ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ) ਵੱਲੋਂ ਜਪੁ ਜੀ ਸਾਹਿਬ ਜੀ ਦੀ ਬਾਣੀ ਦਾ ਸਥਾਨਕ ਮਾਓਰੀ ਭਾਸ਼ਾ ‘ਚ ਕੀਤੇ ਅਨੁਵਾਦਿਤ ਜਪੁ ਜੀ ਸਾਹਿਬ ਨੈਸ਼ਨਲ ਪਾਰਟੀ ਦੇ ਮਾਓਰੀ ਐਮਪੀ ਟਾਮਾ ਪੋਟਾਕਾ ਨੂੰ ਭੇਂਟ ਕੀਤੀ

ਪਾਪਾਟੋਏਟੋਏ (ਆਕਲੈਂਡ), 27 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ) ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪੁ ਜੀ ਸਾਹਿਬ ਜੀ ਦਾ ਸਥਾਨਕ ਮਾਓਰੀ ਭਾਸ਼ਾ ‘ਚ ਅਨੁਵਾਦ ਕਰਵਾਇਆ ਗਿਆ ਹੈ। ਇਸ ਅਨੁਵਾਦਿਤ ਬਾਣੀ ਨੂੰ ਅੱਜ ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ) ਮੈਂਬਰਾਂ ਵੱਲੋਂ ਹੈਮਿਲਟਨ ਵੈਸਟ ਤੋ ਨੈਸ਼ਨਲ ਪਾਰਟੀ ਦੇ ਮਾਓਰੀ ਮੂਲ ਦੇ ਮੈਂਬਰ ਆਫ਼ ਪਾਰਲੀਮੈਂਟ ਟਾਮਾ ਪੋਟਾਕਾ (ਮਾਓਰੀ ਵਿਕਾਸ ਮੰਤਰੀ, ਵਾਹਨਾਉ ਓਰਾ ਲਈ ਮੰਤਰੀ, ਮਨਿਸਟਰ ਆਫ਼ ਕੰਜ਼ਰਵੇਸ਼ਨ, ਮਾਓਰੀ ਕਰਾਊਨ ਰਿਲੇਸ਼ਨਸ ਲਈ ਮੰਤਰੀ: ਟੀ ਅਰਾਵਹੀਤੀ ਅਤੇ ਐਸੋਸੀਏਟ ਮਨਿਸਟਰ ਆਫ਼ ਹਾਊਸਿੰਗ (ਸੋਸ਼ਲ ਹਾਊਸਿੰਗ) ਨੂੰ ਸਾਬਕਾ ਨੈਸ਼ਨਲ ਪਾਰਟੀ ਲਿਸਟ ਐਮਪੀ ਸ. ਕੰਵਲਜੀਤ ਸਿੰਘ ਬਖ਼ਸ਼ੀ ਹੁਣਾ ਦੀ ਹਾਜ਼ਰੀ ਵਿੱਚ ਭੇਂਟ ਕੀਤੀ ਗਈ। ਇਹ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕੂਕ ਪੰਜਾਬੀ ਸਮਾਚਾਰ ਦੇ ਦਫ਼ਤਰ ਪਾਪਾਟੋਏਟੋਏ ਵਿਖੇ ਕੀਤਾ ਗਿਆ।
ਗੁਰਤੇਜ ਸਿੰਘ ਨੇ ਮਾਓਰੀ ਐਮਪੀ ਟਾਮਾ ਪੋਟਾਕਾ ਨਾਲ ਜਪੁ ਜੀ ਸਾਹਿਬ ਜੀ ਦੇ ਸਥਾਨਕ ਮਾਓਰੀ ਭਾਸ਼ਾ ‘ਚ ਕੀਤੇ ਗਏ ਅਨੁਵਾਦ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਨੂੰ ਸਰਿਆਂ ਨੂੰ ਕੀ ਸੁਨੇਹਾ ਦਿੰਦੀ ਹੈ ਅਤੇ ਸਥਾਨਕ ਮਾਓਰੀ ਭਾਸ਼ਾ ਵਿੱਚ ਅਨੁਵਾਦ ਕਰਨ ਦਾ ਮਨੋਰਥ ਬਾਣੀ ਦੇ ਸੁਨੇਹੇ ਅਤੇ ਸਿਧਾਂਤ ਬਾਰੇ ਮਾਓਰੀ ਭਾਈਚਾਰੇ ਨਾਲ ਜਾਣਕਾਰੀ ਸਾਂਝੀ ਕਰਨਾ ਹੈ। ਸਾਬਕਾ ਲਿਸਟ ਐਮਪੀ ਸ. ਕੰਵਲਜੀਤ ਸਿੰਘ ਬਖ਼ਸ਼ੂ ਨੇ ਵੀ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਮਾਓਰੀ ਭਾਈਚਾਰੇ ਨੂੰ ਗੁਰਬਾਣੀ ਬਾਰੇ ਜਾਣਕਾਰੀ ਮਿਲੇ ਅਤੇ ਉਹ ਸਿੱਖ ਭਾਈਚਾਰੇ ਨਾਲ ਹੋਰ ਗੁੜ੍ਹੀ ਸਾਂਝ ਪਾ ਸਕਣ।
ਹੈਮਿਲਟਨ ਵੈਸਟ ਤੋ ਨੈਸ਼ਨਲ ਪਾਰਟੀ ਦੇ ਮਾਓਰੀ ਮੂਲ ਦੇ ਮੈਂਬਰ ਆਫ਼ ਪਾਰਲੀਮੈਂਟ ਟਾਮਾ ਪੋਟਾਕਾ ਨੇ ਜਪੁ ਜੀ ਸਾਹਿਬ ਜੀ ਦੇ ਸਥਾਨਕ ਮਾਓਰੀ ਭਾਸ਼ਾ ‘ਚ ਕੀਤੇ ਗਏ ਅਨੁਵਾਦ ਬਾਰੇ ਕਿਹਾ ਇਹ ਚੰਗਾ ਕਦਮ ਤੇ ਉੱਦਮ ਹੈ ਅਤੇ ਭਵਿੱਖ ‘ਚ ਅਸੀਂ ਦੋਵੇਂ ਭਾਈਚਾਰੇ ਮਿਲ ਕੇ ਹੋਰ ਵੀ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਮਾਓਰੀ ਭਾਈਚਾਰੇ ਅਤੇ ਸਿੱਖ ਭਾਈਚਾਰੇ ਦੇ ਕਈ ਵਿਚਾਰ ਤੇ ਸੋਚ ਆਪਸ ਵਿੱਚ ਮਿਲ ਦੇ ਹਨ, ਅਸੀਂ ਵੀ ਪਾਣੀ, ਧਰਤੀ ਅਤੇ ਔਰਤਾਂ ਨੂੰ ਸਨਮਾਨ ਦਿੰਦੇ ਹਾਂ। ਇਸ ਮੌਕੇ ਉਨ੍ਹਾਂ ਨੇ ਪ੍ਰੋਗਰਾਮ ਦੀ ਸਮਾਪਤੀ ਵੇਲੇ ਮਾਓਰੀ ਪ੍ਰੇਅਰ ਵੀ ਕੀਤੀ।
ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ) ਦੇ ਚੇਅਰਮੈਨ ਸ. ਤੇਜਵੀਰ ਸਿੰਘ ਨੇ ਹੈਮਿਲਟਨ ਵੈਸਟ ਤੋ ਨੈਸ਼ਨਲ ਪਾਰਟੀ ਦੇ ਮਾਓਰੀ ਮੂਲ ਦੇ ਮੈਂਬਰ ਆਫ਼ ਪਾਰਲੀਮੈਂਟ ਟਾਮਾ ਪੋਟਾਕਾ ਅਤੇ ਸ. ਕੰਵਲਜੀਤ ਸਿੰਘ ਅਤੇ ਹੋਰ ਸਭਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ) ਵੱਲੋਂ ਹੋਰ ਵੀ ਕਈ ਅਜਿਹੇ ਪ੍ਰੋਜੈਕਟ ਕੀਤੇ ਜਾ ਰਹੇ ਹਨ।
ਇਸ ਮੌਕੇ ਗੁਰਤੇਜ ਸਿੰਘ ਵੈਲਿੰਗਟਨ ਤੋਂ ਖ਼ਾਸ ਤੌਰ ‘ਤੇ ਪੁੱਜੇ, ਉਨ੍ਹਾਂ ਤੋਂ ਇਲਾਵਾ ਸ. ਬਿਕਰਮ ਸਿੰਘ ਮਝੈਲ, ਸ. ਰਾਣਾ ਜੱਜ, ਸ. ਸੁਖਦੀਪ ਸਿੰਘ ਵਾਲੀਆ ਤੇ ਉਨ੍ਹਾਂ ਦੇ ਸਪੁੱਤਰ ਰਾਜਬੀਰ ਸਿੰਘ ਵਾਲੀਆ, ਮਨਪ੍ਰੀਤ ਕੌਰ, ਕੂਕ ਪੰਜਾਬੀ ਸਮਾਚਾਰ ਦੇ ਮੁੱਖ ਸੰਪਾਦਕ ਸ. ਅਮਰਜੀਤ ਸਿੰਘ, ਡਾਇਰੈਕਟਰ ਕੁਲਵੰਤ ਕੌਰ, ਇੰਦਰਜੀਤ ਕੌਰ, ਹਰਮੀਤ ਕੌਰ ਅਤੇ ਨੀਰਜਾ ਰਾਣਾ, ਜਸਦੀਪ ਸਿੰਘ ਆਦਿ ਪਤਵੰਤੇ ਸਜਣ ਹਾਜ਼ਰ ਸਨ।