ਹੈਮਿਲਟਨ ਵਿਖੇ ਭਾਈਚਾਰੇ ਵਲੋਂ ਸੇਜਲ ਅੱਖਾਂ ਨਾਲ ਸ. ਹਰਬੰਸ ਸਿੰਘ ਰੰਧਾਵਾ ਨੂੰ ਆਖਰੀ ਵਿਦਾਇਗੀ

cof

ਹੈਮਿਲਟਨ, 11 ਅਪ੍ਰੈਲ (ਪਰਮਿੰਦਰ ਸਿੰਘ ਪਾਪਾਟੋਏਟੋਏ) – ਨਿਊਜ਼ੀਲੈਂਡ ਦੇ ਭਾਰਤੀ ਭਾਈਚਾਰੇ ਦੇ ਅਣਥੱਕ ਸਮਾਜ-ਸੇਵੀ ਅਤੇ ਮੋਢੀ ਪੰਜਾਬੀ ਸ਼ਖਸੀਅਤ ਸ.ਹਰਬੰਸ ਸਿੰਘ ਰੰਧਾਵਾ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕਰਦਿਆਂ,ਪੂਰੇ ਮਾਣ-ਸਨਮਾਨ ਨਾਲ ਨਿਊਸਟੈਡ ਦੇ ਮੈਮੋਰੀਅਲ ਗਾਰਡਨ ਵਿਖੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ।ਉਹਨਾਂ ਦੀ ਸੁਪਤਨੀ ਬੀਬੀ ਬਖਸ਼ੀਸ਼ ਕੌਰ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਦੌਰਾਨ, ਇਸ ਮੌਕੇ ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਉਹਨਾਂ ਦੇ ਸਰਬ-ਪੱਖੀ ਯੋਗਦਾਨ ਨੂੰ ਚੇਤੇ ਕੀਤਾ ਉੱਥੇ ਉਹਨਾਂ ਦੇ ਪਰਿਵਾਰਕ ਮੈੰਬਰਾਂ ਨੇ ਵੀ ਉਹਨਾਂ ਨਾਲ ਜੁੜੀਆਂ ਯਾਦਾਂ ਦਾ ਸਰਮਾਇਆ, ਦੂਰੋਂ ਨੇੜਿਉਂ ਪੁੱਜੇ ਸ਼ੁੱਭ-ਚਿੰਤਕਾਂ ਨਾਲ ਸਾਂਝਿਆਂ ਕੀਤਾ।ਉਪਰੰਤ ਟੀ-ਰਾਪਾ ਗੁਰੂ ਘਰ ਵਿਖੇ ਧਾਰਮਿਕ ਰਸਮਾਂ ਅਤੇ ਅੰਤਿਮ ਅਰਦਾਸ ਕੀਤੀ ਗਈ।
ਭਾਂਵੇਂ ਕਿ ਉਹਨਾਂ ਦੇ ਸਪੁੱਤਰ ਸ. ਅਜੀਤ ਸਿੰਘ ਆਖਦੇ ਹਨ ਕਿ ਸ. ਰੰਧਾਵਾ ਦੇ ਅਲਵਿਦਾ ਕਹਿਣ ਨਾਲ, ਇੱਕ ਵਿਸ਼ੇਸ਼ ਅਧਿਆਇ ਦੀ ਸਮਾਪਤੀ ਹੋ ਗਈ ਹੈ ਪਰ ਪੂਰਾ ਪਰਿਵਾਰ ਅਤੇ ਪੂਰਾ ਭਾਈਚਾਰਾ ਇਸ ਮੌਕੇ ਉਹਨਾਂ ਦੁਆਰਾ ਦਿੱਤੀ ਗਈ ਸੇਧ ਮੁਤਾਬਕ ਭੱਵਿਖ ਦੀਆਂ ਚੁਣੌਤੀਆਂ ਅਤੇ ਪ੍ਰਾਪਤੀਆਂ ਪ੍ਰਤੀ ਆਸਵੰਦ ਰਹੇਗਾ। ਜ਼ਿਕਰਯੋਗ ਹੈ ਕਿ 1928 ਵਿੱਚ ਜਲੰਧਰ ਜ਼ਿਲੇ ਵਿੱਚ ਜਨਮੇ ਅਤੇ 1949 ਵਿੱਚ New Zealand ਆਣ ਪਹੁੰਚੇ ਸ. ਰੰਧਾਵਾ ਨੇ ਸਮਾਜਿਕ ਅਤੇ ਧਾਰਮਿਕ ਖੇਤਰਾਂ ਵਿੱਚ ਵੱਡਮੁਲੇ ਯਤਨ ਕਰਦਿਆਂ ਭਾਰਤੀ/ਪੰਜਾਬੀ ਭਾਈਚਾਰੇ ਨੂੰ ਬਣਦਾ ਮਾਣ ਦਿਵਾਇਆ।