ਆਕਲੈਂਡ, 2 ਨਵੰਬਰ (ਕੂਕ ਪੰਜਾਬੀ ਸਮਾਚਾਰ/ਹਰਜਿੰਦਰ ਸਿੰਘ ਬਸਿਆਲਾ) – ਵਾਇਕਾਟੋ ਸ਼ਹੀਦੇ ਏ ਆਜ਼ਿਮ ਸ. ਭਗਤ ਸਿੰਘ ਟ੍ਰਸਟ ਹੈਮਿਲਟਨ ਦੇ ਉਦਮ ਸਦਕਾ ‘ਫੀਨਿਕਸ ਹਾਊਸ’ 22 ਰਿੱਚਮੰਡ ਸਟ੍ਰੀਟ ਹਮਿਲਟਨ ਵਿਖੇ 5ਵਾਂ ਪੰਜਾਬੀ ਭਾਸ਼ਾ ਹਫ਼ਤਾ ਬੱਚਿਆਂ ਸੰਗ ਮਨਾਇਆ ਗਿਆ। ਟ੍ਰਸਟ ਵੱਲੋਂ ਚਲਾਏ ਜਾਂਦੇ ਪੰਜਾਬੀ ਸਕੂਲ ਦੇ ਬੱਚਿਆਂ ਨੇ ਜਿੱਥੇ ਸਭਿਆਚਾਰਕ ਸਟੇਜ ਦੇ ਨਾਲ ਰੌਣਕ ਲਾ ਛੱਡੀ ਉੱਥੇ ਇਕ ਸਾਰਥਿਕ ਸੁਨੇਹਾ ‘ਮਿੱਠੀ ਬੋਲੀ ਰੰਗਲੇ ਪੰਜਾਬ ਦੀ, ਪੰਜਾਬੀਓ ਪੰਜਾਬੀ ਯਾਦ ਰੱਖਿਆ’’ ਦਾ ਸੁਨੇਹਾ ਵੀ ਦੇ ਦਿੱਤਾ। ਸਟੇਜ ਦੀ ਸੇਵਾ ਟ੍ਰਸਟ ਦੇ ਪ੍ਰਧਾਨ ਸ. ਜਰਨੈਲ ਸਿੰਘ ਰਾਹੋਂ ਅਤੇ ਹਰਜੀਤ ਕੌਰ ਨੇ ਸਾਂਭੀ ਹੋਈ ਸੀ।
ਟ੍ਰਸਟ ਦੇ ਪ੍ਰਧਾਨ ਸ. ਜਰਨੈਲ ਸਿੰਘ ਰਾਹੋਂ ਦੇ ਸਵਾਗਤੀ ਸ਼ਬਦਾਂ ਦੇ ਬਾਅਦ ਗੁਰਦੁਆਰਾ ਮਾਤਾ ਸਾਹਿਬ ਕੌਰ ਤੋਂ ਪਹੁੰਚੇ ਬੱਚਿਆਂ ਦੇ ਸਮੂਹ ਵੱਲੋਂ ‘ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ ਦੇ ਸ਼ਬਦ ਗਾਇਨ ਦੇ ਬਾਅਦ ਸ਼ੁੱਭ ਆਰੰਭ ਕੀਤਾ ਗਿਆ। ਆਕਲੈਂਡ ਤੋਂ ਪੰਜਾਬੀ ਮੀਡੀਆ ਕਰਮੀਆਂ ‘ਚੋਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਸ. ਨਵਤੇਜ ਸਿੰਘ ਰੰਧਾਵਾ, ਸ. ਅਮਰਜੀਤ ਸਿੰਘ ਅਤੇ ਸ. ਹਰਜਿੰਦਰ ਸਿੰਘ ਬਸਿਆਲਾ ਪਹੁੰਚੇ।
ਇਸ ਤੋਂ ਬਾਅਦ ਛੋਟੀਆਂ ਬੱਚੀਆਂ ਰੂਬੀ ਤੇ ਨਿਰਗੁਣ ਪਾਲ ਨੇ ਮੂਲ ਮੰਤਰ ਦਾ ਜਾਪ ਕਰਕੇ ਸ਼ੁੱਧ ਉਚਾਰਣ ਦੀ ਉਦਾਹਰਣ ਦਿੱਤੀ। ਫਤਹਿ ਸਿੰਘ ਖਾਲਸਾ ਨੇ ਪੰਜਾਬ ਦੀਆਂ ਵੋਟਾਂ ਦਾ ਵਿਅੰਗਮਈ ਸੰਖੇਪ ਭਾਸ਼ਣ ਪੇਸ਼ ਕੀਤਾ ਤੇ ਬੋਲੇ ਸੋ ਨਿਹਾਲ ਦਾ ਜੈਕਾਰ ਗਜਾਇਆ। ਅਨਾਇਤ ਕੌਰ ਛੀਨਾ ਪੰਜਾਬੀ ਸਕੂਲ ਉਤੇ ਕਵਿਤਾ ਪੇਸ਼ ਕੀਤੀ। ਪਰਲ ਨੇ ਕਵਿਤਾ ‘ਕਿਤਾਬ ਲੈ ਦਿਓ’ ਪੇਸ਼ ਕੀਤੀ। ਨਿੱਕੀ ਜਿਹੀ ਬੱਚੀ ਅਸ਼ਪ੍ਰੀਤ ਕੌਰ ਨੇ ਮੂਲ ਮੰਤਰ ਅਤੇ ਗੁਰੂ ਸਾਹਿਬਾਨਾਂ ਦੇ ਨਾਂਅ ਸੁਣਾਏ, ਹੀਰਤ, ਪਵਿਤ ਅਤੇ ਏਨਾਇਆ ਨੇ ‘ਬਾਜ਼ਰੇ ਦਾ ਸਿੱਟੇ’ ਦੇ ਗਾਣੇ ਉਤੀ ਪਰਫਾਰਮ ਕੀਤਾ। ਰਾਜਨੀਤਕ ਆਗੂ ਐਸ਼ ਪਰਮਾਰ ਨੇ ਇਥੇ ਆਉਂਦੀਆਂ ਪੰਜਾਬੀ ਕਿਤਾਬਾਂ ਦੀ ਗੱਲਬਾਤ ਕੀਤੀ। ਇਤਿਹਾਸਕ ਕਿਤਾਬਾਂ ਦੀ ਗੱਲ ਕਰਦਿਆਂ ਉਨ੍ਹਾਂ ਟ੍ਰਸਟ ਦੇ ਇਸ ਸਮਾਗਮ ਦੀ ਬਹੁਤ ਤਰੀਫ ਕੀਤੀ।
ਇਸ ਮੌਕੇ ਐਕਟ ਪਾਰਟੀ ਦੇ ਹੈਮਿਲਟਨ ਤੋਂ ਐਸ਼ ਪਰਮਾਰ ਨੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਅੱਗੇ ਵੀ ਸਹਿਯੋਗ ਦੇਣ ਦਾ ਵਾਇਦਾ ਕੀਤਾ। ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੋਈ ਵੀ ਕਹਾਣੀ ਘਰ ਤੋਂ ਸ਼ੁਰੂ ਹੁੰਦੀ ਹੈ, ਸੋ ਪੰਜਾਬੀ ਮਾਂ ਬੋਲੀ ਦੀ ਗੱਲ ਆਪਣੇ ਘਰ ਤੋਂ ਚੱਲੇਗੀ। ਜਿੰਨਾਂ ਚਿਰ ਮਾਵਾਂ ਦੇ ਜ਼ਿਹਨ ਦੇ ਵਿਚ ਇਹ ਗੱਲ ਨਾ ਆਈ ਕਿ ਬੱਚਿਆਂ ਦੇ ਰਾਹੀਂ ਕਿਵੇਂ ਆਪਣੀ ਜ਼ੁਬਾਨ ਅਤੇ ਵਿਰਸੇ ਨੂੰ ਕਾਇਮ ਕਰਨਾ ਹੈ। ਸ. ਹਰਜਿੰਦਰ ਸਿੰਘ ਬਸਿਆਲਾ ਨੇ ਇਸ ਮੌਕੇ ਸੰਬੋਧਨ ਦੇ ਵਿਚ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਕੂਕ ਪੰਜਾਬੀ ਸਮਾਚਾਰ ਦੇ ਐਡੀਟਰ ਸ. ਅਮਰਜੀਤ ਸਿੰਗ ਨੇ ਪ੍ਰਬੰਧਕਾਂ ਅਤੇ ਬੱਚਿਆਂ ਦੇ ਨਾਲ ਉਨ੍ਹਾ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਸ. ਨਵਤੇਜ ਰੰਧਾਵਾ ਨੇ ਪੰਜਾਬੀ ਦੇ ਇਤਿਹਾਸ ਦੀ ਜਾਣਕਾਰੀ ਦੇ ਨਾਲ ਹੈਮਿਲਟਨ ਤੋਂ ਪਹਿਲੇ ਸ਼ੁਰੂ ਹੋਏ ਪੰਜਾਬੀ ਸਕੂਲ ਦਾ ਜ਼ਿਕਰ ਕੀਤਾ।
ਕਬੀਰ, ਕਾਇਆ ਸਿੰਘ ਕੇ ਕਵਿਤਾ ‘ਰੁੱਖ’, ਗੁਰਸ਼ਬਦ ਨੇ ਕਵਿਤਾ ‘ਦਿਵਾਲੀ’, ਮਨਮੀਤ ਕੌਰ ਨੇ ਕਵਿਤਾ ‘ਮੈਨੂ ਮਾਣ ਪੰਜਾਬੀ ਹੋਣ ਦਾ’, ਪਵਿੱਤ ਕੌਰ ਨੇ ਅਬਲੂ-ਬਬਲੂ, ਵੀਰਮ ਨੇ ਗੀਤ ‘ਮਾਂ’, ਹੀਰਤ ਨੇ ਕਵਿਤਾ ‘ਦਾਦੀ ਮਾਂ’, ਜਸਪ੍ਰੀਤ ਕਲਸੀ ਨੇ ਕਵਿਤਾ ‘ਪੰਜਾਬੀ’ ਪੇਸ਼ ਕੀਤੀ ਤੇ ਛੋਟੀਆਂ ਬੱਚੀਆਂ ਦਾ ਗਿੱਧਾ ਵੀ ਕਮਾਲ ਕਰ ਗਿਆ। ਮੱਨਤ ਬਾਠ ਦਾ ਗੀਤ ‘ਬਾਬੁਲ ਦੇ ਵਿਹੜੇ ਅੰਬੀ ਦਾ ਬੂਟਾ’ ਕਮਾਲ ਦਾ ਰਿਹਾ। ਇਸ ਕੁੜੀ ਦੇ ਵਿਸ਼ਵਾਸ਼ ਨਾਲ ਗਾਉਣ ਵਿਚ ਵਿਚ ਭਵਿੱਖ ਦੀ ਮਸ਼ਹੂਰ ਗਾਇਕਾ ਮੱਨਤ ਨਜ਼ਰ ਆਈ। ਉਸਦੇ ਇਕ-ਦੋ ਗੀਤ ਦੇ ਮੁਖੜਿਆਂ ਉਤੇ ਕੀਤਾ ਗਿਆ ਨ੍ਰਿਤ ਵੀ ਕਮਾਲ ਸੀ। ਬੱਚੀ ਦੀ ਇਸ ਸਿਿਖਆ ਲਈ ਉਸਦੀ ਮਾਤਾ ਰੂਬੀ ਬਾਠ, ਦਾਦਾ ਸ. ਸਰਦੂਲ ਸਿੰਘ ਅਤੇ ਦਾਦੀ ਜੀ ਨੂੰ ਡਾ. ਦਿਲਾਵਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਡਾ. ਦਿਲਾਵਰ ਸਿੰਘ ਹੋਰਾਂ ਨੇ ਹੀਰ ਗਾ ਕੇ ਸੁਣਾਈ। ਸ. ਮੋਹਨ ਸਿੰਘ ਬੇਹਰ ਅਤੇ ਸ. ਲਕਮਿੰਦਰ ਸਿੰਘ ਉੁਭਾ ਹੋਰਾਂ ਨੇ ਵੀ ਪੰਜਾਬੀ ਹਫ਼ਤੇ ਦੀ ਵਧਾਈ ਦਿੱਤੀ।
ਪ੍ਰੋਗਰਾਮ ਆਪਣੀ ਗਤੀ ਦੇ ਨਾਲ ਅੱਗੇ ਵਧਦਾ ਗਿਆ, ਨਿਹਾਲ ਸਿੰਘ ਤੇ ਰੂਪ ਕੌਰ ਵੱਲੋਂ ਮੇਰੀ ਮਾਂ ਬੋਲੀ, ਮਾਤਾ ਸਾਹਿਬ ਕੌਰ ਗੁਰਦੁਆਰਾ ਸਾਹਿਬ ਦੇ ਬੱਚੇ ਜੋਗਾ ਸਿੰਘ ਵੱਲੋਂ ਕਵੀਸ਼ਰੀ ਪੇਸ਼ ਕੀਤੀ ਗਈ। ਪ੍ਰੋਗਰਾਮ ਅਜੇ ਜਾਰੀ ਹੈ। ਅਨਾਇਤ, ਜਸਨੈਨਾ, ਵਰੁਣ ਅਤੇ ਮੇਹਰ ਵੱਲੋਂ ਕਵਿਤਾ ‘ਗੁਰੂ ਦੀ ਸਿੱਖਿਆ’ ਪੇਸ਼ ਕੀਤੀ ਗਈ। ਚਾਹਲ ਪਰਿਵਾਰ ਦੇ ਬੱਚਿਆਂ ਪੰਜਾਬ ਬਾਰੇ ਜਾਣਕਾਰੀ ਦਿੱਤੀ ਅਤੇ ਬਹੁਤ ਹੀ ਨਿੱਕੇ ਬੱਚਿਆਂ ਨੇ ਜ਼ੁਬਾਨੀ ਗੁਰੂਆਂ ਦੇ ਨਾਂਅ ਸੁਣਾਏ। ਰਿਵਰਸਿਟੀ ਗਰੁੱਪ ਵੱਲੋਂ ਪੰਜਾਬੀ ਭੰਗੜਾ ਹੋਇਆ। ਸਾਰੇ ਬੱਚਿਆਂ ਨੂੰ ਸੁੰਦਰ ਇਨਾਮ ਵੰਡੇ ਗਏ। ਆਏ ਮਹਿਮਾਨਾਂ ਦਾ ਸਤਿਕਾਰ ਕੀਤਾ ਗਿਆ। ਸ. ਜਰਨੈਲ ਸਿੰਘ ਨੇ ਆਏ ਸਾਰੇ ਦਰਸ਼ਕਾਂ, ਸਪਾਂਸਰਜ਼, ਮਹਿਮਾਨਾ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾਦਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਸਮਾਗਮ ਬਹੁਤ ਹੀ ਸਫਲ ਰਿਹਾ।
Home Page ਵਾਇਕਾਟੋ ਸ਼ਹੀਦੇ ਏ ਆਜ਼ਿਮ ਸ. ਭਗਤ ਸਿੰਘ ਟ੍ਰਸਟ ਹੈਮਿਲਟਨ ਵਿਖੇ ਪੰਜਾਬੀ ਭਾਸ਼ਾ...