ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ) ਵੱਲੋਂ ਜਪੁ ਜੀ ਸਾਹਿਬ ਜੀ ਦੀ ਬਾਣੀ ਦਾ ਸਥਾਨਕ ਮਾਓਰੀ ਭਾਸ਼ਾ ‘ਚ ਅਨੁਵਾਦ ਕਰਵਾਇਆ ਗਿਆ

ਜਪ ਜੀ ਸਾਹਿਬ ਜੀ ਦੀ ਬਾਣੀ ਨੂੰ ਗੁਰਮੁਖੀ, ਅੰਗਰੇਜ਼ੀ ਅਤੇ ਮਾਓਰੀ ਭਾਸ਼ਾ ‘ਚ ਪੜ੍ਹਿਆ ਤੇ ਅਰਥਾਂ ਸਹਿਤ ਸਮਝਿਆ ਜਾ ਸਕੇਗਾ
ਪਾਪਾਟੋਏਟੋਏ (ਆਕਲੈਂਡ), 1 ਸਤੰਬਰ (ਕੂਕ ਪੰਜਾਬੀ ਸਮਾਚਾਰ/ਹਰਗੋਬਿੰਦ ਸਿੰਘ ਸ਼ੇਖਪੁਰੀਆ) – ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ) ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪੁ ਜੀ ਸਾਹਿਬ ਜੀ ਦਾ ਸਥਾਨਕ ਮਾਓਰੀ ਭਾਸ਼ਾ ‘ਚ ਅਨੁਵਾਦ ਕਰਵਾਇਆ ਗਿਆ ਹੈ। ਇਸ ਅਨੁਵਾਦਿਤ ਬਾਣੀ ਨੂੰ ਅੱਜ 1 ਸਤੰਬਰ ਦਿਨ ਐਤਵਾਰ ਨੂੰ ਪੰਜਾਬੀ ਤੇ ਮਾਓਰੀ ਭਾਈਚਾਰੇ ਨੂੰ ਸਮਰਪਿਤ ਕੀਤਾ। ਇਸ ਅਨੁਵਾਦ ਰਾਹੀ ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ) ਦਾ ਉਦੇਸ਼ ਹੈ ਕਿ ਨਿਊਜ਼ੀਲੈਂਡ ਦੇ ਮੂਲ ਵਸਨੀਕਾਂ (ਮਾਓਰੀ ਭਾਈਚਾਰੇ) ਨੂੰ ਦੱਸ ਸਕੀਏ ਕਿ ਸਾਡੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ‘ਜਪੁ ਜੀ’ ਸਾਹਿਬ ਸਾਨੂੰ ਕੀ ਸਿੱਖਿਆ ਤੇ ਸੁਨੇਹਾ ਦਿੰਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਅਤੇ ਪ੍ਰਕਾਸ਼ ਉਤਸਵ ਦੇ ਦਿਨਾਂ ਦਰਮਿਆਨ ਅੱਜ 1 ਸਤੰਬਰ 2024 ਨੂੰ ਰੇਡੀਓ ਸਪਾਈਸ ਪਾਪਾਟੋਏਟੋਏ ਵਿਖੇ ‘ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼’ (ਐਨਜ਼ੈੱਡਸੀਐੱਸਏ) ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਜਪੁ ਜੀ ਸਾਹਿਬ ਦਾ ਸਥਾਨਕ ਮਾਓਰੀ ਭਾਸ਼ਾ ਵਿੱਚ ਕੀਤੇ ਤਰਜਮੇ ਦੀ ਪਹਿਲੀ ਕਾਪੀ ਵੱਖ-ਵੱਖ ਕਮਿਊਨਿਟੀਆਂ ਦੇ ਚੋਣਵੇਂ ਲੋਕਾਂ ਨੂੰ ਦਿਖਾਈ ਗਈ ਅਤੇ ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋਂ ਇਸ ਕਾਰਜ ਲਈ ਜਿੱਥੇ ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ ਦੀ ਸ਼ਲਾਘਾ ਕੀਤੀ ਗਈ, ਉੱਥੇ ਮਾਓਰੀ ਭਾਈਚਾਰੇ ਨਾਲ ਸਬੰਧਾਂ ਬਾਰੇ ਵੀ ਤਸੱਲੀ ਪ੍ਰਗਟ ਕੀਤੀ ਗਈ ਅਤੇ ਵੱਖ ਵੱਖ ਭਾਸ਼ਾਵਾਂ ਵਿੱਚ ਗੁਰੂਆਂ ਦੀ ਬਾਣੀ ਦਾ ਅਨੁਵਾਦ ਕਰਕੇ ਇਸ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਪਰੋੜ੍ਹਤਾ ਕੀਤੀ ਗਈ।
ਇਸ ਸੰਖੇਪ ਸਮਾਗਮ ਦੀ ਸ਼ੁਰੂਆਤ ਸਟੇਜ ਕਰਦਿਆਂ ਵੈਲਿੰਗਟਨ ਤੋਂ ਪਹੁੰਚੇ ਐਨਜ਼ੈੱਡਸੀਐੱਸਏ ਦੇ ਮੈਂਬਰ ਗੁਰਤੇਜ ਸਿੰਘ ਨੇ ਪੰਜਾਬੀ, ਅੰਗਰੇਜ਼ੀ ਅਤੇ ਮਾਓਰੀ ਤਿੰਨੋਂ ਭਾਸ਼ਾਵਾਂ ਵਿੱਚ ਪ੍ਰਸਤੁਤ ਕੀਤੀ ਜਾ ਰਹੀ ਗੁਰੂ ਗ੍ਰੰਥ ਸਾਹਿਬ ਦੀ ਜਪੁ ਜੀ ਸਾਹਿਬ ਬਾਣੀ ਦਾ ਮਾਓਰੀ ਭਾਸ਼ਾ ਵਿੱਚ ਤਰਜਮਾ ਕਰਨ ਬਾਰੇ ਜਾਣਕਾਰੀ ਦਿੱਤੀ।
ਇਸ ਸਮਾਗਮ ਦੀ ਸ਼ੁਰੂਆਤ ਮਾਓਰੀ ਆਗੂ ਕੌਮਾਤੂਆ ਜੈਫ਼ ਨੇ ਮਾਓਰੀ ਭਾਸ਼ਾ ਵਿੱਚ ਪ੍ਰੇਅਰ ਕੀਤੀ ਅਤੇ ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ) ਦੇ ਪ੍ਰਧਾਨ ਤੇਜਵੀਰ ਸਿੰਘ ਨੇ ਅਰਦਾਸ ਕਰਨ ਉਪਰੰਤ ਸਭਨਾਂ ਨੂੰ ਜੀ ਆਇਆਂ ਕਹਿਣ ਨਾਲ ਕੀਤੀ। ਨੈਸ਼ਨਲ ਪਾਰਟੀ ਦੇ ਸਾਬਕਾ ਲਿਸਟ ਐਮਪੀ ਸ. ਕੰਵਲਜੀਤ ਸਿੰਘ ਬਖਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ 1890 ਤੋਂ ਹੁਣ ਤੱਕ ਇਹ ਪਹਿਲਾ ਕਾਰਜ ਹੈ ਕਿ ਮਾਓਰੀ ਭਾਸ਼ਾ ਵਿੱਚ ਤਰਜਮਾ ਕਰਨਾ ਤੇ ਮਾਓਰੀ ਲੋਕਾਂ ਨਾਲ ਗੁਰਬਾਣੀ ਦੀ ਸਾਂਝ ਪਵਾਉਣਾ, ਜੋ ਕਿ ਅਜਿਹਾ ਪਹਿਲਾ ਇੱਕ ਸ਼ਲਾਘਾਯੋਗ ਉੱਦਮੀ ਕਦਮ ਹੈ। ਪਿਛਲੇ 40 ਸਾਲ ਤੋਂ ਨਿਊਜ਼ੀਲੈਂਡ ਵਿੱਚ ਰਹਿੰਦੇ ਲੇਬਰ ਪਾਰਟੀ ਆਗੂ ਸ. ਖੜਗ ਸਿੰਘ ਨੇ ਕਿਹਾ ਕਿ ਮਾਓਰੀ ਲੋਕਾਂ ਦਾ ਭਾਰਤੀ ਲੋਕਾਂ ਨਾਲ ਰਾਜਨੀਤਿਕ, ਲਾਈਫ਼ ਸਟਾਈਲ ਤੇ ਮਿਲਦਾ ਜੁਲਦਾ ਸਬੰਧ ਹੈ, ਜਿਨ੍ਹਾਂ ਨੂੰ ਹੁਣ ਅੱਗੇ ਉਨ੍ਹਾਂ ਦੀ ਮਾਓਰੀ ਭਾਸ਼ਾ ਵਿੱਚ ਗੁਰਬਾਣੀ ਤੋਂ ਜਾਣੂ ਕਰਾਉਣਾ ਇੱਕ ਵਧੀਆ ਉਪਰਾਲਾ ਹੈ। ਨੇਪਾਲ ਦੇ ਆਨਰੇਰੀ ਕੌਂਸਲੇਟ ਦਿਨੇਸ਼ ਖੜਕਾ ਨੇ ਵੀ ਇਸ ਕਾਰਜ ਦੀ ਸ਼ਲਾਘਾ ਕੀਤੀ ਜਦੋਂ ਕਿ ਪਾਪਾਟੋਏਟੋਏ ਤੋਂ ਆਕਲੈਂਡ ਕੌਂਸਲ ਦੇ ਮੈਂਬਰ ਆਫ਼ ਬੋਰਡ ਐਲਬਰਟ ਲੈਮ ਨੇ ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ) ਵੱਲੋਂ ਮਾਓਰੀ ਭਾਸ਼ਾ ਵਿੱਚ ਜਪੁ ਜੀ ਸਾਹਿਬ ਦੇ ਤਰਜਮੇ ਨੂੰ ਇੱਕ ਸ਼ਲਾਘਾ ਯੋਗ ਕਦਮ ਦੱਸਿਆ।
ਇਸ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਉਪਰੋਕਤਾਂ ਤੋਂ ਇਲਾਵਾ ਰਘਵੀਰ ਸਿੰਘ ਜੇਪੀ, ਸਮਾਜ ਸੇਵਕ ਕਰਨੈਲ ਸਿੰਘ ਜੇਪੀ, ਮਲਕੀਤ ਸਿੰਘ, ਰਾਣਾ ਜੱਜ, ਰਾਮ ਸਿੰਘ, ਰਿਚਰਡ ਨੋਬਲ ਰਿਜਨਲ ਚੇਅਰ ਪਰਸਨ ਆਫ਼ ਮਾਓਰੀ ਵਾਰਡਨਜ਼, ਹਰਗੋਬਿੰਦ ਸਿੰਘ ਸ਼ੇਖਪੁਰੀਆ ਸੰਸਥਾਪਕ ਪ੍ਰਧਾਨ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ ਪੰਜਾਬ, ਸਤਿਨਾਮ ਸਿੰਘ, ਡਾ. ਪ੍ਰੀਤ, ਰਣਜੀਤ ਕੌਰ, ਮਨਪ੍ਰੀਤ ਕੌਰ, ਅਮਰਜੀਤ ਕੌਰ ਆਦਿ ਵੱਖ-ਵੱਖ ਕਮਿਊਨਿਟੀਜ਼ ਚੋਂ ਪਤਵੰਤੇ ਹਾਜ਼ਰ ਸਨ। ਸਮੁੱਚੇ ਸਮਾਗਮ ਦੀ ਕਵਰੇਜ ਤੇ ਫ਼ੋਟੋਗਰਾਫੀ ਕੂਕ ਪੰਜਾਬੀ ਸਮਾਚਾਰ ਦੇ ਮੁੱਖ ਸੰਪਾਦਕ ਅਮਰਜੀਤ ਸਿੰਘ, ਕੁਲਵੰਤ ਕੌਰ ਅਤੇ ਕਨਵਰ ਸਿੰਘ ਨੇ ਬਾਖ਼ੂਬੀ ਕੀਤੀ ਜਦੋਂ ਕਿ ਬਿਕਰਮ ਸਿੰਘ ਮਝੈਲ ਨੇ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰੀਨ ਨੇ ਕਿੰਗ ਆਫ਼ ਮਾਓਰੀ ਤੁਹੀਤੀਆ ਪੂਤਾਤੂਆ ਦੇ ਦਿਹਾਂਤ ਤੇ ਵੀ ਸ਼ੋਕ ਪ੍ਰਗਟ ਕੀਤਾ।