ਪੈਰਿਸ ਉਲੰਪਿਕ 2024: ਭਾਰਤ ਨੇ ਹਾਕੀ ਦੇ ਪਹਿਲੇ ਮੁਕਾਬਲੇ ‘ਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ

ਪੈਰਿਸ, 27 ਜੁਲਾਈ – ਇੱਥੇ ਭਾਰਤੀ ਪੁਰਸ਼ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਪੈਰਿਸ ਉਲੰਪਿਕ ’ਚ ਜਿੱਤ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਲਈ ਮਨਦੀਪ ਸਿੰਘ, ਵਿਵੇਕ ਸਾਗਰ ਪ੍ਰਸਾਦ ਅਤੇ ਹਰਮਨਪ੍ਰੀਤ ਸਿੰਘ ਨੇ ਜਦੋਂ ਕਿ ਨਿਊਜ਼ੀਲੈਂਡ ਲਈ ਸੈਮ ਲੇਨ ਤੇ ਸਾਇਮਨ ਚਾਈਲਡ ਨੇ ਗੋਲ ਕੀਤੇ।
ਸੈਮ ਲੇਨ ਨੇ 8ਵੇਂ ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਨਿਊਜ਼ੀਲੈਂਡ ਨੂੰ 1-0 ਨਾਲ ਲੀਡ ਦਿਵਾਈ। ਮਗਰੋਂ ਮਨਦੀਪ ਸਿੰਘ ਨੇ ਵੀ 24ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਗੋਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ। ਤੀਜੇ ਕੁਆਰਟਰ ਵਿੱਚ ਵਿਵੇਕ ਸਾਗਰ ਪ੍ਰਸਾਦ ਨੇ ਗੋਲ ਕਰ ਕੇ ਭਾਰਤ ਨੂੰ 2-1 ਨਾਲ ਲੀਡ ਦਿਵਾਈ ਹਾਲਾਂਕਿ ਇਹ ਲੀਡ ਬਹੁਤੀ ਦੇਰ ਕਾਇਮ ਨਾ ਰਹੀ ਅਤੇ 53ਵੇਂ ਮਿੰਟ ਵਿੱਚ ਸਾਇਮਨ ਚਾਈਲਡ ਦੇ ਗੋਲ ਸਦਕਾ ਨਿਊਜ਼ੀਲੈਂਡ ਨੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਹੂਟਰ ਤੋਂ ਸਿਰਫ਼ ਇੱਕ ਮਿੰਟ ਪਹਿਲਾਂ ਪੈਨਲਟੀ ਸਟਰੋਕ ’ਤੇ ਗੋਲ ਕਰ ਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਆਖਰੀ ਮਿੰਟਾਂ ਵਿੱਚ ਭਾਰਤ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਜਿਨ੍ਹਾਂ ਨੂੰ ਉਹ ਗੋਲ ਵਿੱਚ ਤਬਦੀਲ ਤਾਂ ਨਹੀਂ ਕਰ ਸਕੇ ਪਰ ਇੱਕ ਕਾਰਨਰ ’ਤੇ ਸਟਰੋਕ ਮਿਲ ਗਿਆ ਜਿਸ ’ਤੇ ਹਰਮਨਪ੍ਰੀਤ ਸਿੰਘ ਨੇ ਗੋਲ ਕਰ ਕੇ ਭਾਰਤ ਨੂੰ ਜਿੱਤ ਦਿਵਾਈ। ਭਾਰਤੀ ਹਾਕੀ ਟੀਮ ਤੋਂ ਇਸ ਵਾਰ ਵੀ ਤਗਮੇ ਦੀ ਆਸ ਕੀਤੀ ਜਾ ਰਹੀ ਹੈ। ਪਿਛਲੀਆਂ ਉਲੰਪਿਕ ਖੇਡਾਂ ਵਿੱਚ ਭਾਰਤ ਨੇ ਕਾਂਸੇ ਦਾ ਤਗਮਾ ਆਪਣੇ ਨਾਮ ਕੀਤਾ ਸੀ।