ਨਵੀਂ ਦਿੱਲੀ, 17 ਅਗਸਤ – ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ, ਜੋ ਪੈਰਿਸ ਉਲੰਪਿਕ ਵਿੱਚ ਮਹਿਲਾਵਾਂ ਦੇ 50 ਕਿੱਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿੱਚ ਪਹੁੰਚਣ ਦੇ ਬਾਵਜੂਦ ਭਾਰ ਜ਼ਿਆਦਾ ਹੋਣ ਕਾਰਨ ਆਯੋਗ ਕਰਾਰ ਦਿੱਤੇ ਜਾਣ ਦੇ ਕਾਰਨ ਤਗਮਾ ਨਹੀਂ ਜਿੱਤ ਸਕੀ, ਦਾ ਅੱਜ ਇੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉੱਪਰ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਵਿਨੇਸ਼ ਦੀ ਆਮਦ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।ਜ਼ਿਕਰਯੋਗ ਹੈ ਕਿ ਪੈਰਿਸ ਉਲੰਪਿਕ ‘ਚ ਫਾਈਨਲ ਤੋਂ ਪਹਿਲਾਂ ਕੀਤੇ ਵਜ਼ਨ ‘ਚ ਉਸ ਦਾ ਵਜ਼ਨ 100 ਗ੍ਰਾਮ ਜ਼ਿਆਦਾ ਨਿਕਲਿਆ ਸੀ, ਜਿਸ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਪਹਿਲਵਾਨ ਵਿਨੇਸ਼ ਫੋਗਾਟ ਨੇ ਖੇਡ ਆਰਬਿਟਰੇਸ਼ਨ ਨੂੰ ਸਾਂਝੇ ਚਾਂਦੀ ਦਾ ਤਗਮਾ ਦਿਵਾਉਣ ਦੀ ਅਪੀਲ ਕੀਤੀ ਸੀ, ਜਿਸ ਕਾਰਨ ਉਹ ਪੈਰਿਸ ‘ਚ ਹੀ ਰੁਕੀ ਸੀ। ਖੇਡ ਅਦਾਲਤ ਨੇ ਉਸ ਦੀ ਅਪੀਲ ਰੱਦ ਕਰ ਦਿੱਤੀ ਸੀ। ਲੰਡਨ ਉਲੰਪਿਕ ਦੇ ਕਾਂਸੀ ਤਗਮਾ ਜੇਤੂ ਨਿਸ਼ਾਨੇਬਾਜ਼ ਅਤੇ ਪੈਰਿਸ ਉਲੰਪਿਕ ‘ਚ ਭਾਰਤੀ ਦਲ ਦੇ ਨੇਤਾ ਗਗਨ ਨਾਰੰਗ ਨੇ ਵਿਨੇਸ਼ ਨੂੰ ਚੈਂਪੀਅਨ ਕਿਹਾ। ਦੋਵੇਂ ਇੱਕੋ ਜਹਾਜ਼ ਰਾਹੀਂ ਦਿੱਲੀ ਪੁੱਜੇ ਸਨ। ਵਿਨੇਸ਼ ਦਾ ਸੁਆਗਤ ਕਰਨ ਵਾਲਿਆਂ ਵਿੱਚ ਬਜਰੰਗ ਪੁਨੀਆ, ਸਾਕਸ਼ੀ ਮਲਿਕ, ਹਰਿਆਣਾ ਤੋਂ ਕਾਂਗਰਸੀ ਸਾਂਸਦ ਦਪਿੱਦਰ ਹੂਡਾ ਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਸਾਰਿਆਂ ਨੇ ਉਸ ਦਾ ਜੇਤੂ ਭਲਵਾਨ ਵਾਂਗ ਸੁਆਗਤ ਕੀਤਾ। ਇਸ ਮੌਕੇ ਭਾਵੁਕ ਹੋਈ ਵਿਨੇਸ਼ ਨੇ ਕਿਹਾ ਕਿ ਉਹ ਸਾਰੇ ਦੇਸ਼ ਦਾ ਸ਼ੁਕਰੀਆ ਅਦਾ ਕਰਦੀ ਹੈ।
Home Page ਪਹਿਲਵਾਨ ਵਿਨੇਸ਼ ਫੋਗਾਟ ਦਾ ਪੈਰਿਸ ਤੋਂ ਦੇਸ਼ ਪਰਤਣ ’ਤੇ ਸ਼ਾਨਦਾਰ ਸੁਆਗਤ, ਇਸ...