ਸੰਨ 1595 ਈ: ਵਿਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਪਣੇ ਗ੍ਰਹਿ ਅਤੇ ਮਾਤਾ ਗੰਗਾ ਜੀ ਦੀ ਕੁੱਖੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਿੰਡ ਗੁਰੂ ਕੀ ਵਡਾਲੀ ਵਿਖੇ ਪ੍ਰਕਾਸ਼ ਲੈਣ ਦੀ ਖ਼ੁਸ਼ੀ ਵਿਚ ਪਿੰਡ ਦੀ ਜੂਹ ਵਿਚ ਪੰਜ ਖੂਹਾਂ (ਦੋ ਹਰਟਾ, ਤਿੰਨ ਹਰਟਾ, ਚਾਰ ਹਰਟਾ, ਪੰਜ ਹਰਟਾ ਅਤੇ ਛੇ ਹਰਟਾ) ਦੇ ਨਿਰਮਾਣ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ਜ ‘ਬਾਬਾ ਸਹਾਰੀ ਗੁਰੂ ਕਾ ਹਾਲੀ’ ਰੰਧਾਵਾ ਦੀ ਨਿਗਰਾਨੀ ਹੇਠ ਕਰਵਾਏ ਸਨ ਕਿਉਂਕਿ ਓਸ ਸਮੇਂ ਇਸ ਇਲਾਕੇ ’ਚ ਔੜ ਕਾਰਨ ਪਾਣੀ ਦੀ ਬਹੁਤ ਘਾਟ ਸੀ । ਇਨ੍ਹਾਂ ਪੰਜਾਂ ਖੂਹਾਂ ’ਚ ਕਈ ਹਰਟੇ ਚੱਲਣ ਨਾਲ ਸਾਰੇ ਪਾਸੇ ਫਸਲਬਾੜੀ ਦੀਆਂ ਲਹਿਰਾਂ ਬਹਿਰਾਂ ਹੋ ਗਈਆਂ । ਛੇ ਹਰਟਾਂ ਵਾਲੇ ਖੂਹ ਦੇ ਨਾਮ ’ਤੇ ਹੀ ਕਸਬੇ ਦਾ ਨਾਮ ‘ਛੇਹਰਟਾ’ ਪ੍ਰਸਿੱਧ ਹੋ ਗਿਆ ਹੈ । ਸੰਨ 1598 ਈ: ਵਿਚ ਪੰਚਮ ਗੁਰੂ ਜੀ ਨੇ ਛੇਹਰਟਾ ਖੂਹ ਨੂੰ ਬਸੰਤ ਰੁੱਤ ਵਿਚ ਆਉਂਦੀ ਪੰਚਮੀ ਵਾਲੇ ਦਿਨ ਚਾਲੂ ਕੀਤਾ ਸੀ ਜਿਸ ਕਰਕੇ ਇਸ ਮਹੀਨੇ ਆਉਂਦੀ ਪੰਚਮੀ ਨੂੰ ‘ਬਸੰਤ ਪੰਚਮੀ’ ਕਿਹਾ ਜਾਂਦਾ ਹੈ ।
ਗੁ: ਸ੍ਰੀ ਛੇਹਰਟਾ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਸਾਲਾਨਾ ਬਸੰਤ ਪੰਚਮੀ ਦੇ ਜੋੜ ਮੇਲੇ ਦੇ ਇਤਿਹਾਸ ਦਾ ਪਿਛੋਕੜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸਬੰਧਤ ਹੈ ਭਾਵ ਪੰਚਮ ਗੁਰੂ ਜੀ ਦੇ ਸਮੇਂ ਤੋਂ ਹੀ ਸੰਗਤਾਂ ਹਰੇਕ ਮਹੀਨੇ ਦੀ ਪੰਚਮੀ ’ਤੇ ਇਸ ਛੇ ਹਰਟਾ ਭਾਵ 6 ਮਾਹਲਾਂ ਵਾਲੇ ਇਤਿਹਾਸਕ ਖੂਹ ’ਤੇ ਆ ਕੇ ਦਰਸ਼ਨ ਇਸ਼ਨਾਨ ਕਰਕੇ ਮੁਰਾਦਾਂ ਪੂਰੀਆਂ ਕਰਦੀਆਂ ਆ ਰਹੀਆਂ ਹਨ । ਸੰਸਾਰ ਦੇ ਇਤਿਹਾਸ ਵਿਚ ਇੱਕੋ ਖੂਹ ’ਤੇ ਛੇ ਮਾਹਲਾਂ (ਹਰਟ) ਚਲਾਉਣ ਦੀ ਇਤਿਹਾਸਕ ਘਟਨਾ ਪਹਿਲੀ ਵਾਰ ਵਾਪਰੀ ਕਿ ਗੁਰੂ ਜੀ ਨੇ ਖੇਤੀ ਨੂੰ ਸਿੰਜਣ ਲਈ ਇੱਕੋ ਖੂਹ ’ਤੇ ਛੇ ਮਾਹਲਾਂ (ਪਰਸ਼ੀਅਨ ਵੀਲ) ਚਲਾ ਦਿੱਤੀਆਂ । ਸੋ ਗੁਰੂ ਜੀ ਵੱਲੋਂ ਛੇਹਰਟਾ ਖੂਹ ਨੂੰ ਦਿੱਤੀਆਂ ਬਖਸ਼ਿਸ਼ਾਂ ਕਰਕੇ ਸੰਗਤਾਂ ਵੱਲੋਂ ਹਰੇਕ ਮਹੀਨੇ ਆਉਂਦੀ ਪੰਚਮੀ ’ਤੇ ਇਸ਼ਨਾਨ ਕਰਕੇ ਔਲਾਦ ਲਈ ਅਰਦਾਸਾਂ ਬੇਨਤੀਆਂ ਕਰਵਾਈਆਂ ਜਾਂਦੀਆਂ ਹਨ। ਪੰਚਮ ਗੁਰੂ ਜੀ ਨੇ ਗੁਰੂ ਕੀ ਵਡਾਲੀ ਵਿਖੇ ਆਪਣੇ ਗ੍ਰਹਿ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਲੈਣ ਦੀ ਖੁਸ਼ੀ ਵਿੱਚ ਇਸੇ ਅਸਥਾਨ ‘ਤੇ ਹੀ ਅਕਾਲ ਪੁਰਖ ਦੇ ਸ਼ੁਕਰਾਨੇ ਹਿੱਤ “ਸਤਿਗੁਰ ਸਾਚੈ ਦੀਆ ਭੇਜਿ” ਵਾਲੇ ਸ਼ਬਦ ਦੀ ਰਚਨਾ ਕੀਤੀ ਸੀ ਜੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 396 ਅੰਗ ‘ਤੇ ਅੰਕਿਤ ਹੈ।
ਏਸੇ ਅਸਥਾਨ ’ਤੇ ਹੀ ਬਾਅਦ ’ਚ ਪੰਚਮ ਗੁਰੂ ਜੀ ਵੱਲੋਂ ‘ਛੇਹਰਟਾ ਖੂਹ’ ਤਾਮੀਰ ਕਰਵਾਇਆ ਗਿਆ ਸੀ ਜਿਸ ਨੂੰ ਹੁਣ ‘ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਛੇਹਰਟਾ ਖੂਹ ਨੂੰ ਪੰਚਮ ਪਾਤਸ਼ਾਹ ਜੀ ਨੇ ਵਰ ਦਿੱਤਾ ਕਿ ਜਿਸ ਇਸਤਰੀ ਦੇ ਘਰ ਕੋਈ ਧੀ-ਪੁੱਤ ਨਾ ਹੋਇਆ ਹੋਵੇ ਜਾਂ ਔਲਾਦ ਨਾ ਬੱਚਦੀ ਹੋਵੇ ਤਾਂ ਇਸ ਖੂਹ ‘ਤੇ ਆ ਕੇ 12 ਪੰਚਮੀਆਂ ਇਸ਼ਨਾਨ ਕਰਕੇ ਗੁਰਬਾਣੀ ਪੜੇ, ਬੰਦਗੀ ਕਰੇ ਅਤੇ “ਸਤਿਗੁਰ ਸਾਚੈ ਦੀਆ ਭੇਜਿ” ਵਾਲੇ ਸ਼ਬਦ ਦਾ ਦਿਨ ਰਾਤ ਜਾਪ ਕਰੇ ਤਾਂ ਉਸ ਨੂੰ ਔਲਾਦ ਦੀ ਬਖਸ਼ਿਸ਼ ਹੋਵੇਗੀ (“ਰਚਿਓ ਛੇਹਰਟਾ ਅਤਿ ਸੁਖਦਾਈ। ਤਾ ਕੀ ਮਹਿਮਾ ਅਧਿਕ ਬਡਾਈ। ਪੁੱਤਰ ਹੇਤੁ ਜੋਉ ਨਾਰੀ ਮਾਸਿ ਮਾਸਿ ਈਹਾਂ ਨਾਏ। ਏਕੁ ਬਰਸਿ ਮਹਿ ਸੁਤਿ ਲਹਿ ਸਤਿਗੁਰ ਅਸਿ ਫੁਰਮਾਇ।” -ਗੁਰ ਬਿਲਾਸ ਪਾਤਸ਼ਾਹੀ ਛੇਵੀਂ ) ਸੋ ਪੰਚਮ ਗੁਰੂ ਜੀ ਦੇ ਦਿੱਤੇ ਵਰ ਸਦਕਾ ਸੰਗਤਾਂ ਆਪਣੀਆਂ ਅਰਦਾਸਾਂ ਪੂਰੀਆਂ ਹੋਣ ’ਤੇ ਸਾਲ ਬਾਅਦ ਭਾਰੀ ਗਿਣਤੀ ਵਿਚ ਬਸੰਤ ਪੰਚਮੀ ’ਤੇ ਆਪਣੇ ਬੱਚਿਆਂ ਦੀਆਂ ਸੁੱਖਣਾ ਪੂਰੀਆਂ ਕਰਨ ਆਉਂਦੀਆਂ ਹਨ। ਗੁਰਦੁਆਰਾ ਸਾਹਿਬ ਦੇ ਸਰੋਵਰ ’ਚ ਛੇਹਰਟਾ ਖੂਹ ’ਚੋਂ ਪੈਂਦੇ ਜਲ ਨਾਲ ਸੰਗਤਾਂ ਇਸ਼ਨਾਨ ਕਰਦੀਆਂ ਹਨ।
Columns ਗੁ: ਸ੍ਰੀ ਛੇਹਰਟਾ ਸਾਹਿਬ ਦੀ ਬਸੰਤ ਪੰਚਮੀ ਦਾ ਇਤਿਹਾਸ