ਲੁਧਿਆਣਾ, 11 ਮਈ – ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਹ ਲੁਧਿਆਣਾ ਵਿਖੇ ਰਾਤ ਨੂੰ ਆਪਣੇ ਘਰ ਸੁੱਤੇ ਹਨ ਅਤੇ ਸਵੇਰ ਨੂੰ ਉਠੇ ਨਹੀਂ ਸਕੇ। ਉਹ 79 ਸਾਲ ਦੇ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ 6.30 ਵਜੇ ਦੇ ਕਰੀਬ ਉਨ੍ਹਾਂ ਦੀ ਪਤਨੀ ਭੁਪਿੰਦਰ ਕੌਰ ਨੇ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ, ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਸੁਰਜੀਤ ਪਾਤਰ ਦੇ ਪਰਿਵਾਰ ’ਚ ਪਤਨੀ ਅਤੇ ਦੋ ਪੁੱਤਰ ਹਨ। ਇੱਕ ਪੁੱਤਰ ਆਸਟਰੇਲੀਆ ਵਿੱਚ ਰਹਿੰਦਾ ਹੈ। ਪਾਤਰ ਨੇ ਸੱਠਵੇਂ ਦਹਾਕੇ ਦੇ ਅੱਧ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ ਅਤੇ ਉਨ੍ਹਾਂ ਦੀਆਂ ਪ੍ਰਸਿੱਧ ਕਾਵਿ ਰਚਨਾਵਾਂ ਵਿੱਚ ਹਵਾ ਵਿਚ ਲਿਖੇ ਹਰਫ਼, ਬਿਰਖ ਅਰਜ਼ ਕਰੇ, ਹਨੇਰੇ ਵਿਚ ਸੁਲਗਦੀ ਵਰਨਮਾਲਾ, ਲਫ਼ਜ਼ਾਂ ਦੀ ਦਰਗਾਹ, ਪਤਝੜ ਦੀ ਪਜ਼ੇਬ ਅਤੇ ਸਰਜ਼ਮੀਨ ਸ਼ਾਮਲ ਹਨ। ਉਹ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵੀ ਸਨ ਅਤੇ 2012 ਵਿੱਚ ਉਨ੍ਹਾਂ ਨੂੰ ‘ਪਦਮਸ੍ਰੀ’ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪੰਜਾਬੀ ਦੇ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ ਸਨ।
Home Page ਪੰਜਾਬੀ ਦੇ 79 ਸਾਲਾ ਉੱਘੇ ਕਵੀ ਸੁਰਜੀਤ ਪਾਤਰ ਦਾ ਦੇਹਾਂਤ