ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਟੂਰਿਸਟ ਸਥਾਨ ਉੱਤੇ ਹੋਏ ਅਤਿਵਾਦੀ ਹਮਲੇ ‘ਚ 27 ਸੈਲਾਨੀਆਂ ਸਣੇ ਦੋ ਸਥਾਨਕ ਵਿਅਕਤੀ ਦੀ ਮੌਤ

ਸ੍ਰੀਨਗਰ (ਜੰਮੂ-ਕਸ਼ਮੀਰ), 22 ਅਪ੍ਰੈਲ – ਇੱਥੇ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਟੂਰਿਸਟ ਸਥਾਨ ਉੱਤੇ ਮੰਗਲਵਾਰ ਸ਼ਾਮੀਂ ਹੋਏ ਅਤਿਵਾਦੀ ਹਮਲੇ ‘ਚ 27 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਬਹੁਗਿਣਤੀ ਸੈਲਾਨੀ ਦੱਸੇ ਜਾਂਦੇ ਹਨ। ਇਸ ਦੇ ਨਾਲ ਇਹ ਖ਼ਬਰਾਂ ‘ਚ ਵੀ ਕਿਹਾ ਜਾ ਰਿਹਾ ਹੈ ਕਿ ਮ੍ਰਿਤਕਾਂ ਵਿੱਚ ਦੋ ਵਿਦੇਸ਼ੀ ਤੇ ਦੋ ਸਥਾਨਕ ਵਿਅਕਤੀ ਵੀ ਸ਼ਾਮਲ ਹਨ।
ਖ਼ਬਰਾਂ ਦੇ ਮੁਤਾਬਿਕ ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਅਧਾਰਿਤ ਪਾਬੰਦੀਸ਼ੁਦਾ ਅਤਿਵਾਦੀ ਸਮੂਹ ਲਸ਼ਕਰ-ਏ-ਤਇਬਾ ਨਾਲ ਸਬੰਧਿਤ ਸਮੂਹ ਦਿ ਰਜ਼ਿਸਟੈਂਸ ਫ਼ਰੰਟ (TRF) ਨੇ ਲਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਸੰਭਵ ਹੈ ਕਿ ਪੰਜ ਵਿਅਕਤੀਆਂ ਦਾ ਅਤਿਵਾਦੀ ਸਮੂਹ ਜੰਮੂ ਦੇ ਕਿਸ਼ਤਵਾੜ ਤੋਂ ਪਾਰ ਹੋ ਕੇ ਦੱਖਣੀ ਕਸ਼ਮੀਰ ਦੇ ਕੋਕਰਨਾਗ ਰਾਹੀਂ ਬੈਸਰਨ ਪਹੁੰਚਿਆ ਹੋਵੇ।