
ਅੰਮ੍ਰਿਤਸਰ, 28 ਅਪ੍ਰੈਲ – ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਾਲੇ ਸੱਚਖੰਡਵਾਸੀ ਬਾਬਾ ਲਾਭ ਸਿੰਘ ਦੇ ਨਜ਼ਦੀਕੀ ਸੇਵਕ ਅਤੇ ਕਾਰ ਸੇਵਾ ਗੁ: ਗੁਰੂ ਕੇ ਮਹਿਲ ਅੰਮ੍ਰਿਤਸਰ ਦੇ ਇੰਚਾਰਜ ਬਾਬਾ ਵਾਹਿਗੁਰੂ ਸਿੰਘ ਦੀ ਅੰਤਿਮ ਅਰਦਾਸ 19 ਅਪ੍ਰੈਲ ਨੂੰ ਬਾਬਾ ਸੇਵਾ ਸਿੰਘ ਹਾਲ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਵਿਖੇ ਹੋਈ। ਪਰਿਵਾਰ ਵੱਲੋਂ ਰਖਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕੀਰਤਨੀ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਅਰਦਾਸ ਅਤੇ ਹੁਕਮਨਾਮੇ ਤੋਂ ਬਾਅਦ ਜਿੱਥੇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ ਮੌਜੂਦਾ ਮੁੱਖੀ ਬਾਬਾ ਸੁੱਚਾ ਸਿੰਘ ਵੱਲੋਂ ਬਾਬਾ ਵਾਹਿਗੁਰੂ ਸਿੰਘ ਦੇ ਬੇਟੇ ਤਜਿੰਦਰਪਾਲ ਸਿੰਘ ਨੂੰ ਦਸਤਾਰ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸਿਰੋਪਾਓ ਦਿੱਤੇ ਗਏ, ਓਥੇ ਬਾਬਾ ਬੁੱਢਾ ਸਾਹਿਬ ਜੀ ਦੀ 10ਵੀਂ ਪੀੜ੍ਹੀ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾਇ ਬਾਬਾ ਬੁੱਢਾ ਵੰਸ਼ਜ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ, ਗੁਰੂ ਕੀ ਵਡਾਲੀ-ਛੇਹਰਟਾ) ਵੱਲੋਂ ਵੀ ਬਾਬਾ ਵਾਹਿਗੁਰੂ ਸਿੰਘ ਬੇਟੇ ਤਜਿੰਦਰਪਾਲ ਸਿੰਘ ਨੂੰ ਗੁਰੂ ਜੀ ਦੀ ਬਖ਼ਸ਼ਿਆ ਸਿਰੋਪਾਓ ਦਿੱਤਾ ਗਿਆ। ਬਾਬਾ ਵਾਹਿਗੁਰੂ ਸਿੰਘ ਦੀ ਅੰਤਿਮ ਅਰਦਾਸ ‘ਤੇ ਸਾਕਾ ਸੰਬੰਧੀਆਂ ਤੋਂ ਇਲਾਵਾ ਵੱਖ ਵੱਖ ਸੰਪਰਦਾਵਾਂ ਅਤੇ ਅੰਮ੍ਰਿਤਸਰ ਦੀਆਂ ਨਾਮਵਰ ਧਾਰਮਿਕ, ਰਾਜਨੀਤਕ ਸ਼ਖ਼ਸੀਅਤਾਂ ਅਤੇ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ।