ਅਵਤਾਰ ਸਿੰਘ ਮਾਨ ਦਾ ‘ਪਾਣੀ ‘ਤੇ ਮੂਰਤ’ ਸਮਾਜਿਕਤਾ ਦੇ ਰੰਗਾਂ ਵਿੱਚ ਰੰਗਿਆ ਗ਼ਜ਼ਲ ਸੰਗ੍ਰਹਿ

ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072, E-mail: ujagarsingh48@yahoo.com

ਅਵਤਾਰ ਸਿੰਘ ਮਾਨ ਦਾ ਪਲੇਠਾ ‘ਪਾਣੀ ‘ਤੇ ਮੂਰਤ’ ਗ਼ਜ਼ਲ ਸੰਗ੍ਰਹਿ ਸਮਾਜ ਵਿੱਚ ਫ਼ੈਲੀਆਂ ਸਮਾਜਿਕ ਵਿਸੰਗਤੀਆਂ ਦਾ ਪ੍ਰਗਟਾਵਾ ਕਰਦਾ ਹੋਇਆ, ਲੋਕਾਈ ਨੂੰ ਉਨ੍ਹਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਪ੍ਰੇਰਨਾਂ ਦੇ ਰਿਹਾ ਹੈ। ਭਾਵੇਂ ਉਸ ਦਾ ਇਹ ਪਲੇਠਾ ਕਾਵਿ ਸੰਗ੍ਰਹਿ ਹੈ, ਪ੍ਰੰਤੂ ਬਹੁਤ ਸਾਰੇ ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਉਸ ਦੀਆਂ ਗ਼ਜ਼ਲਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਗ਼ਜ਼ਲ ਸੰਗ੍ਰਹਿ ਵਿੱਚ ਉਸ ਦੀਆਂ 94 ਗ਼ਜ਼ਲਾਂ ਸ਼ਾਮਲ ਹਨ। ਉਸ ਦੀ ਹਰ ਗ਼ਜ਼ਲ ਦੇ ਵੱਖੋ-ਵੱਖਰੇ ਰੰਗਾਂ ਵਾਲੇ 4 ਤੋਂ 6 ਸ਼ਿਅਰ ਹਨ। ਹਰ ਸ਼ਿਅਰ ਵਿੱਚ ਕਿਸੇ ਨਾ ਕਿਸੇ ਸਮਾਜਿਕ ਬੁਰਾਈ ਦੀ ਕੁੜੱਤਣ ਦਾ ਜ਼ਿਕਰ ਹੁੰਦਾ ਹੈ। ਮੁੱਖ ਤੌਰ ‘ਤੇ ਉਹ ਆਪਣੀਆਂ ਗ਼ਜ਼ਲਾਂ ਰਾਹੀਂ ਸਮਾਜ ਵਿੱਚ ਵਾਪਰ ਰਹੀਆਂ ਅਣਸੁਖਾਵੀਂਆਂ ਘਟਨਾਵਾਂ ਦਾ ਵਰਣਨ ਕਰਕੇ ਲੋਕਾਈ ਦੇ ਦਰਦ ਦਾ ਪ੍ਰਗਟਾਵਾ ਕਰਦਾ ਹੈ। ਕੁਝ ਗ਼ਜ਼ਲਾਂ ਵਿੱਚ ਸ਼ਾਇਰ ਮੁਹੱਬਤ ਨਾਲ ਲਬਰੇਜ ਭਾਵਨਾਤਮਿਕ ਤੁਣਕੇ ਵੀ ਲਾਉਂਦਾ ਹੈ। ਉਸ ਦੀਆਂ ਗ਼ਜ਼ਲਾਂ ਸਿੰਬਾਲਿਕ ਵੀ ਹੁੰਦੀਆਂ ਹਨ, ਸ਼ਬਦਾਂ ਦੀ ਜਾਦੂਗਿਰੀ ਹੁੰਦੀ ਹੈ। ਗ਼ਜ਼ਲਗੋ ਆਪਣੀਆਂ ਗ਼ਜ਼ਲਾਂ ਵਿੱਚ ਦਰਸਾ ਰਿਹਾ ਹੈ ਕਿ ਭਾਰਤ ਦੇ ਵਰਤਮਾਨ ਪ੍ਰਜਾਤੰਤਰਿਕ ਸਿਆਸੀ ਢਾਂਚੇ ਵਿੱਚ ਲੋਕਾਈ ਨੂੰ ਇਨਸਾਫ਼ ਮਿਲਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਕਾਨੂੰਨ ਅਨੁਸਾਰ ਪ੍ਰਜਾਤੰਤਰਿਕ ਪ੍ਰਣਾਲੀ ਕੰਮ ਨਹੀਂ ਕਰ ਰਹੀ। ਧਾਰਮਿਕ ਭਾਵਨਾਵਾਂ ਭੜਕਾ ਕੇ ਵੋਟਾਂ ਦੀ ਰਾਜਨੀਤੀ ਕੀਤੀ ਜਾ ਰਹੀ ਹੈ, ਇਥੋਂ ਤੱਕ ਕਿ ਨਸਲੀ ਵਿਤਕਰੇ ਵੀ ਹੋ ਰਹੇ ਹਨ, ਜਿਹੜੇ ਧਰਮ ਨਿਰਪੱਖ ਪ੍ਰਜਾਤੰਤਰਿਕ ਪ੍ਰਣਾਲੀ ਵਿੱਚ ਸ਼ੋਭਦੇ ਨਹੀਂ ਹਨ। ਇਸ ਪ੍ਰਣਾਲੀ ਵਿੱਚ ਸਿਆਸੀ ਅਤੇ ਸਮਾਜਿਕ ਦਖ਼ਲਅੰਦਾਜ਼ੀ ਨੇ ਆਮ ਲੋਕਾਂ ਦੀ ਜ਼ਿੰਦਗੀ ਜਿਓਣੀ ਦੁੱਭਰ ਕੀਤੀ ਹੋਈ ਹੈ। ਬਹੁਤੀਆਂ ਗ਼ਜ਼ਲਾਂ ਵਿੱਚ ਹਾਕਮ ਅਤੇ ਸਿਆਸਤਦਾਨ ਲੋਕਾਈ ਦੀਆਂ ਆਸਾਂ ‘ਤੇ ਪੂਰੇ ਨਹੀਂ ਉਤਰਦੇ ਸਗੋਂ ਲਾਰਾ ਲੱਪਾ ਲਾ ਕੇ ਵਕਤ ਲੰਘਾ ਰਹੇ ਹਨ। ਉਚੇ ਔਹਦਿਆਂ ‘ਤੇ ਬਿਰਾਜਮਾਨ ਲੋਕਾਂ ਦੇ ਕਿਰਦਾਰ ਨੀਂਵੇਂ ਪੱਧਰ ਦੇ ਹੋ ਚੁੱਕੇ ਹਨ। ਚੋਰ ਅਤੇ ਚੌਕੀਦਾਰ ਆਪਸ ਵਿੱਚ ਮਿਲੇ ਹੋਏ ਹਨ, ਕਦੀਂ ਵੀ ਵਾਅਦੇ ਪੂਰੇ ਨਹੀਂ ਕਰਦੇ। ਕਿਰਤੀ ਅਤੇ ਕਿਸਾਨ ਦੀ ਏਕਤਾ ਜ਼ਰੂਰ ਇਕ ਨਾ ਇੱਕ ਦਿਨ ਸਫਲਤਾ ਪ੍ਰਾਪਤ ਕਰੇਗੀ। ਜਿਹੜੀ ਸਰਕਾਰ ਕਿਸਾਨਾ ਤੇ ਕਿਰਤੀਆਂ ਦਾ ਨੁਕਸਾਨ ਕਰ ਰਹੀ ਹੈ, ਉਸ ਨੂੰ ਇਸ ਦਾ ਇਵਜ਼ਾਨਾ ਭੁਗਤਣਾ ਪਵੇਗਾ। ਮੀਡੀਆ ਨਿਰਪੱਖਤਾ ਨਾਲ ਆਪਣਾ ਬਣਦਾ ਯੋਗਦਾਨ ਨਹੀਂ ਪਾ ਰਿਹਾ, ਸਗੋਂ ਜੋ ਸਰਕਾਰ ਚਾਹੁੰਦੀ ਹੈ, ਉਸ ਨੂੰ ਹੀ ਪ੍ਰਾਜੈਕਟ ਕੀਤਾ ਜਾ ਰਿਹਾ ਹੈ, ਇਸ ਪ੍ਰਕਾਰ ਸ਼ਾਇਰ ਗੋਦੀ ਮੀਡੀਆ ਤੇ ਕਿੰਤੂ ਪ੍ਰੰਤੂ ਕਰਦਾ ਹੈ। ਗ਼ਜ਼ਲਗੋ ਨੇ ਆਪਣੀਆਂ ਗ਼ਜ਼ਲਾਂ ਵਿੱਚ ਖ਼ੁਦਕਸ਼ੀਆਂ, ਭਰੂਣ ਹੱਤਿਆਵਾਂ, ਭਰਿਸ਼ਟਾਚਾਰ, ਨਾਬਰਾਬਰੀ, ਜ਼ੋਰਜਬਰਦਸਤੀ, ਧੋਖਾ, ਫ਼ਰੇਬ, ਗ਼ਰੀਬੀ, ਮਜ਼ਬੂਰੀ ਅਤੇ ਵਾਤਾਵਰਨ ਦੇ ਵਿਸ਼ਿਆਂ ਨੂੰ ਵੀ ਚੁਣਿਆਂ ਹੈ। ਕਿਸ ਪ੍ਰਕਾਰ ਕਿਸਾਨ ਫ਼ਸਲਾਂ ਦੇ ਨਿਸਚਤ ਮੁਲ ਨਾ ਮਿਲਣ, ਪਾਣੀ ਦੀ ਘਾਟ ਅਤੇ ਨਕਲੀ ਬੀਜਾਂ ਤੇ ਦਵਾਈਆਂ ਕਰਕੇ ਖੁਦਕਸ਼ੀਆਂ ਨੂੰ ਪਹਿਲ ਦੇ ਰਹੇ ਹਨ। ਕਿਸਾਨ ਦੀ ਤ੍ਰਾਸਦੀ ਗ਼ਜ਼ਲਾਂ ਦੇ ਸ਼ਿਅਰਾਂ ਵਿੱਚੋਂ ਵੇਖੀ ਜਾ ਸਕਦੀ ਹੈ:
ਜਿਹਾ ਬੀਜੋ ਤਿਹਾ ਵੱਢੋ ਕਹਾਵਤ ਬਦਲਗੀ ਹੁਣ ਤਾਂ,
ਕਣਕ ਦੇ ਬੀਜ ਉਗੇ ਖੇਤ ‘ਚੋਂ ਸਲਫਾਸ ਜਿਹੇ ਹੋ ਕੇ।
ਫ਼ਸਲਾਂ ਦੀ ਥਾਂ ਖ਼ੁਦਕਸ਼ੀਆਂ ਉਗ ਆਈਆਂ,
ਕਿਉਂ ਬਦਲੇ ਸਾਡੇ ਖੇਤ ਕਤਲਗਾਹਾਂ ਵਿੱਚ?
ਅਵਤਾਰ ਸਿੰਘ ਮਾਨ ਮੁੜ ਘਿੜ ਆਪਣੀਆਂ ਗ਼ਜ਼ਲਾਂ ਵਿੱਚ ਸਮਾਜ ਵਿੱਚ ਵਾਪਰ ਰਹੀਆਂ ਘਿਨੌਣੀਆਂ ਕਰਤੂਤਾਂ ਤੋਂ ਪਰਦੇ ਉਠਾਉਂਦਾ ਰਹਿੰਦਾ ਹੈ। ਸਮਾਜਿਕ ਤਾਣੇ ਬਾਣੇ ਵਿੱਚ ਹਰ ਕੋਈ ਲਾਲਚ ਵਿੱਚ ਆ ਕੇ ਧੋਖੇ ਤੇ ਫਰੇਬ ਕਰਨ ਦੇ ਚਕਰਾਂ ਵਿੱਚ ਪਿਆ ਹੋਇਆ ਹੈ। ਲੋਕਾਂ ਦੀ ਤ੍ਰਾਸਦੀ ਦਾ ਜ਼ਿਕਰ ਕਰਦਿਆਂ ਸ਼ਾਇਰ ਕਹਿੰਦਾ ਹੈ ਕਿ ਉਨ੍ਹਾਂ ਲਈ ਸਮਾਜ ਵਿੱਚ ਜੀਵਨ ਬਸਰ ਕਰਨਾ ਮੁਸ਼ਕਲ ਹੋ ਗਿਆ ਹੈ। ਅਜਿਹੇ ਸਮਾਜ ਵਿਰੋਧੀਆਂ ਨੂੰ ਆੜੇ ਹੱਥੀਂ ਲੈਂਦਿਆਂ ਹੋਇਆਂ ਵਿਅੰਗਾਤਮਿਕ ਢੰਗ ਨਾਲ ਲਿਖਦਾ ਹੈ:
ਕਾਤਿਲਾਂ ਨੂੰ ਕਤਲ ਦੀ ਹੈ ਇਹ ਸਜ਼ਾ, ਉਮਰ ਭਰ ਕੁਰਸੀ ‘ਤੇ ਉਹ ਤਾਂ ਬਹਿਣਗੇ।
ਪੱਥਰਾਂ ਦੇ ਇਸ ਸ਼ਹਿਰ ਵਿੱਚ ਦੱਸ ਭਲਾ, ਸ਼ੀਸ਼ਿਆਂ ਦੇ ਜਿਸਮ ਕਿੱਦਾਂ ਰਹਿਣਗੇ।
ਸ਼ਾਇਰ ਇਹ ਮਹਿਸੂਸ ਕਰਦਾ ਹੈ ਕਿ ਸਰਕਾਰਾਂ ਵੱਲੋਂ ਮੁਫ਼ਤਖੋਰੀ ਵਾਲੀਆਂ ਸਕੀਮਾ ਦੇ ਮੱਕੜਜਾਲ ਵਿੱਚ ਉਲਝਾਕੇ ਲੋਕਾਂ ਨੂੰ ਜਾਣ ਬੁੱਝਕੇ ਨਿਕੰਮੇ ਬਣਾਇਆ ਜਾ ਰਿਹਾ ਹੈ ਤਾਂ ਜੋ ਉਹ ਸਰਕਾਰਾਂ ਦੇ ਉਪਰ ਨਿਰਭਰ ਹੋ ਜਾਣ ਤੇ ਉਹ ਸਰਕਾਰਾਂ ਦੀਆਂ ਉਚੀਆਂ ਕੁਰਸੀਆਂ ਦਾ ਆਨੰਦ ਮਾਣਦੇ ਰਹਿਣ। ਮੁਫ਼ਤਖ਼ੋਰੀ ਲੋਕਾਂ ਨੂੰ ਨਿਕੰਮਾ ਕਰ ਰਹੀ ਹੈ, ਤਾਂ ਜੋ ਉਨ੍ਹਾਂ ਦੀਆਂ ਅਸਫਲਤਾਵਾਂ ਬਾਰੇ ਕੋਈ ਬੋਲ ਨਾ ਸਕੇ। ਜਦੋਂ ਸਾਰਾ ਕੁਝ ਸਰਕਾਰ ਨੇ ਹੀ ਦੇ ਦੇਣਾ ਹੈ ਤਾਂ ਲੋਕਾਂ ਨੂੰ ਕੰਮ ਕਰਨ ਦੀ ਕੀ ਲੋੜ ਹੈ। ਕੰਮ ਸਭਿਆਚਾਰ ਖ਼ਤਮ ਕੀਤਾ ਜਾ ਰਿਹਾ ਹੈ। ਮੁਫ਼ਤਖ਼ੋਰੀ ਸੰਬੰਧੀ ਉਸ ਨੇ 5 ਗ਼ਜ਼ਲਾਂ ਵਿੱਚ ਸ਼ਿਅਰ ਲਿਖੇ ਹਨ:
ਪਿੰਜਰੇ ਦੀ ਲੋੜ ਕੀ ਹੈ ਪੰਛੀਆਂ ਦੇ ਵਾਸਤੇ,
ਵੇਚ ਦਿੱਤੀ ਚੂਰੀਆਂ ਬਦਲੇ ਜਿਨ੍ਹਾਂ ਪਰਵਾਜ਼ ਹੈ।
ਜਦ ਤੋਂ ਸਵਾਦ ਪੰਛੀ ਨੂੰ ਚੂਰੀਆਂ ਦਾ ਲੱਗਾ,
ਪਰਵਾਜ਼ ਖ਼ੁਦਕਸ਼ੀ ਕਰ ਬੈਠੀ ਪਰਾਂ ਦੇ ਅੰਦਰ।
ਜਿਨ੍ਹਾਂ ਨੂੰ ਪਿੰਜਰੇ ਦੀ ਚੋਗ ਦਾ ਚਸਕਾ ਪਿਆ ਹੋਵੇ,
ਪਰਿੰਦੇ ਉਹ ਕਦੋਂ ਆਪਣੇ ਪਰਾਂ ਨੂੰ ਯਾਦ ਕਰਦੇ ਨੇ।
ਅਵਤਾਰ ਸਿੰਘ ਮਾਨ ਨੇ ਲਗਪਗ ਇਸ ਗ਼ਜ਼ਲ ਸ੍ਰੰਗਹਿ ਦੀਆਂ 25 ਗ਼ਜ਼ਲਾਂ ਵਿੱਚ ਰਾਜਨੀਤਕ ਲੋਕਾਂ ਦੀਆਂ ਬੇਵਿਸ਼ਵਾਸੀਆਂ ਸੰਬੰਧੀ ਸ਼ਿਅਰ ਲਿਖੇ ਹਨ, ਜਿਨ੍ਹਾਂ ਵਿੱਚ ਲੋਕਾਈ ਦੇ ਹੱਕਾਂ ਦੀ ਵਕਾਲਤ ਕੀਤੀ ਗਈ ਹੈ।
ਸਿਆਸਤ ਨੇ ਬਣਾ ਦਿੱਤਾ ਕਿਵੇਂ ਇਨਸਾਨ ਨੂੰ ਗਿਰਗਿਟ,
ਜਿਵੇਂ ਕਹਿਣੀ ਉਵੇਂ ਕਰਨੀ ਮਿਲਣ ਉਹ ਹਸਤੀਆਂ ਕਿਥੇ।
ਬਣੇ ਕੁਰਸੀ ਲਈ ਉਸ ਦੀ ਜਦੋਂ ਵੀ ਲੋਕ ਖ਼ਤਰਾ ਤਾਂ,
ਧਰਮ ਦੇ ਨਾਮ ‘ਤੇ ਆਪਸ ‘ਚ ਲੋਕਾਂ ਨੂੰ ਲੜਾ ਦਿੱਤਾ।
ਉਹ ਹਾਕਮ ਹੈ ਨਹੀਂ ਸੁਣਦਾ ਕਦੇ ਵੀ ਆਮ ਲੋਕਾਂ ਦੀ,
ਜਦੋਂ ਵੀ ਹੈ ਜਚੀ ਉਸ ਨੂੰ ਜਚੀ ਤਾਂ ਚਮਚਿਆਂ ਦੀ ਗੱਲ।
ਬਿਠਾਇਆ ਬੌਣਿਆਂ ਨੂੰ ਕੀ, ਅਸੀਂ ਉਚੀ ਜਗ੍ਹਾ ਉਤੇ,
ਉਹੀ ਬੌਣੇ ਅਸਾਡੇ ਹੁਣ ਸਿਰਾਂ ‘ਤੇ ਪੈਰ ਧਰ ਬੈਠੇ।
ਸਰਕਾਰੀ ਦਫ਼ਤਰਾਂ ਵਿੱਚ ਹੋ ਰਹੇ ਭਰਿਸ਼ਟਾਚਾਰ ਬਾਰੇ ਵੀ ਕਈ ਗ਼ਜ਼ਲਾਂ ਵਿੱਚ ਦਰਸਾਇਆ ਗਿਆ ਕਿ ਲੋਕ ਕਿਵੇਂ ਦਫ਼ਤਰਾਂ ਦੇ ਗੇੜੇ ਮਾਰ ਕੇ ਥੱਕ ਜਾਂਦੇ ਹਨ ਪ੍ਰੰਤੂ ਉਹ ਇਨਸਾਫ਼ ਦੀ ਪਓੜੀ ‘ਤੇ ਪਹੁੰਚਣ ਤੋਂ ਪਹਿਲਾਂ ਹੀ ਢੇਰੀ ਢਾਅ ਬੈਠਦੇ ਹਨ। ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ:
ਘਸ ਗਏ ਨੇ ਬੂਟ ਵੀ ਤੇ ਪੈਰ ਵੀ, ਦਫ਼ਤਰਾਂ ਦੇ ਰੋਜ਼ ਗੇੜੇ ਮਾਰਦੇ।
ਤੂੰ ਕਹੇਂ ਕੁਝ ਤੇ ਕਰੇਂ ਕੁਝ ਹੋਰ ਹੀ, ਸਿੱਖ ਲਏ ਗੁਣ ਹੂ ਬ ਹੂ ਸਰਕਾਰ ਦੇ।
ਪੀਣ ਵਾਲੇ ਪਾਣੀ ਤੇ ਹਵਾ ਦਾ ਦੂਸ਼ਤ ਹੋਣਾ, ਜ਼ਮੀਨ ਵਿੱਚੋਂ ਪਾਣੀ ਦਾ ਪੱਧਰ ਨੀਵਾਂ ਹੋਣਾ, ਰੁੱਖਾਂ ਦੀ ਕਟਾਈ ਤੇੇ ਵਾਤਾਵਰਨ ਦੇ ਦੂਸ਼ਤ ਹੋਣ ਨਾਲ ਮਨੁੱਖਤਾ ਨੂੰ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸਰਕਾਰਾਂ ਦੀ ਬੇਰਖੀ ਮਾਨਵਤਾ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਰਹੀ ਹੈ। ਇਨ੍ਹਾਂ ਅਲਾਮਤਾਂ ਕਰਕੇ ਪੀਣ ਵਾਲੇ ਪਾਣੀ ਅਤੇ ਫ਼ਸਲਾਂ ਲਈ ਪਾਣੀ ਘਾਟ ਮਹਿਸੂਸ ਹੋ ਰਹੀ ਹੈ, ਜਿਹੜੀ ਆਉਣ ਵਾਲੀਆਂ ਨਸਲਾਂ ਦੇ ਸੁਨਹਿਰੇ ਭਵਿਖ ਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ। ਇਸ ਲਈ ਉਹ ਆਪਣੀਆਂ ਗ਼ਜ਼ਲਾਂ ਵਿੱਚ ਲਿਖਦਾ ਹੈ:
ਨਦੀਆਂ ਨਾਲੋਂ ਨਾਤਾ ਟੁੱਟਾ, ਬੋਤਲ ਵਿੱਚ ਸਮਾਏ ਪਾਣੀ।
ਬੋਤਲ ਅੰਦਰ ਡੁੱਬ ਗਏ ਉਹ, ਜੋ ਦਰਿਆਵਾਂ ਵਿਚ ਸੀ ਤਰਦੇ।
ਵਾਰਸ ਸਵਾਲ ਪੁੱਛਣ ਪੁਰਖੇ ਜਵਾਬ ਮੰਗਣ,
ਪਾਣੀ ਮਲੀਨ ਕਿਉਂ ਨੇ ਪੌਣਾਂ ‘ਚ ਬੂ ਅਸਾਡੇ।
ਜੇ ਜ਼ਰਾ ਵੀ ਦਰਦ ਹੁੰਦਾ ਪੰਛੀਆਂ ਦੇ ਵਾਸਤੇ,
ਤਾਂ ਤੁਸੀਂ ਰੁੱਖ ਕੱਟਦੇ ਨਾ ਕੁਰਸੀਆਂ ਦੇ ਵਾਸਤੇ।
ਨੌਜਵਾਨ ਪੀੜ੍ਹੀ ਦੇ ਆਪਣੇ ਸੁਨਹਿਰੇ ਭਵਿਖ ਲਈ ਡਾਲਰਾਂ ਦੀ ਚਕਾਚੌਧ ਵਿੱਚ ਆ ਕੇ ਪਰਵਾਸ ਵਿੱਚ ਜਾਣ ਤੇ ਗ਼ਜ਼ਲਗੋ ਚਿੰਤਾ ਪ੍ਰਗਟਾ ਰਿਹਾ ਹੈ। ਪਰਵਾਸ ਵਿੱਚ ਸਮੁੰਦਰਾਂ ਦੇ ਕੰਢਿਆਂ ਤੇ ਜਾ ਕੇ ਜਦੋਂ ਸੈਰਾਂ ਕਰਦੇ ਹਨ ਤਾਂ ਫਿਰ ਉਨ੍ਹਾਂ ਨੂੰ ਪੰਜਾਬ ਦੇ ਛੱਪੜਾਂ ਦੀ ਯਾਦ ਆਉਂਦੀ ਹੈ। ਪਿੱਛੇ ਮਾਪੇ ਆਪਣੇ ਪੁਤਰਾਂ ਧੀਆਂ ਦੀ ਯਾਦ ਵਿੱਚ ਉਦਾਸ ਹੋ ਕੇ ਮਾਯੂਸ ਹੋ ਜਾਂਦੇ ਹਨ। ਜੇਕਰ ਪਰਵਾਸ ਇਸੇ ਤਰ੍ਹਾਂ ਰਿਹਾ ਤਾਂ ਪੰਜਾਬ ਖਾਲੀ ਹੋ ਜਾਵੇਗਾ। ਇਸ ਲਈ ਸ਼ਾਇਰ ਲਿਖਦਾ ਹੈ:
ਪਨੀਰੀ ਰੌਣਕਾਂ ਦੀ ਚਾੜ੍ਹ ਦਿੱਤੀ ਹੈ ਜਹਾਜ਼ਾਂ ‘ਤੇ,
ਉਦਾਸੀ ਨੇ ਘਰਾਂ ਅੰਦਰ ਅਸਾਡੇ ਉਗਣਾ ਹੀ ਸੀ।
ਘਰਾਂ ਤੋਂ ਦੂਰ ਹੋਇਆਂ ਨੂੰ ਘਰਾਂ ਦੀ ਯਾਦ ਆਉਂਦੀ ਹੈ,
ਦਿਸੇ ਪੰਛੀ ਜਦੋਂ ਵੀ ਤਿਣਕਿਆਂ ਨੂੰ ਜੋੜਦਾ ਕੋਈ।
ਘਰਾਂ ਤੋਂ ਦੂਰ ਆ ਕੇ ਹੁਣ ਘਰਾਂ ਨੂੰ ਯਾਦ ਕਰਦੇ ਨੇ,
ਸਮੁੰਦਰ ਕੋਲ ਬੈਠੇ ਛੱਪੜਾਂ ਨੂੰ ਯਾਦ ਕਰਦੇ ਨੇ।
ਦੇਸ਼ ਵਿੱਚ ਬੱਧੀਜੀਵੀਆਂ ਅਤੇ ਲੇਖਕਾਂ ਦੀ ਆਵਾਜ਼ ਦਬਾਉਣ ਲਈ ਸਰਕਾਰ ਦੀਆਂ ਕੋਝੀਆਂ ਚਾਲਾਂ ਦੀ ਨਿੰਦਿਆ ਕੀਤੀ ਗਈ ਹੈ। ਲੋਕਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ। ਲੋਕਾਂ ਦੇ ਦੋਹਰੇ ਕਿਰਦਾਰ, ਮਖੌਟੇ ਪਾ ਕੇ ਜ਼ਿੰਦਗੀ ਜਿਓਣ, ਰਿਸ਼ਤਿਆਂ ਵਿੱਚ ਗਿਰਾਵਟ, ਸਰਕਾਰਾਂ ਦੀ ਇਸ਼ਤਿਹਾਬਾਜ਼ੀ, ਬੇਵਫ਼ਾਈ, ਇੰਟਰਨੈਟ ਦੀ ਦੁਰਵਰਤੋਂ ਅਤੇ ਗ਼ਲਤ ਸਿਖਿਆ ਨੀਤੀ ਬਾਰੇ ਵੀ ਗ਼ਜ਼ਲਾਂ ਵਿੱਚ ਲਿਖਿਆ ਹੈ। ਗ਼ਜ਼ਲਗੋ ਨੇ ਭਾਵੇਂ ਆਪਣੀਆਂ ਗ਼ਜ਼ਲਾਂ ਵਿੱਚ ਪੰਜਾਬ ਦੀ ਤ੍ਰਾਸਦੀ ਦਾ ਜ਼ਿਕਰ ਕਰਦਿਆਂ ਚਿੰਤਾ ਪ੍ਰਗਟ ਕੀਤੀ ਹੈ ਪ੍ਰੰਤੂ ਫਿਰ ਵੀ ਉਸ ਦੀਆਂ ਗ਼ਜ਼ਲਾਂ ਵਿੱਚੋਂ ਆਸ ਦੀ ਕਿਰਨ ਵੀ ਵਿਖਾਈ ਦਿੰਦੀ ਹੈ। ਭਾਵ ਸ਼ਾਇਰ ਆਸਾਵਾਦੀ ਹੈ।