ਵਲਿੰਗਟਨ ਅਤੇ ਕ੍ਰਾਈਸਟਚਰਚ ਹਵਾਈ ਅੱਡੇ ’ਤੇ ਅੱਪੜਨ ਵਾਲੇ ਯਾਤਰੀਆਂ ਲਈ ਸ਼ੁਰੂ ਹੋਈ ਸੁਵਿਧਾ
24 ਘੰਟੇ ਪਹਿਲਾਂ, ਜਹਾਜ਼ ‘ਚ ਜਾਂ ਪਹੁੰਚ ਕੇ ਪਾਸਪੋਰਟ ਚੈਕ ਤੋਂ ਪਹਿਲਾਂ ਵੀ ਭਰਿਆ ਜਾ ਸਕੇਗਾ
ਆਕਲੈਂਡ, 11 ਜੁਲਾਈ (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਕਸਟਮ ਵਿਭਾਗ ਵੱਲੋਂ ਵਲਿੰਗਟਨ ਸ਼ਹਿਰ ਅਤੇ ਕ੍ਰਾਈਸਟਚਰਚ ਸ਼ਹਿਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਪਹੁੰਚਣ ਵਾਲੇ ਯਾਤਰੀਆਂ ਦੇ ਲਈ ਕਾਗਜ਼ ਉਤੇ ਛਪਿਆ ਪਹੁੰਚ ਕਾਰਡ (ਪੇਪਰ ਅਰਾਈਵਲ ਕਾਰਡ) ਹੁਣ ਡਿਜ਼ੀਟਲ ਵੀ ਕਰ ਦਿੱਤਾ ਗਿਆ ਹੈ। ਇਸ ਦੇ ਲਈ ਵੈਬਸਾਈਟ www.travellerdeclaration.govt.nz ਉਤੇ ਜਾਇਆ ਜਾ ਸਕਦਾ ਹੈ। ਐਪਲ ਅਤੇ ਐਂਡਰਿਉਡ ਫੋਨਾਂ ਵਾਸਤੇ ਐਪਲੀਕੇਸ਼ਨ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ।
ਕਿਸੇ ਹੋਰ ਦੇਸ਼ ਤੋਂ ਨਿਊਜ਼ੀਲੈਂਡ ਦਾਖਲ ਹੋਣ ਵਾਲਿਆਂ ਦੇ ਲਈ ਇਹ ਕਾਰਡ ਜਾਂ ਡਿਜ਼ੀਟਲ ਫਾਰਮ ਭਰਨਾ ਜ਼ਰੂਰੀ ਹੁੰਦਾ ਹੈ। ਬੱਚਿਆਂ ਦੇ ਲਈ ਵੀ ਇਹ ਭਰਨਾ ਹੁੰਦਾ ਹੈ। ਲੋਕਾਂ ਨੂੰ ਕਿਸੇ ਵੈਕਸੀਨੇਸ਼ਨ ਦਾ ਸਰਟੀਫਿਕੇਟ ਅੱਪਲੋਡ ਕਰਨ ਦੀ ਜਰੂਰਤ ਨਹੀਂ ਹੈ। ਨਾ ਹੀ ਅਜਿਹਾ ਪਿ੍ਰੰਟ ਕੋਲ ਰੱਖਣ ਦੀ ਲੋੜ ਹੈ। ਇਹ ਡਿਜ਼ੀਟਲ ਡੈਕਲਾਰੇਸ਼ਨ (Arrival Card) (ਪਹੁੰਚ ਕਾਰਡ) ਫਲਾਈਟ ਤੋਂ 24 ਘੰਟੇ ਪਹਿਲਾਂ ਭਰਿਆ ਜਾ ਸਕਦਾ ਹੈ। ਇਸ ਫਾਰਮ ਨੂੰ ਭਰਨ ਲਈ ਲਗਭਗ 10 ਮਿੰਟ ਦਾ ਸਮਾਂ ਲਗਦਾ ਹੈ। ਨੈਟ ਹੋਵੇ ਤਾਂ ਇਹ ਫਾਰਮ ਫਲਾਈਟ ਦੌਰਾਨ ਵੀ ਭਰਿਆ ਜਾ ਸਕਦਾ ਹੈ। ਜਿਹੜੇ ਲੋਕ ਡਿਜ਼ੀਟਲ ਕਾਰਡ ਨਹੀਂ ਭਰ ਸਕਦੇ ਹੋਣਗੇ ਉਨ੍ਹਾਂ ਨੂੰ ਅਜੇ ਕਾਗਜ਼ ਵਾਲਾ ਕਾਰਡ ਵੀ ਜਹਾਜ਼ ਵਿਚ ਦਿੱਤਾ ਜਾਂਦਾ ਰਹੇਗਾ ਭਵਿੱਖ ਵਿਚ ਹੋ ਸਕਦਾ ਹੈ ਕਿ ਇਹ ਸਿਰਫ ਹਵਾਈ ਅੱਡੇ ਉਤੇ ਹੀ ਉਪਲਬਧ ਹੋਇਆ ਕਰੇਗਾ। ਕਾਰਡ ਉਤੇ ਕਿਸੇ ਗਲਤ ਭਰੀ ਜਾਣਕਾਰੀ ਲਈ ਯਾਤਰੀ ਜ਼ਿੰਮੇਵਾਰ ਹੋਵੇਗਾ ਚਾਹੇ ਉਹ ਫਾਰਮ ਕਿਸੀ ਹੋਰ ਕੋਲੋਂ ਸਹਾਇਤਾ ਲੈ ਕੇ ਭਰਾਇਆ ਗਿਆ ਹੋਵੇਗਾ। ਇਸ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਕੋਲੋਂ ਜਾਂ ਦੋਸਤਾਂ ਕੋਲੋਂ ਹੀ ਭਰਾਇਆ ਜਾਵੇ ਤਾਂ ਚੰਗਾ ਹੈ। ਇਕ ਵਾਰ ਫਾਰਮ ਭਰਨ ਉਤੇ ਅੱਪਡੇਟ ਵੀ ਕੀਤਾ ਜਾ ਸਕਦਾ ਹੈ। ਇਸਦੇ ਲਈ ਰੈਫਰੈਂਸ ਨੰਬਰ ਅਤੇ ਈਮੇਲ ਐਡਰੈਸ ਦੀ ਲੋੜ ਪਵੇਗੀ। ਰੈਫਰੈਂਸ ਨੰਬਰ ਈਮੇਲ ਉਤੇ ਆਵੇਗਾ।
ਕਿਹੜੀ ਜਾਣਕਾਰੀ ਦੀ ਪਵੇਗੀ ਲੋੜ?: ਫਾਰਮ ਭਰਨ ਵੇਲੇ ਪਾਸਪੋਰਟ ਵੇਰਵਾ, ਫੋਨ ਨੰਬਰ, ਈਮੇਲ ਪਤਾ, ਪਿਛਲੇ 30 ਦਿਨਾਂ ਦਾ ਯਾਤਰਾ ਇਤਿਹਾਸ, ਫਲਾਈਟ ਨੰਬਰ ਜਾਣਕਾਰੀ, ਨਿਊਜ਼ੀਲੈਂਡ ਅੰਦਰ ਕਿਹੜੀ ਵਸਤੂ ਲਿਆ ਰਹੇ ਹੋ, ਚਾਹੇ ਉਹ ਚੈਕਡ-ਇਨ ਲਗੇਜ਼ ਵਿਚ ਹੋਵੇ ਚਾਹੇ ਉਹ ਕੈਰੀ ਆਨ ਬੈਗ (ਹੱਥ ਬੈਗ) ਵਿਚ ਹੋਵੇ। ਇਸ ਤੋਂ ਇਲਾਵਾ ਵੀਜ਼ਾ ਕਿਹੜਾ ਹੈ? ਸਮੇਤ ਐਨ. ਜ਼ੈਡ. ਈ.ਟੀ.ਏ (ਵੀਜ਼ਾ ਮੁਕਤ ਦੇਸ਼ਾਂ ਦੇ ਵਸਨੀਕਾਂ ਲਈ ਇਲੈਕਟ੍ਰਾਨਿਕ ਪ੍ਰਵਾਨਗੀ) ਬਾਬਤ ਵੀ ਪੁਛਿਆ ਜਾਵੇਗਾ। ਇਸ ਪਹੁੰਚ ਕਾਰਡ ਨੂੰ ਕਾਨੂੰਨੀ ਫਾਰਮ ਮੰਨਿਆ ਜਾਵੇਗਾ ਅਤੇ ਕਿਸੇ ਪ੍ਰਕਾਰ ਦਾ ਵਰਜਿਤ ਸਮਾਨ ਲਿਆਉਣ ਉਤੇ ਘੱਟੋ-ਘੱਟ 400 ਡਾਲਰ ਦਾ ਜ਼ੁਰਮਾਨਾ ਕੀਤਾ ਜਾਵੇਗਾ ਅਤੇ ਬਾਕੀ ਹੋਰ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।
Home Page Paper Arrival Card goes digital: ਪਹੁੰਚ ਕਾਰਡ ਹੋਇਆ ਡਿਜ਼ੀਟਲ