ਪ੍ਰਧਾਨ ਮੰਤਰੀ ਮੋਦੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਲਕਸਨ ਨੂੰ ਭਾਰਤ ਵਿਰੋਧੀ ਗੈਰ-ਕਾਨੂੰਨੀ ਗਤੀਵਿਧੀਆਂ ਬਾਰੇ ਆਪਣੀ ਚਿੰਤਾ ਜਤਾਈ

ਨਵੀਂ ਦਿੱਲੀ, 17 ਮਾਰਚ – ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਥੇ ਦੇ ਹੈਦਰਾਬਾਦ ਹਾਊਸ ਵਿਖੇ ਮਹੱਤਵਪੂਰਨ ਮੁਲਾਕਾਤ ਕੀਤੀ। ਜਿਸ ਵਿੱਚ ਦੋਵਾਂ ਨੇ ਆਪਸੀ ਨੇੜਲੇ ਸਹਿਯੋਗ ਵਧਾਉਣ ਦਾ ਵਾਅਦਾ ਕੀਤਾ। ਇਸ ਮੁਲਾਕਾਤ ਤੋਂ ਬਾਅਦ ਸਾਂਝੀ ਪ੍ਰੈੱਸ ਵਾਰਤਾ ਵੀ ਕੀਤੀ ਗਈ। ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਜਿੱਥੇ ਲਗਭਗ ਹਰ ਖੇਤ ਵਿੱਚ ਸਹਿਯੋਗ ਦੀ ਗੱਲ ਕੀਤੀ ਉੱਥੇ ਹੀ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਕੋਲ ਨਿਊਜ਼ੀਲੈਂਡ ਵਿੱਚ ‘ਕੁੱਝ ਗੈਰ-ਕਾਨੂੰਨੀ ਤੱਤਾਂ ਦੁਆਰਾ ਭਾਰਤ ਵਿਰੋਧੀ ਗਤੀਵਿਧੀਆਂ’ ਦਾ ਦੋਸ਼ ਲਗਾਇਆ, ਜੋ ਕਿ ਭਾਰਤ ਵਿੱਚ ਪਾਬੰਦੀਸ਼ੁਦਾ ਸਿੱਖ ਕਾਰਕੁਨ ਸਮੂਹ ਦਾ ਹਵਾਲਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਦੇ ਆਖ਼ਿਰ ਵਿੱਚ ਇਹ ਕਹਿ ਕਿ ਦੋਵੇਂ ਦੇਸ਼ ਅਤਿਵਾਦੀਆਂ, ਵੱਖਵਾਦੀਆਂ ਅਤੇ ਕੱਟੜਪੰਥੀ ਤੱਤਾਂ ਵਿਰੁੱਧ ਸਹਿਯੋਗ ਕਰਨਗੇ। ਜਦੋਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਨਿਊਜ਼ੀਲੈਂਡ ਸਰਕਾਰ ਕਾਰਵਾਈ ਕਰੇਗੀ।
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਲਕਸਨ ਨੇ ਬਾਅਦ ਵਿੱਚ ਮੀਡੀਆ ਨੂੰ ਕਿਹਾ ਕਿ ਅਸੀਂ ਭਾਰਤ ਦੇ ਪ੍ਰਭੂਸੱਤਾ ਖੇਤਰ ਅਤੇ ਪ੍ਰਭੂਸੱਤਾ ਦਾ ਸਤਿਕਾਰ ਕਰਦੇ ਹਾਂ ਪਰ ਸਪਸ਼ਟ ਤੌਰ ‘ਤੇ ਸਾਡੇ ਕੋਲ ਨਿਊਜ਼ੀਲੈਂਡ ਵਿੱਚ ਬੋਲਣ ਦੀ ਆਜ਼ਾਦੀ ਵੀ ਹੈ। ਜਦੋਂ ਮੋਦੀ ਦੇ ਸੁਝਾਅ ਬਾਰੇ ਸਵਾਲ ਉਠਾਏ ਗਏ ਕਿ ਨਿਊਜ਼ੀਲੈਂਡ ਗੈਰ-ਕਾਨੂੰਨੀ ਗਤੀਵਿਧੀ ਦੇ ਵਿਰੁੱਧ ਕਾਰਵਾਈ ਵਿੱਚ ਭਾਰਤ ਦੀ ਹਮਾਇਤ ਕਰੇਗਾ, ਤਾਂ ਲਕਸਨ ਨੇ ਫਿਰ ਆਪਣੀ ਸਥਿਤੀ ਦੁਹਰਾਈ। ਉਨ੍ਹਾਂ ਕਿਹਾ ਮੈਂ ਪ੍ਰਧਾਨ ਮੰਤਰੀ ਮੋਦੀ ਦੇ ਨੁਕਤੇ ਨੂੰ ਸਮਝਦਾ ਹਾਂ ਪਰ ਨਿਊਜ਼ੀਲੈਂਡ ਦੇ ਦ੍ਰਿਸ਼ਟੀਕੋਣ ਤੋਂ ਸਾਡੇ ਕੋਲ ਬੋਲਣ ਦੀ ਆਜ਼ਾਦੀ (ਫ੍ਰੀਡਮ ਆਫ਼ ਸਪੀਚ) ਦੇ ਬਹੁਤ ਮਜ਼ਬੂਤ ਕਾਨੂੰਨ ਹਨ ਅਤੇ ਸਾਡੇ ਕੋਲ ਇਸ ਨੂੰ ਲਾਗੂ ਕਰਨ ਲਈ ਇੱਕ ਬਹੁਤ ਵਧੀਆ ਪੁਲਿਸ ਫੋਰਸ ਹੈ। ਹਰ ਇੱਕ ਨੂੰ ਆਪਣੀ ਗੱਲ ਰੱਖਣ ਦੀ ਆਜ਼ਾਦੀ ਹੈ। ਕਾਨੂੰਨ ਦੇ ਦਾਇਰੇ ਅੰਦਰ ਹੋਣ ਵਾਲੇ ਪ੍ਰਦਰਸ਼ਨਾਂ ‘ਤੇ ਨਿਊਜ਼ੀਲੈਂਡ ਦੇ ਕਾਨੂੰਨ ਮੁਤਾਬਿਕ ਕਾਰਵਾਈ ਨਹੀਂ ਹੋ ਸਕਦੀ।