਕੇ ਉਨ੍ਹਾਂ ਇਸ ਅਖ਼ਬਾਰ ਨੂੰ ਸਪਤਾਹਿਕ ਬਣਾ ਦਿੱਤਾ। ਉਹ ਇਸ ਅਖ਼ਬਾਰ ਨੂੰ 1961 ਤੱਕ ਰੋਜ਼ਾਨਾ ਅਤੇ ਫਿਰ 1978 ਤੱਕ ਸਪਤਾਹਿਕ ਪ੍ਰਕਾਸ਼ਤ ਕਰਦੇ ਰਹੇ। ਉਨ੍ਹਾਂ ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਦੀ ਰਹਿਨੁਮਾਈ ਵਿੱਚ ਕੰਮ ਕਰਨ ਵਾਲੇ ਪੱਤਰਕਾਰ ਇਸ ਖੇਤਰ ਵਿੱਚ ਬੁਲੰਦੀਆਂ ‘ਤੇ ਪਹੁੰਚ ਗਏ। ਪ੍ਰਸਿੱਧ ਵਿਅੰਗਕਾਰ ਸੂਬਾ ਸਿੰਘ ਉਨ੍ਹਾਂ ਕੋਲ ਕੰਮ ਕਰਦੇ ਸਨ। ਪੱਤਰਕਾਰੀ ਦਾ ਮੱਸ ਉਹਨਾਂ ਨੂੰ ਸਤਾਉਂਦਾ ਰਿਹਾ, ਇਸ ਕਰਕੇ ਜੀਵਨ ਸੰਦੇਸ਼ ਅਖ਼ਬਾਰ 1949 ਵਿੱਚ ਸ਼ੁਰੂ ਕੀਤਾ ਜਿਸ ਦੇ ਉਹ ਸੰਪਾਦਕ ਸਨ। 1973 ਤੋਂ 1978 ਤੱਕ ਸਿੰਘ ਸਭਾ ਪਤ੍ਰਿਕਾ ਦੇ ਸੰਪਾਦਕ ਰਹੇ। ਗਿਆਨੀ ਗੁਰਦਿੱਤ ਸਿੰਘ ਦੀ ਖੋਜ ਦਾ ਭੰਡਾਰ ਸ਼੍ਰੇਸ਼ਟ ਸੀ। ਉਨ੍ਹਾਂ ਦੀ ਲਾਇਬਰੇਰੀ ਵਿੱਚ ਖੋਜੀ ਪੁਸਤਕਾਂ ਦੀ ਭਰਮਾਰ ਸੀ। ਉਨ੍ਹਾਂ ਨੇ ਆਪਣੀ 83 ਸਾਲ ਦੀ ਉਮਰ ਤੋਂ ਵੀ ਵੱਧ ਲਗਪਗ 100 ਪੁਸਤਕਾਂ, ਕਿਤਾਬਚੇ, ਲੇਖ ਅਤੇ ਟਰੈਕਟ ਖੁਦ ਲਿਖੇ/ਸੰਪਾਦਤ ਕੀਤੇ। ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਸੰਬੰਧੀ ਗਿਆਨੀ ਗੁਰਦਿੱਤ ਸਿੰਘ ਦੀਆਂ ਤਜਵੀਜਾਂ ਅਨੁਸਾਰ ਕਾਰਵਾਈ ਕਰਦੇ ਸਨ। ਉਨ੍ਹਾਂ ਨੂੰ ਗੁਰਮਤਿ ਸਾਹਿਤ ਅਤੇ ਪੱਤਰਕਾਰੀ ਦਾ ਸੁਮੇਲ ਕਿਹਾ ਜਾ ਸਕਦਾ ਹੈ। ਸਾਹਿਤ ਦਾ ਕੋਈ ਅਜਿਹਾ ਰੂਪ ਨਹੀਂ, ਜਿਸ ‘ਤੇ ਗਿਆਨੀ ਗੁਰਦਿੱਤ ਸਿੰਘ ਨੇ ਹੱਥ ਨਾ ਅਜਮਾਇਆ ਹੋਵੇ। ਪੰਜਾਬੀ ਦੇ ਸਿਰਕੱਢ ਵਿਦਵਾਨਾਂ ਦੀਆਂ ਜੀਵਨੀਆਂ ਲਿਖਕੇ ਪੰਜਾਬੀ ਸਾਹਿਤ ਦੀ ਵਿਰਾਸਤ ਵਿੱਚ ਵਾਧਾ ਕੀਤਾ। ਉਹ ਸਿਰੜ੍ਹੀ ਅਤੇ ਆਪਣੀ ਧੁਨ ਦੇ ਪੱਕੇ, ਦਰਵੇਸ਼ ਵਿਦਵਾਨ ਸਨ। ਉਨ੍ਹਾਂ ਦੇ ਵਿਅਕਤਿਤਵ ਵਿੱਚ ਲੋਕ ਵਿਰਸੇ ਅਤੇ ਧਰਮ-ਚਿੰਤਨ ਦਾ ਅਜਿਹਾ ਸੁਮੇਲ ਪੰਜਾਬੀ ਸਾਹਿਤ ਅਤੇ ਪੰਜਾਬੀਆਂ ਲਈ ਸੁਭਾਗਾ ਸਿੱਧ ਹੋਇਆ ਹੈ। ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ’ ਉਨ੍ਹਾਂ ਛੇ ਜਿਲਦਾਂ ਵਿੱਚ ਸੰਪੂਰਨ ਕੀਤਾ। ਉਨ੍ਹਾਂ ਨੇ ਲੋਕ ਸਾਹਿਤ ਦੀ ਰਚਨਾ ਕੀਤੀ, ਜੋ ਲੋਕ ਸਾਹਿਤ ਲੋਕਧਾਰਾ ਦਾ ਅਨਿਖੜ ਅੰਗ ਹੁੰਦਾ ਹੈ। ਸਿੱਖ ਜਗਤ ਗਿਆਨੀ ਗੁਰਦਿੱਤ ਸਿੰਘ ਦਾ ਹਮੇਸ਼ਾ ਰਿਣੀ ਰਹੇਗਾ।
Columns ਗਿਆਨੀ ਗੁਰਦਿਤ ਸਿੰਘ ਦੇ ਕੋਤਰ ਸੌਵੇਂ ਜਨਮ ਦਿਵਸ ‘ਤੇ ਵਿਸ਼ੇਸ਼ : ਗੁਰਮਤਿ...