ਪੰਜਾਬੀ ਫਿਲਮ ਐਂਡ ਟੀ ਵੀ ਐਕਟਰ ਐਸੋਸ਼ੀਏਸ਼ਨ (ਪਫ਼ਟਾ) ਵੱਲੋਂ ਸਥਾਪਨਾ ਦਿਵਸ ਆਯੋਜਿਤ

ਚੰਡੀਗੜ੍ਹ, 26 ਅਗਸਤ (ਹਰਜਿੰਦਰ ਸਿੰਘ ਜਵੰਦਾ) – ਪੰਜਾਬੀ ਫਿਲਮ ਐਂਡ ਟੀ ਵੀ ਐਕਟਰ ਐਸੋਸ਼ੀਏਸ਼ਨ (ਪਫ਼ਟਾ) ਵੱਲੋਂ ਸੰਸਥਾ ਪ੍ਰਧਾਨ ਪਦਮਸ਼੍ਰੀ ਨਿਰਮਲ ਰਿਸ਼ੀ, ਜਨਰਲ ਸਕੱਤਰ ਬੀ ਐੱਨ ਸ਼ਰਮਾ, ਕੈਸ਼ੀਅਰ ਭਾਰਤ ਭੂਸ਼ਣ ਵਰਮਾ ਅਤੇ ਮਲਕੀਤ ਰੌਣੀ ਦੀ ਅਗਵਾਈ ਹੇਠ ਰਤਨ ਪ੍ਰੋਫੈਸ਼ਨਲ ਕਾਲਜ ਮੋਹਾਲੀ ਵਿਖੇ ਸੰਸਥਾ ਦੇ ਸਥਾਪਨਾ ਦਿਵਸ ਮੌਕੇ ਇੱਕ ਵਿਸ਼ੇਸ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਐਸੋਸ਼ੀਏਸ਼ਨ ਦੇ ਸਾਬਕਾ ਪ੍ਰਧਾਨ ਕਰਮਜੀਤ ਅਨਮੋਲ, ਐਸੋਸ਼ੀਏਸ਼ਨ ਦੇ ਮੀਤ ਪ੍ਰਧਾਨ ਬੀਨੂੰ ਢਿਲੋਂ, ਗਾਇਕ ਪੰਮੀ ਬਾਈ ਅਤੇ ਉੱਘੇ ਗੀਤਕਾਰ ਸ਼ਮਸ਼ੇਰ ਸੰਧੂ ਸਮੇਤ ਪੰਜਾਬੀ ਫਿਲਮ ਇੰਡਸਟਰੀ ਅਤੇ ਟੀਵੀ ਜਗਤ ਨਾਲ ਸਬੰਧਿਤ 200 ਦੇ ਕਰੀਬ ਨਾਮੀ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ ।ਇਸ ਸਮਾਗਮ ਦਾ ਆਗਾਜ਼ ਗਾਇਕਾ ਨਵੀ ਰਠੋਰ ਨੇ ਲੋਕ ਗੀਤ ‘ਬੋਲ ਮਿੱਟੀ ਦੇ ਬਾਵਿਆ’ ਨਾਲ ਕੀਤਾ ਗਿਆ।
ਇਸ ਮੌਕੇ ਮੰਚ ਸੰਚਾਲਨ ਐਸੋਸੀਏਸ਼ਨ ਦੇ ਐਡਵਾਈਜਰੀ ਕਮੇਟੀ ਮੈਂਬਰ ਮਲਕੀਤ ਰੌਣੀ ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਸੰਸਥਾਂ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕਰਦੇ ਹੋਏ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਸਰਦਾਰ ਸੋਹੀ ਅਤੇ ਬੀਨੂੰ ਢਿਲੋਂ ਨੇ ਸੰਸਥਾ ਦੇ ਸਥਾਪਨਾ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੱਸਿਆ ਕਿ ਪੰਜਾਬੀ ਸਿਨੇਮਾ ਦੇ ਕਲਾਕਾਰਾਂ ਨੂੰ ਆਉਂਦੀਆਂ ਸਮੱਸਿਆਵਾਂ ਨੂੰ ਦੇਖਦਿਆਂ ਅਤੇ ਪੰਜਾਬੀ ਸਿਨੇਮਾ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ ਦੀ ਸੰਸਥਾ ਦੀ ਸਥਾਪਨਾ ਕੀਤੀ ਗਈ ਸੀ, ਜੋੋ ਕਿ ਅੱਜ ਤੱਕ ਆਪਣੀ ਸੇਵਾਵਾਂ ਦਿੰਦੀ ਆ ਰਹੀ ਹੈ।
ਇਸ ਮੌਕੇ ਸੰਸਥਾ ਦੇ ਕੈਸ਼ੀਅਰ ਭਾਰਤ ਭੂਸ਼ਣ ਵਰਮਾ ਅਤੇ ਪ੍ਰੈੱਸ ਸਕੱਤਰ ਸ਼ਵਿੰਦਰ ਮਾਹਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੰਸਥਾ ਵੱਲੋਂ ਕਰੋਨਾ ਕਾਲ ਦੌਰਾਨ ਉਨ੍ਹਾਂ ਛੋਟੇ ਕਲਾਕਾਰਾਂ ਜਿਵੇਂ ਕਿ ਲਾਈਟ ਮੈਨ, ਮੇਕਅੱਪ ਮੈਨ, ਟੈਕਨੀਸ਼ੀਅਨ ਆਦਿ ਦੀ ਬਾਂਹ ਫੜੀ ਗਈ ਸੀ ਅਤੇ ਉਸ ਸਮੇਂ ਬੇਰੁਜ਼ਗਾਰੀ ਦੇ ਦੌਰ ਚ ਇਨ੍ਹਾਂ ਲੋਕਾਂ ਨੂੰ 19 ਲੱਖ ਰੁਪਏ ਦਾ ਰਾਸ਼ਨ ਅਤੇ ਦਵਾਈਆਂ ਵੰਡੀਆਂ ਗਈਆਂ ਸਨ। ਉਨ੍ਹਾਂ ਅੱਗੇ ਦੱਸਿਆ ਕਿ ਕਿਸੇ ਵੀ ਕਲਾਕਾਰ ਤੇ ਕੋਈ ਮੁਸੀਬਤ ਜਾਂ ਭੀੜ ਪੇ ਜਾਣ ਤੇ ਸੰਸਥਾ ਪਹਿਲ ਦੇ ਅਧਾਰ ਤੇ ਕਲਾਕਾਰ ਦੇ ਨਾਲ ਖੜਦੀ ਹੈ। ਇਸ ਮੌਕੇ ਪੰਜਾਬੀ ਗਾਇਕ ਪੰਮੀ ਬਾਈ ਅਤੇ ਗੀਤਕਾਰ ਸ਼ਮਸ਼ੇਰ ਸੰਧੂ ਨੇ ਐਸੋਸੀਏਸ਼ਨ ਵਲੋਂ ਲੋੜਵੰਦ ਕਲਾਕਾਰਾਂ ਦੀ ਮਦਦ ਕਰਨਾ, ਕਿਸੇ ਦਾ ਇਲਾਜ ਕਰਵਾਉਣਾ, ਕਿਸੇ ਵੀ ਮੁਸੀਬਤ ਦੀ ਘੜੀ ਚ ਕਲਾਕਾਰ ਦੇ ਨਾਲ ਖੜਣਾ ਆਦਿ ਕਾਰਜਾਂ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਕਾਮਨਾ ਕੀਤੀ ਕਿ ਐਸੋਸੀਏਸ਼ਨ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ।
ਇਸ ਮੌਕੇ ਅਦਾਕਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਕੋਈ ਸੰਸਥਾ ਬਣਾਉਣੀ ਅਤੇ ਇੱਕ ਪਲੇਟਫਾਰਮ ਸਭ ਨੂੰ ਇਕੱਠਾ ਕਰਨਾ ਬਹੁਤ ਔਖਾ ਹੁੰਦਾ ਹੈ ਅਤੇ ਉਸ ਤੋਂ ਵੱਧ ਔਖਾ ਉਸ ਸੰਸਥਾ ਨੂੰ ਚਲਾਉਣਾ ਹੁੰਦਾ ਹੈ। ਉਨਾਂ੍ਹ ਹਾਜ਼ਰੀਨ ਕਲਾਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਇੱਛਾ ਅਨੁਸਾਰ ਵਿੱਤੀ ਯੋਗਦਾਨ ਪਾਉਣ ਕਿਉਂਕਿ ਐਸੋਸੀਏਸ਼ਨ ਨੂੰ ਚਲਾਉਣ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ।
ਇਸ ਮੌਕੇ ਮੈਡਮ ਸੁਨੀਤਾ ਧੀਰ, ਬੀ ਐਨ ਸ਼ਰਮਾ ਅਤੇ ਵਨਿੰਦਰ ਬਿੰਨੀ ਵੱਲੋਂ ਸੰਸਥਾ ਦੇ ਸਥਾਪਨਾ ਦਿਵਸ ਦੀ ਮੁਬਾਰਕਬਾਦ ਦਿੰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ ਗਏ।ਇਸ ਮੌਕੇ ਐਸੋਸ਼ੀਏਸ਼ਨ ਵੱਲੋਂ ਪੰਜਾਬੀ ਸਿਨੇਮਾ ਨਾਲ ਜੁੜੀਆਂ ਸ਼ਖ਼ਸੀਅਤਾਂ, ਗਾਇਕ, ਲੇਖਕ, ਪੱਤਰਕਾਰ, ਫਾਈਟ ਮਾਸਟਰ, ਮੇਕਅੱਪ ਮੈਨ, ਲਾਈਟਮੈਨ, ਨਿਰਦੇਸ਼ਕ ਆਦਿ ਨੂੰ ਉਨ੍ਹਾਂ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਵਿਸ਼ੇਸ਼ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਗਾਇਕਾ ਰਜਿੰਦਰ ਰਾਜਨ, ਉੱਘੇ ਲੇਖਕ ਨਵਦੀਪ ਗਿੱਲ, ਨਿਰਦੇਸ਼ਕ ਸਿਮਰਜੀਤ ਹੁੰਦਲ, ਨਿਰਦੇਸ਼ਕ ਮਨਪ੍ਰੀਤ ਬਰਾੜ, ਕੈਮਰਾਮੈਨ ਤੇ ਨਿਰਦੇਸ਼ਕ ਸ਼ਿਵਤਾਰ ਸ਼ਿਵ, ਪਰਮਜੀਤ ਪੱਲੂ, ਪੱਤਰਕਾਰ ਹਰਜਿੰਦਰ ਸਿੰਘ ਜਵੰਦਾ, ਫਾਈਟ ਮਾਸਟਰ ਵਿਸ਼ਾਲ ਅਤੇ ਬੱਬੀ ਆਦਿ ਨਾਂ ਸ਼ਾਮਿਲ ਹਨ।ਇਸ ਮੌਕੇ ਰਣਜੀਤ ਸ਼ਰਮਾ ਅਤੇ ਪੂਨਮ ਸ਼ੂਧ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਸਮਾਰੋਹ ਮੌਕੇ ਅਦਾਕਾਰ ਤਰਸੇਮ ਪੋਲ, ਪਰਮਜੀਤ ਸਿੰਘ ਭੰਗੂ, ਤੋਤਾ ਸਿੰਘ ਦੀਨਾ, ਵਨਿੰਦਰ ਬਿੰਨੀ, ਦੀਦਾਰ ਗਿੱਲ, ਗਗਨ ਥਿੰਦ, ਸੁਨੀਤਾ ਧੀਰ, ਮੈਡਮ ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਸਤਵੰਤ ਕੌਰ, ਸਿਮਰਨ ਸਹਿਜਪਾਲ, ਨਿਰਭੈ ਸਿੰਘ ਧਾਲੀਵਾਲ, ਸੰਜੂ ਸੋਲੰਕੀ, ਜਸਦੀਪ ਸਿੰਘ ਰਤਨ, ਅਮਨ ਜੌਹਲ, ਬੱਲ ਤੁਲੇਵਾਲ ਅਤੇ ਯੂਵੀ ਜਵੰਦਾ ਆਦਿ ਵੀ ਮੌਜੂਦ ਰਹੇ।