ਪਾਕਿਸਤਾਨ ਦੇ ਪਹਿਲੇ ਸਿੱਖ ਡਾਕਟਰ ਸ. ਮਿਮਪਾਲ ਸਿੰਘ ਦਾ ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ) ਨੇ ਐਵਾਰਡ ਨਾਲ ਸਨਮਾਨ ਕੀਤਾ

ਡਾ. ਮਿਮਪਾਲ ਸਿੰਘ ਪਾਕਿਸਤਾਨ ਦੇ ਦੋ ਉੱਘੇ ਐਵਾਰਡ ‘ਪ੍ਰਾਉਡ ਆਫ਼ ਪਾਕਿਸਤਾਨ 2023’ ਅਤੇ ਸਿਵਲ ਐਵਾਰਡਜ਼ ‘ਤਮਗਾਏ-ਏ-ਇਮਤਿਆਜ਼’ ਨਾਲ ਸਨਮਾਨਿਤ ਹਨ
ਆਕਲੈਂਡ, 1 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ (ਐਨਜ਼ੈੱਡਸੀਐੱਸਏ) ਜੋ ਸਿੱਖੀ ਦੇ ਕਾਰਜਾਂ ਨੂੰ ਸਮਰਪਿਤ ਹੈ ਵੱਲੋਂ ਪਾਕਿਸਤਾਨ ਦੇ ਪਹਿਲੇ ਸਿੱਖ ਡਾਕਟਰ ਸ. ਮਿਮਪਾਲ ਸਿੰਘ ਦਾ ਐਵਾਰਡ ਦੇ ਨਾਲ ਸਨਮਾਨ ਕੀਤਾ ਗਿਆ। ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ ਦੇ ਵਿਸ਼ੇਸ਼ ਸੱਦੇ ਉੱਤੇ ਡਾ. ਮਿਮਪਾਲ ਸਿੰਘ ਪਾਕਿਸਤਾਨ ਤੋਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਪੁੱਜੇ।
ਡਾਕਟਰ ਸ. ਮਿਮਪਾਲ ਸਿੰਘ ਜੀ ਪਾਕਿਸਤਾਨ ਦੇ ਇਤਿਹਾਸ ਦੇ ਵਿੱਚ ਪਹਿਲੇ ਸਿੱਖ ਐਮਬੀਬੀਐੱਸ ਡਾਕਟਰ ਹਨ, ਉੱਥੇ ਹੀ ਡਾ. ਸ. ਮਿਮਪਾਲ ਸਿੰਘ ਪਾਕਿਸਤਾਨ ਦੇ ਦੋ ਉੱਘੇ ਐਵਾਰਡਜ਼ ‘ਪ੍ਰਾਉਡ ਆਫ਼ ਪਾਕਿਸਤਾਨ 2023’ ਅਤੇ ਸਿਵਲ ਐਵਾਰਡ ‘ਤਮਗਾਏ-ਏ-ਇਮਤਿਆਜ਼’ ਨਾਲ ਸਨਮਾਨਿਤ ਵੀ ਹੋ ਚੁੱਕੇ ਹਨ।
ਡਾ. ਮਿਮਪਾਲ ਸਿੰਘ ਜੀ ਪਾਕਿਸਤਾਨ ਦੇ ਸਭ ਤੋਂ ਵੱਡੇ ਹਸਪਤਾਲ ਵਿੱਚ ਐਸੋਸੀਏਟ ਪ੍ਰੋਫੈਸਰ ਹਨ ਅਤੇ ਉਨ੍ਹਾਂ ਕੋਲ ਐਬੀਬੀਐੱਸ, ਆਰਐਮਪੀ, ਡੀਸੀਐੱਚ, ਐਨਸੀਪੀਐੱਸ, ਐਮਡੀ ਅਤੇ ਪੀਜੀਡੀ ਨਿਊਟ੍ਰੀਸ਼ਨ ਦੀਆਂ ਡਿਗਰੀਆਂ ਹਨ। ਡਾ. ਮਿਮਪਾਲ ਸਿੰਘ ਵਰਕਿੰਗ ਐਂਡ ਕੰਸਲਟੈਂਟ ਪੈਡੀਟੀਸ਼ਿਅਨ ਐਂਡ ਨਿਊਟੋਲੋਜਿਸਟ (ਚਾਈਲਡ ਸਪੈਸ਼ਲਿਸਟ), ਰਜਿਸਟਰਪੈਡਸ ਮੈਡੀਕਲ ਵਾਰਡ ਮਾਇਓ ਹਸਪਤਾਲ ਲਹੌਰ ‘ਚ ਕੰਮ ਕਰਦੇ ਹਨ। ਡਾ. ਸਾਹਿਬ ਨੈਸ਼ਨਲ ਤੇ ਇੰਟਰਨੈਸ਼ਨਲ ਵੈੱਲਫੇਅਰ ਲਈ ਵੀ ਕੰਮ ਕਰਦੇ ਹਨ। ਡਾ. ਮਿਮਪਾਲ ਸਿੰਘ ਕਮਿਊਨਿਟੀ ਲੀਡਰ ਹਨ ਅਤੇ ਉਹ ‘ਗੁਰੂ ਨਾਨਕ ਜੀ ਮਿਸ਼ਨ ਪਾਕਿਸਤਾਨ’ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਗੁਰੂ ਨਾਨਕ ਜੀ ਹੈਲਥ ਵੈੱਲਫੇਅਰ ਸੋਸਾਇਟੀ ਪੰਜਾਬ ਰਹੇ ਹਨ, ਉਹ ਮੈਂਬਰ ਨੈਸ਼ਨਲ ਕਮਿਸ਼ਨ ਫ਼ਾਰ ਮੈਨਿਓਰਟੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਦੇ ਮੈਂਬਰ ਹਨ।
ਪਾਕਿਸਤਾਨ ਦੇ ਪਹਿਲੇ ਸਿੱਖ ਡਾਕਟਰ ਸ. ਮਿਮਪਾਲ ਸਿੰਘ ਨੂੰ ਐਨਜ਼ੈੱਡਸੀਐੱਸਏ ਦੇ ਪ੍ਰਬੰਧਕਾਂ ਵੱਲੋਂ ਦਿੱਤਾ ਗਿਆ ਐਵਾਰਡ ਪਾਕਿਸਤਾਨ ਦੇ ਹਾਈ ਕਮਿਸ਼ਨਰ ਡਾ. ਫੈਜ਼ਲ ਅਜ਼ੀਜ਼ ਅਹਿਮਦ ਦੇ ਹੱਥੋਂ ਦੁਆਇਆ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਪਾਕਿਸਤਾਨ ਦੇ ਪਹਿਲੇ ਸਿੱਖ ਡਾਕਟਰ ਸ. ਮਿਮਪਾਲ ਸਿੰਘ ਨੇ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਉੱਤੇ ਮਾਣ ਹੈ ਕਿ ਉਹ ਪਾਕਿਸਤਾਨ ਦੇ ਪਹਿਲੇ ਸਿੱਖ ਡਾਕਟਰ ਹਨ, ਜੋ ਵੱਖ-ਵੱਖ ਕਾਰਜਾਂ ਵਿੱਚ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਨੇ ਹਾਜ਼ਰ ਸੰਗਤਾਂ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਸੱਦਾ ਵੀ ਦਿੱਤਾ। ਉਨ੍ਹਾਂ ਤੋਂ ਇਲਾਵਾ ਪਾਕਿਸਤਾਨ ਦੇ ਹਾਈ ਕਮਿਸ਼ਨਰ ਡਾ. ਫੈਜ਼ਲ ਅਜ਼ੀਜ਼ ਅਹਿਮਦ, ਸਾਬਕਾ ਨੈਸ਼ਨਲ ਪਾਰਟੀ ਲਿਸਟ ਐਮਪੀ ਸ. ਕੰਵਲਜੀਤ ਸਿੰਘ ਬਖ਼ਸ਼ੀ, ਓਟਾਰਾ ਪਾਪਾਟੋਏਟੋਏ ਕੌਂਸਲ ਮੈਂਬਰ ਐਲਵਰਟ ਲਿਮ, ਰਾਮ ਸਿੰਘ, ਰਾਣਾ ਜੱਜ ਅਤੇ ਸ. ਬਿਕਰਮ ਸਿੰਘ ਮਝੈਲ ਨੇ ਵੀ ਹਾਜ਼ਰ ਸੰਗਤਾਂ ਨੂੰ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਸੇਵਾ ਗੁਰਤੇਜ ਸਿੰਘ ਵੈਲਿੰਗਟਨ ਨੇ ਨਿਭਾਈ।
ਇਸ ਮੌਕੇ ਨਿਊਜ਼ੀਲੈਂਡ ਕਾਉਂਸਲ ਔਫ ਸਿੱਖ ਅਫੇਅਰਜ਼ ਵੱਲੋਂ ਉਨ੍ਹਾਂ ਦੇ ਉੱਘੇ ਫਾਊਂਡਰ ਮੈਂਬਰ ਸ. ਰਾਮ ਸਿੰਘ ਅਤੇ ਮਰਨ ਉਪਰੰਤ ਸਵ. ਕਰਨੈਲ ਸਿੰਘ ਜੀ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਡਾਕਟਰ ਸ. ਮਿਮਪਾਲ ਸਿੰਘ ਦੇ ਸਨਮਾਨ ਵਿੱਚ 30 ਨਵੰਬਰ ਦਿਨ ਸ਼ਨੀਵਾਰ ਦੀ ਸ਼ਾਮ ਨੂੰ ਐਨੂਅਲ ਐਵਾਰਡਜ਼ ਗਾਲਾ ਡਿਨਰ ਸਮਾਰੋਹ ਆਕਲੈਂਡ ਦੇ ਓਟਾਰਾ ‘ਚ ਸਥਿਤ ਓਟਾਰਾ ਮਿਊਜ਼ਿਕ ਆਰਟ ਸੈਂਟਰ ਵਿਖੇ ਕਰਵਾਇਆ ਗਿਆ ਸੀ। ਇਸ ਸਮਾਗਮ ‘ਚ ਮੁੱਖ ਮਹਿਮਾਨ ਡਾ. ਮਿਮਪਾਲ ਸਿੰਘ ਤੋਂ ਇਲਾਵਾ ਪਾਕਿਸਤਾਨ ਦੇ ਹਾਈ ਕਮਿਸ਼ਨਰ ਡਾ. ਫੈਜ਼ਲ ਅਜ਼ੀਜ਼ ਅਹਿਮਦ, ਸਾਬਕਾ ਲਿਸਟ ਐਮਪੀ ਕੰਵਲਜੀਤ ਸਿੰਘ ਬਖਸ਼ੀ, ਓਟਾਰਾ ਪਾਪਾਟੋਏਟੋਏ ਕੌਂਸਲ ਮੈਂਬਰ ਐਲਵਰਟ ਲਿਮ, ਐਨਜ਼ੈੱਡਸੀਐੱਸਏ ਵੱਲੋਂ ਤੇਜਵੀਰ ਸਿੰਘ ਚੇਅਰਮੈਨ, ਗੁਰਤੇਜ ਸਿੰਘ ਵੈਲਿੰਗਟਨ, ਰਾਮ ਸਿੰਘ, ਰਾਣਾ ਜੱਜ, ਬਿਕਰਮ ਸਿੰਘ ਮਝੈਲ, ਮਲਕੀਤ ਸਿੰਘ, ਸ. ਸੁਖਦੀਪ ਸਿੰਘ, ਭਾਈ ਸੁਰਿੰਦਰ ਸਿੰਘ, ਸ. ਕਲਸੀ, ਡਾ. ਪ੍ਰੀਤ, ਗੁਰਦੀਪ ਸਿੰਘ, ਸ. ਅਵਤਾਰ ਸਿੰਘ ਐਂਡਰਿਊ, ਹਰਮਨਪ੍ਰੀਤ ਸਿੰਘ ਸਿੱਖ ਯੂਥ ਦੇ ਮੈਂਬਰ ਆਦਿ ਪਤਵੰਤੇ ਸੱਜਣ ਹਾਜ਼ਰ ਸਨ। ਇਸ ਐਵਾਰਡ ਡਿਨਰ ਦੀ ਕਵਰੇਜ ਕੂਕ ਪੰਜਾਬੀ ਸਮਾਚਾਰ ਵੱਲੋਂ ਕੀਤੀ ਗਈ।