ਨਿਊਜ਼ੀਲੈਂਡ ਨੇ ਭਾਰਤ ਤੋਂ ਤਿੰਨ ਮੈਚਾਂ ਦੀ ਕ੍ਰਿਕਟ ਟੈੱਸਟ ਲੜੀ 3-0 ਨਾਲ ਜਿੱਤੀ

ਮੁੰਬਈ, 3 ਨਵੰਬਰ – ਅੱਜ ਇੱਥੇ ਮਹਿਮਾਨ ਟੀਮ ਨਿਊਜ਼ੀਲੈਂਡ ਨੇ ਵਾਨਖੇੜੇ ਸਟੇਡੀਅਮ ’ਚ ਤੀਜੇ ਤੇ ਆਖਰੀ ਕ੍ਰਿਕਟ ਟੱਸਟ ਮੈਚ ਦੇ ਤੀਜੇ ਦਿਨ ਮੇਜ਼ਬਾਨ ਭਾਰਤੀ ਟੀਮ ਨੂੰ 25 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 3-0 ਨਾਲ ਜਿੱਤ ਕੇ ਆਪਣੇ ਨਾਮ ਕੀਤੀ। ਟੈੱਸਟ ਕ੍ਰਿਕਟ ਦੇ ਇਤਿਹਾਸ ’ਚ 1933 ਤੋਂ ਬਾਅਦ ਭਾਰਤੀ ਟੀਮ ਘਰੇਲੂ ਮੈਦਾਨ ’ਚ ਪਹਿਲੀ ਵਾਰ ਤਿੰਨ ਜਾਂ ਉਸ ਤੋਂ ਵੱਧ ਮੈਚਾਂ ਦੀ ਲੜੀ ਦੇ ਸਾਰੇ ਮੈਚ ਹਾਰੀ ਹੈ।
ਮਹਿਮਾਨ ਟੀਮ ਨੇ ਭਾਰਤ ਨੂੰ ਜਿੱਤ ਲਈ 146 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਕਿਵੀ ਗੇਂਦਬਾਜ਼ਾਂ ਸਾਹਮਣੇ ਮੇਜ਼ਬਾਨ ਟੀਮ 121 ਦੌੜਾਂ ’ਤੇ ਹੀ ਆਊਟ ਹੋ ਗਈ ਹਾਲਾਂਕਿ ਰਿਸ਼ਭ ਪੰਤ (64 ਦੌੜਾਂ) ਨੇ ਨੀਮ ਸੈਂਕੜੇ ਵਾਲੀ ਪਾਰੀ ਖੇਡਦਿਆਂ ਟੀਮ ਨੂੰ ਜਿਤਾਉਣ ਲਈ ਵਾਹ ਲਾਈ ਪਰ ਹੋਰ ਬੱਲੇਬਾਜ਼ਾਂ ਦਾ ਪੂਰਾ ਸਾਥ ਨਾ ਮਿਲਣ ਕਾਰਨ ਉਹ ਅਜਿਹਾ ਕਰਨ ’ਚ ਸਫਲ ਨਾ ਹੋ ਸਕਿਆ। ਦੂਜੀ ਪਾਰੀ ਵਿੱਚ ਪੰਤ ਤੋਂ ਇਲਾਵਾ ਕਪਤਾਨ ਰੋਹਿਤ ਸ਼ਰਮਾ (11 ਦੌੜਾਂ) ਤੇ ਵਾਸ਼ਿੰਗਟਨ ਸੁੰਦਰ (12 ਦੌੜਾਂ) ਹੀ ਦਹਾਈ ਦਾ ਅੰਕੜਾ ਛੂਹ ਸਕੇ। ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿੱਚ 235 ਤੇ ਦੂੁਜੀ ਪਾਰੀ ’ਚ 174 ਦੌੜਾਂ ਜਦੋਂ ਕਿ ਭਾਰਤ ਨੇ ਪਹਿਲੀ ਪਾਰੀ ’ਚ 263 ਦੌੜਾਂ ਬਣਾਈਆਂ ਸਨ।