ਟਾਕਾਨੀਨੀ ਪ੍ਰਾਇਮਰੀ ਸਕੂਲ (ਟਾਕਾਨੀਨੀ ਰੋਡ) ਵਿਖੇ 5ਵਾਂ ਪੰਜਾਬੀ ਭਾਸ਼ਾ ਹਫ਼ਤਾ ਮਨਾਇਆ ਗਿਆ

ਆਕਲੈਂਡ, 8 ਨਵੰਬਰ – ਅੱਜ ਟਾਕਾਨੀਨੀ ਸਕੂਲ ਰੋਡ ਵਿਖੇ ਪੈਂਦੇ ਟਾਕਾਨੀਨੀ ਪ੍ਰਾਇਮਰੀ ਸਕੂਲ ‘ਚ 5ਵਾਂ ਪੰਜਾਬੀ ਭਾਸ਼ਾ ਹਫ਼ਤਾ ਮਨਾਇਆ ਗਿਆ। ੫ਵੇਂ ਪੰਜਾਬੀ ਭਾਸ਼ਾ ਹਫ਼ਤੇ ਦਾ ਪ੍ਰੋਗਰਾਮ ਪੂਰੇ ਸਕੂਲ ਦੀ ਅਸੈਂਬਲੀ ਦੇ ਸਾਹਮਣੇ ਰੱਖਿਆ ਗਿਆ ਅਤੇ ਵੱਡੀ ਗਿਣਤੀ ‘ਚ ਮਾਪੇ ਵੀ ਆਪਣੇ ਰਵਾਇਤੀ ਪਹਿਰਾਵੇ ਨਾਲ ਆਏ। ਪੰਜਾਬੀ ਭਾਸ਼ਾ ਲਈ ਪੇਸ਼ਕਾਰੀਆਂ ਦੇਣ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਰਵਾਇਤੀ ਕੱਪੜੇ ਪਾਏ ਹੋਏ ਸਨ। ਉਨ੍ਹਾਂ ਨੇ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਗਿੱਧਾ, ਭੰਗੜਾ, ਭਾਸ਼ਣ ਅਤੇ ਲੋਕ ਗੀਤ ਪੇਸ਼ ਕੀਤੇ।
ਵਿਦਿਆਰਥੀ ਨੇ ਸਟੇਜ ਆਪ ਸੰਭਾਲੀ ਅਤੇ ਪੰਜਾਬੀ ਸਭਿਆਚਾਰ ਦਾ ਬਾਖ਼ੂਬੀ ਪ੍ਰਚਾਰ ਕੀਤਾ। ਸਰਦਾਰਨੀ ਅਮਨ ਵਿਰਕ (ਟਾਕਾਨੀਨੀ ਪ੍ਰਾਇਮਰੀ ਸਕੂਲ ਵਿੱਚ ਪਾਠਕ੍ਰਮ ਆਗੂ ਅਤੇ ਟੀਮ ਲੀਡਰ) ਨੇ ਕੂਕ ਪੰਜਾਬੀ ਸਮਾਚਾਰ ਦੱਸਿਆ ਕਿ ਸਕੂਲ ‘ਚ 22 ਫੀਸਦੀ ਵਿਦਿਆਰਥੀ ਪੰਜਾਬੀ ਬੋਲਣ ਵਾਲੇ ਪਿਛੋਕੜ ਦੇ ਹਨ। ਕੂਕ ਪੰਜਾਬੀ ਸਮਾਚਾਰ ਅਮਨ ਵਿਰਕ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਮਾਪਿਆਂ ਦੀ ਸਹੂਲਤ ਲਈ ਉਨ੍ਹਾਂ ਨੇ ਪੰਜਾਬੀ ਭਾਸ਼ਾ ਵਿੱਚ ਦਾਖਲਾ ਫਾਰਮ ਬਣਾਇਆ ਹੈ।
ਕੂਕ ਪੰਜਾਬੀ ਸਮਾਚਾਰ ਵੱਲੋਂ 5ਵੇਂ ਪੰਜਾਬੀ ਭਾਸ਼ਾ ਹਫ਼ਤਾ ਮਨਾਉਣ ਲਈ ਸਕੂਲ ਇੱਕ ਕੀਵੀ ਪੰਜਾਬੀ ਅੱਖਰਾਂ ਵਾਲਾ ‘ਫ਼ੋਟੋ ਫਰੇਮ ਬੂਥ’ ਤੋਹਫ਼ੇ ਵਜੋਂ ਦਿੱਤਾ। ਸਕੂਲ ਦੀ ਪ੍ਰਿੰਸੀਪਲ ਅਤੇ ਸਟਾਫ਼ ਨੇ ਕੀਵੀ ਪੰਜਾਬੀ ਅੱਖਰਾਂ ਵਾਲਾ ‘ਫ਼ੋਟੋ ਫਰੇਮ ਬੂਥ’ ਦੀ ਸ਼ਲਾਘਾ ਕੀਤੀ।
ਪੰਜਾਬੀ ਭਾਸ਼ਾ ਦੀ ਟੀਮ ਕੂਕ ਪੰਜਾਬੀ ਸਮਾਚਾਰ ਤੋਂ ਕੁਲਵੰਤ ਕੌਰ, ਇੰਦਰਜੀਤ ਕੌਰ, ਰੇਡੀਓ ਸਪਾਈਸ ਤੋਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਹਰਜੋਤ ਸਿੰਘ ਅਤੇ ਪੰਜਾਬੀ ਹੈਰਲਡ (ਹਰਜਿੰਦਰ ਸਿੰਘ ਬਸਿਆਲਾ ਜੋ ਇਸ ਵੇਲੇ ਇੰਡੀਆ ਹਨ) ਨੇ ਸਕੂਲ ‘ਚ ੫ਵੇਂ ਪੰਜਾਬੀ ਭਾਸ਼ਾ ਹਫ਼ਤੇ ਮਨਾਉਣ ਦਾ ਮੌਕਾ ਪ੍ਰਦਾਨ ਕਰਨ ਲਈ ਸਮੂਹ ਸਕੂਲ ਸਟਾਫ਼ ਅਤੇ ਪ੍ਰਿੰਸੀਪਲ ਦੇ ਨਾਲੁਨਾਲ ਪੇਸ਼ਕਾਰੀਆਂ ਦੇਣ ਲਈ ਆਪਣਾ ਸਮਾਂ ਸਮਰਪਿਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਪੰਜਾਬੀ ਭਾਸ਼ਾ ਹਫ਼ਤਾ ਮਨਾ ਰਹੀ ਟੀਮ ਨੇ ਸਕੂਲ ਕੀਵੀ ਪੰਜਾਬੀ ਵਰਣਮਾਲਾ ਦੇ ਪੋਸਟਰ ਦਿੱਤੇ, ਜੋ ਸਕੂਲ ਨੇ ਆਪਣੇ ਰਿਸੋਰਸ ਵਾਸਤੇ ਰੱਖ ਲਏ ਹਨ।